ਕਵਿਤਾ-ਕੁਵਿਤਾ –ਨਿਰਮਲ ਦੱਤ
Posted on:- 17-08-2012
ਭਾਦੋਂ ਦੀ ਤਿੱਖੀ ਧੁੱਪ ਵਾਲਾ
ਕਹਿਰਾਂ ਦੀ ਹੁੰਮਸ ਦਾ ਭਰਿਆ
ਅੱਜ ਦਾ ਦਿਨ ਹੈ;
ਚੰਡੀਗੜ੍ਹ ਵਿੱਚ
ਕੋਈ ਪਾਵਰ-ਕੱਟ ਨਹੀਂ ਹੈ
ਮੇਰਾ ਏ ਸੀ ਠੀਕ-ਠਾਕ ਹੈ
ਮੈਂ ਅਪਣੇ ਠੰਡੇ ਕਮਰੇ ਵਿੱਚ
ਚਾਹ ਦੀ ਚੁਸਕੀ ਲੈਂਦਾ,ਲੈਂਦਾ
ਭੁੱਜੀ ਛੱਲੀ ਖਾਂਦਾ,ਖਾਂਦਾ
ਗੰਦੀ ਬਸਤੀ ਵਿੱਚ ਰਹਿੰਦੇ ਲੋਕਾਂ ਦੀ
ਮੰਦੀ ਹਾਲਤ ਬਾਰੇ
ਕਵਿਤਾ ਲਿਖਣ ਦੀ ਕੋਸ਼ਿਸ਼ ਕਰਦਾਂ---
ਐਸੀ ਕਵਿਤਾ ਜਿਹੜੀ ਮੈਨੂੰ
ਸਾਰੇ ਕਵੀਆਂ ਵਿੱਚੋਂ ਉੱਤਮ ਕਵੀ ਹੋਣ ਦਾ ਮਾਣ ਦੁਆਵੇ;
ਸੋਚ,ਸੋਚ ਕੇ ਹੰਭ ਗਿਆ ਹਾਂ
ਇਹ ਕਵਿਤਾ ਅੱਜ ਲਿਖੀ ਨਾ ਜਾਵੇ।
ਵਿਸ਼ਾ ਬਦਲ ਕੇ
ਕਿਸੇ ਫਲਸਫ਼ੇ ਵਾਲੀ ਕਵਿਤਾ ਉੱਪਰ
ਹੱਥ-ਅਜ਼ਮਾਈ ਕਰਦਾਂ:
ਕੁਝ ਕੁ ਸਤਰਾਂ ਔੜ ਰਹੀਆਂ ਨੇ
ਏਸ ਤਰ੍ਹਾਂ ਨੇ:
ਚਾਰੇ ਪਾਸੇ ਰੱਬ ਹੀ ਰੱਬ ਹੈ,
ਮੈਂ ਵੀ ਰੱਬ ਹਾਂ
ਤੂੰ ਵੀ ਰੱਬ ਹੈਂ
ਉਹ ਵੀ ਰੱਬ ਹੈ
ਆਹ ਵੀ ਰੱਬ ਹੈ,
ਓਹ ਜੋ ਜਟਾ-ਜੂਟ ਜਿਹੇ ਜੋਗੀ
ਦੂਰ ਹਿਮਾਲਾ ਉੱਤੇ ਬੈਠੇ
ਤਪ ਕਰਦੇ ਨੇ
ਉਹ ਵੀ ਰੱਬ ਨੇ,
ਇਸੇ ਹਿਮਾਲਾ ਦੇ ਦੂਜੇ ਹਿੱਸੇ 'ਤੇ ਕਿਧਰੇ
ਲੱਕ-ਲੱਕ ਡੂੰਘੀ ਬਰਫ਼ 'ਚ ਖੁਭਿਆ
ਰਿੱਛ ਜਿਹਾ ਲੱਗਦਾ ਇਹ ਫੌਜੀ
ਅਪਣੇ ਘਰ ਨੂੰ
ਚੋਰ,ਮੁਨਾਫ਼ਾ-ਖੋਰਾਂ ਤੋਂ ਬੇ-ਰਾਖਾ ਛੱਡ ਕੇ
ਸਰਹੱਦ ਦੀ ਰਾਖੀ 'ਤੇ ਬੈਠਾ
ਇਹ ਵੀ ਰੱਬ ਹੈ,
ਬੁੱਲ੍ਹਾਂ ਉੱਤੇ ਅੰਕਿਤ
ਸੱਚ-ਮੁੱਚ ਦੇ ਚੁੰਮਣਾਂ ਦਾ
ਇੱਕ ਲੰਮਾਂ ਇਤਿਹਾਸ
ਕਦੇ ਹੁਣ ਸੁੰਨੇ ਖ਼ਾਬਾਂ ਵਿੱਚੋਂ ਲੱਭਦੀ
ਸੁੱਕੇ ਵਾਲ਼ਾਂ ਵਾਲੀ ਵਿਧਵਾ
ਇਹ ਵੀ ਰੱਬ ਹੈ,
ਹਾਂ ਮੇਰੇ ਲਈ ਉਹ ਵੀ ਰੱਬ ਹੈ
ਜਿਹੜੀ ਪੰਜ ਰੁਪਈਆਂ ਬਦਲੇ
ਨੰਗੀ,ਬਿਸਤਰ ਉੱਤੇ ਲੇਟੀ
ਬੁੱਢੇ ਗਾਹਕ ਦਾ
ਸੁੱਕਾ,ਜਰਜਰ ਪਿੰਡਾ ਤੱਕ ਕੇ
ਚੋਰੀ,ਚੋਰੀ ਹੱਸ ਰਹੀ ਹੈ,
ਰੱਬ ਹੀ ਰੱਬ ਹੈ
ਚਾਰੇ ਪਾਸੇ ਰੱਬ ਹੀ ਰੱਬ ਹੈ...
'ਥੱਪ,ਥੱਪ','ਥੱਪ,ਥੱਪ'
ਮੇਰੇ ਬੂਹੇ 'ਤੇ ਦਸਤਕ ਹੈ,
ਇਹ ਮੇਰਾ ਇੱਕ ਮਿੱਤਰ ਆਇਐ...
ਇੱਕ ਦੋ ਬੀਅਰਾਂ ਪੀ ਕੇ
ਮੈਂ ਤੇ ਮੇਰਾ ਮਿੱਤਰ
ਸਿਨਮਾਂ ਵੇਖਣ ਲਈ ਜਾਵਾਂਗੇ
ਕਵਿਤਾ-ਕੁਵਿਤਾ ਫੇਰ ਕਿਸੇ ਦਿਨ,
ਚੰਡੀਗੜ੍ਹ ਵਿੱਚ
ਕੋਈ ਪਾਵਰ-ਕੱਟ ਨਹੀਂ ਹੈ
ਭਾਦੋਂ ਦੀ ਤਿੱਖੀ ਧੁੱਪ ਵਾਲੇ
ਕਹਿਰਾਂ ਦੀ ਹੁੰਮਸ ਦੇ ਮਾਰੇ ਦਿਨ ਵੀ
ਏਥੇ ਮੌਜ ਬੜੀ ਹੈ...
ਸੰਪਰਕ: 98760 13060
billing avtar singh
VERY INTERESTING ,reflecting crude reality !The flow is spontaneous too !CONGRATS Prof .Sahib !The poet in you has torn the veil of obscurity at last !Now he is directlly addressing the common folk .