ਜੱਸੀ ਸੰਘਾ ਦੀਆਂ ਪੰਜ ਕਾਵਿ-ਰਚਨਾਵਾਂ
Posted on:- 03-12-2014
(1)
ਲਫ਼ਜ਼ ਉਧਾਰੇ ਦੇ ਦਿਓ ਕੋਈ
ਰੂਹ ਕਿਉਂ ਮੇਰੀ ਮੂਕ ਪਈ ਏ
ਆ ਕੇ ਤੂੰ ਹਲੂਣ ਜਗਾ ਦੇ
ਕਦ ਤੋਂ ਸੁੱਤੀ ਘੂਕ ਪਈ ਏ
ਅੱਗ ਉਧਾਰੀ ਦੇ ਦਿਉ ਕੋਈ
ਰੂਹ ਤਾਂ ਠੰਡੀ ਸੀਤ ਪਈ ਏ
ਹੋਂਠਾਂ ਦੀ ਛੋਹ ਸ਼ਾਇਦ ਜਗਾਵੇ
ਇਹ ਤਾਂ ਅੱਖੀਆਂ ਮੀਟ ਪਈ ਏ
ਮਰਨ ਮਿਟਣ ਦੀ ਇਹਨੇ ਠਾਣੀ
ਹਿਜਰਾਂ ਦਾ ਸੱਪ ਡੱਸ ਗਿਆ ਏ
ਜ਼ਹਿਰ ਉਤਾਰਣ ਵਾਲਾ ਮਣਕਾ
ਖੌਰੇ ਕਿੱਥੇ ਵਸ ਗਿਆ ਏ ...
ਅੱਗ,ਲਫ਼ਜ਼ ਤੇ ਮਣਕਾ ਤੂੰ ਸੀ
ਤੂੰ ਸ਼ਾਇਦ ਪਹਿਚਾਣ ਨਾ ਪਾਇਆ
ਜਾਂ ਫੇਰ ਮੇਰਾ ਜ਼ਿਹਨ ਕੁਪੱਤਾ
ਤੇਰੀ ਕੀਮਤ ਜਾਣ ਨਾ ਪਾਇਆ
ਨਾ ਤੂੰ ਪੂਰਾ,ਨਾ ਮੈਂ ਪੂਰੀ
ਪਾਪੀ ਅੱਗ ਵਿੱਚ ਸਾੜ ਦੇ ਮੈਨੂੰ
ਜੁਦਾ ਰਹਿ ਤੂੰ ਤਿਲ ਤਿਲ ਮਾਰ ਨਾ
ਉਂਝ ਹੀ ਸੂਲੀ ਚਾੜ੍ਹ ਦੇ ਮੈਨੂੰ...
***
(2)
ਕੋਸੇ ਕੋਸੇ ਖ਼ਾਰੇ ਹੰਝੂਆਂ ਦੇ ਰੂਪ ਵਿੱਚ
ਕੁਝ ਤਾਂ ਕਿਰ ਰਿਹਾ ਐ
ਮੇਰੇ ਨੈਣਾਂ ਦੀ ਸੁਰਾਹੀ ਵਿੱਚੋਂ ...
ਤੇਰਾ ਆਪਣਾਪਣ
ਜਾਂ ਫੇਰ
ਸ਼ਾਇਦ ਆਪਣਿਆਂ ਦੀ ਬੇਗ਼ਾਨਗੀ...
***
(3)
ਕਿੰਨਾ ਨਜ਼ਦੀਕ ਹੁੰਦਿਆਂ ਵੀ ਤੂੰ ਕਿੰਨਾ ਦੂਰ ਏਂ
ਤੇ ਦੂਜੇ ਹੀ ਪਲ਼ ਕਿੰਨੀ ਦੂਰ ਹੁੰਦਿਆਂ ਵੀ
ਤੂੰ ਕਿੰਨਾ ਕੋਲ਼ ਏਂ...
ਬਿਲਕੁਲ ਦਿਨ ਤੇ ਰਾਤ ਦੇ ਰਿਸ਼ਤੇ ਵਾਂਗ...!!!
ਤੂੰ ਕਦੇ ਦਿਨ ਏਂ
ਤੇ
ਕਦੇ ਰਾਤ....
ਤੇ ਮੈਂ ?????
ਮੈਂ........
ਉਹੀ ਆਥਣ,
ਜਿਹੜੀ ਤੈਨੂੰ ਤੇਰੇ ਨਾਲ ਮਿਲਾਉਂਦੀ
ਆਪਣੀ ਹੋਂਦ ਈ ਭੁਲਾ ਬੈਠਦੀ ਐ...!!
***
(4)
ਮੇਰੇ ਜਾਏ ਲਫ਼ਜ਼
ਕਿੰਨੀ ਦਫ਼ਾ ਮੇਰੇ ਜਾਏ ਹਰਫ਼
ਕਿਸੇ ਅੱਖੜੀ ਔਲਾਦ ਵਾਂਗ,
ਮੈਨੂੰ ਬਿਨਾਂ ਵਜਾ ਠੁਕਰਾਉਂਦੇ ਨੇ
ਤੇ ਫੇਰ ਆਪ ਹੀ
ਸਵੀਕਾਰ ਕੇ ਗਲੇ ਲਗਾਉਂਦੇ ਨੇ...
ਕਿੰਨੀ ਵਾਰ ਮੈਨੂੰ ਗੂੜੀ ਨੀਂਦ ਸੁੱਤੀ ਨੂੰ
ਡਰਾਉਣੇ ਖ਼ਾਬ ਵਾਂਗ ਜਗਾ ਦਿੰਦੇ ਨੇ..
ਤੇ ਕਿੰਨੀ ਵਾਰ ਹਿੱਕ ਨਾਲ ਲਾ ਕੇ
ਲੋਰੀਆਂ ਦੇ ਦੇ ਸਵਾਉਂਦੇ ਨੇ...
ਕਦੇ ਮੇਰੀਆਂ ਗੁਸਤਾਖ਼ੀਆਂ ਤੋਂ ਜਾਣੂੰ ਹੋ ਕੇ ਵੀ
ਮੇਰੇ ਹੱਕ 'ਚ ਗਵਾਹੀਆਂ ਭੁਗਤਾਉਂਦੇ ਨੇ...
ਤੇ ਕਿੰਨੀ ਵਾਰ ਮੈਨੂੰ ਹੀ ਸੱਚ ਦੇ ਕਟਿਹਰੇ 'ਚ ਖੜਾ ਕੇ
ਸੱਚੀ ਨੂੰ ਵੀ ਝੁਠਲਾਉਣ ਦੀ ਕੋਸ਼ਿਸ਼ ਕਰਦੇ ਨੇ...
ਕਦੇ ਅੱਗ ਦਾ ਭਾਂਬੜ ਬਣ
ਮੇਰੇ ਠੰਡੇ ਯਖ਼ ਜਜ਼ਬਾਤਾਂ ਨੂੰ ਸੇਕ ਦਿੰਦੇ ਨੇ
ਤੇ ਕਦੇ ਮੇਰੀ ਰੂਹ ਦੀ ਸੁੱਕੀ ਬੰਜਰ ਜ਼ਮੀਨ 'ਤੇ
ਸਾਉਣ ਦੀ ਘਟਾ ਵਾਂਗ ਵਰਦੇ ਨੇ...
ਕਿੰਨੇ ਹੁਸੀਨ ਰਿਸ਼ਤਿਆਂ ਦੇ ਵਿਚੋਲੇ ਬਣੇ ਨੇ ਇਹ!!!
ਕਿੰਨੇ ਪਾਕ ਸਾਕਾਂ ਦੀਆਂ ਤਸਵੀਰਾਂ ਉੱਕਰੀਆਂ ਨੇ
ਇਹਨਾਂ ਅੱਖਰਾਂ ਸਦਕਾ!!!!
ਤੇ ਕਈ ਵਾਰ ਜਾਨੋਂ ਪਿਆਰੇ ਰਿਸ਼ਤਿਆਂ ਦੇ ਟੁੱਟਣ ਦਾ ਦਰਦ
ਵੀ ਇਹਨਾਂ ਹੀ ਆਪਣੇ ਉੱਪਰ ਹੰਢਾਇਆ ਐ..
ਕਦੇ ਕਦੇ ਤਾਂ ਲੱਗਦੈ ਕਿ
ਮੇਰੀ ਹੋਂਦ ਈ ਮੇਰੇ ਲਿਖੇ ਅੱਖਰਾਂ ਕਰਕੇ ਐ...
ਤੇ ਕਦੇ ਲੱਗਦੈ ਕਿ ਇਹ ਅੱਖਰ ਮੇਰੇ ਕਰਕੇ ਹੋਂਦ 'ਚ ਆਏ..
ਜੋ ਵੀ ਹੈ, ਨਹੁੰ ਮਾਸ ਦਾ ਰਿਸ਼ਤਾ ਐ ਮੇਰਾ
ਮੇਰੇ ਖ਼ੁਦ ਦੇ ਜਾਏ ਲਫ਼ਜ਼ਾਂ ਨਾਲ,
ਇਹ ਮੇਰੀ ਜ਼ੁਬਾਨ ਨੇ
ਤੇ ਮੈਂ ਇਹਨਾਂ ਦੀ ਬੁੱਤ ਘਾੜੀ...
***
(5)
ਪੰਜਾਬ ਦੀ ਧੀ
ਮੈਂ ਕੌਣ ਹਾਂ?
ਮੈਂ ਕਿਸਦੀ ਹਾਂ??
ਬਾਬੇ ਨਾਨਕ ਦੀ ਧੀ-ਧਿਆਣੀ
ਜਾਂ ਫਿਰ ਬਹਾਦੁਰ ਝਾਂਸੀ ਦੀ ਰਾਣੀ, ਕਲਪਨਾ, ਕਿਰਣ ਬੇਦੀ
ਵਰਗੀ ਕੋਈ ਜਾਣੀ ਪਹਿਚਾਣੀ ਜਾਂਦੀ ਕੁੜੀ..
ਕਿ
ਵਾਰਿਸ,ਪੀਲੂ ਜਾਂ ਫਿਰ ਹਾਸ਼ਿਮ
ਦੇ ਕਿੱਸੇ ਦੀ ਨਾਇਕਾ...
ਜਾਂ ਫਿਰ ਕਿਸੇ ਲਾਲ ਬੱਤੀ ਚੌਰਾਹੇ
'ਚ ਖੜੀ ਬਾਹਰੋਂ ਸਜੀ ਸੰਵਰੀ ਪਰ
ਅੰਦਰੋਂ ਚਕਨਾਚੂਰ ਹੋਈ ਕੋਈ ਅਪਸਰਾ....
ਕਿ ਕਿਸੇ ਸ਼ੌਹਰ ਦੀ ਦੂਜੀ ਜਾਂ ਤੀਜੀ "ਬੇਗ਼ਮ"....
ਨਹੀਂ-- ਨਹੀਂ
ਮੈਂ ਤਾਂ ਆਪਣੀ 'ਅਲੱਗ ਪਹਿਚਾਣ' ਭੁੱਲ ਹੀ ਗਈ!!!!
ਮੈਂ ਤਾਂ "ਪੰਜਾਬ ਦੀ ਧੀ" ਹਾਂ!!
ਉਸ ਪੰਜਾਬ ਦੀ,
ਜਿੱਥੋਂ ਦੇ ਵੱਡ-ਵਡੇਰੇ ਬਾਬੇ ਨਾਨਕ ਨੇ ਮੇਰਾ ਪੱਖ ਪੂਰਿਆ ਸੀ,
ਤੇ ਅੱਜ ਏਨੀ ਤਰੱਕੀ ਤੋਂ ਬਾਅਦ,
ਜਿੱਥੇ ਮੇਰੀ ਕੁੱਖ 'ਚੋਂ ਜੰਮੇ ਹਰ ਰਾਜਾਨੁ ਨੂੰ
ਮੇਰੇ ਬਾਰੇ ਮੰਦਾ ਬੋਲਣ ਦੀ ਨੌਬਤ ਹੀ ਨਹੀਂ ਆਉਂਦੀ,
ਕਿਉਂ ਜੋ "ਹੁਣ ਤਾਂ ਮੇਰਾ ਜਨਮ ਹੀ ਨਹੀਂ ਹੁੰਦਾ"...
ਜਿੱਥੇ ਲੱਖਾਂ ਧੀਆਂ ਦੇ ਵੈਣਾਂ ਦਾ ਵਾਸਤਾ ਦੇ ਕੇ
'ਵਾਰਿਸ' ਨੂੰ ਉਠਾਉਂਦੀ
ਉਹ ਆਪ ਵੀ ਤੁਰ ਗਈ,
ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਸਰਕੀ......।
ਪਰ ਕੁਝ ਸੁਧਾਰ ਹੋਇਐ...
ਪੁਛੋਗੇ ਨਹੀਂ ਕਿਵੇਂ ਤੇ ਕਿਉਂ....
ਹੁਣ
ਮੇਰੇ ਲਈ
"ਕਾਲਾ ਅੱਖਰ ਭੈਂਸ ਬਰਾਬਰ" ਨਹੀਂ ਰਿਹਾ,
ਮੈਨੂੰ ਪੜਾਇਆ ਲਿਖਾਇਆ ਜਾਂਦੈ...
ਪਤਾ ਐ ਕਿਉਂ?????
ਮੈਂ ਪੜੂੰਗੀ
ਤਾਂ ਹੀ ਤਾਂ
ਕਿਸੇ ਬਾਹਰਲੇ ਦੇਸ਼ 'ਚੋਂ ਆਏ ਅਧਖੜ ਨਾਲ
ਮੇਰੀ "ਉਮਰਾਂ ਦੀ ਸਾਂਝ" ਪੁਆ ਕੇ
ਮੇਰੇ ਨਲਾਇਕ ਭਰਾ ਤੇ,ਮਾਂ ਬਾਪ ,
ਭੂਆ ਫੁੱਫੀਆਂ ਤੇ ਹੋਰ ਓੜਮਾ ਕੋੜਮਾ
ਕਨੇਡਾ ਅਮਰੀਕਾ ਪਹੁੰਚੂਗਾ ਨਾ!!!!!!!!
ਸੱਚ ਹੀ ਤਾਂ ਬਣਾਇਆ ਉਹ ਨਾਅਰਾ ਜਿਹਾ ਕਿਸੇ ਨੇ
ਕਿ
ਧੀ ਪੜੇ ਤਾਂ ਬੜੇ ਪਰਿਵਾਰ ਪੜ ਜਾਂਦੇ ਨੇ....
ਤੇ 'ਸੋਨੇ ਤੇ ਸੁਹਾਗੇ' ਵਾਲੀ ਗੱਲ ਤਾਂ ਇਹ ਹੈ
ਕਿ
ਮੈਂ "ਅਖੌਤੀ ਪੰਜਾਬ" ਦੀ ਧੀ ਹਾਂ।
Jassi
Thanks a lot for Sharing Shiv.. :)