ਤੇਰੇ ਬਿਨਾਂ ਲਗਦਾ ਨਾ ਜੀਅ -ਬਲਜਿੰਦਰ ਮਾਨ
Posted on:- 26-11-2014
ਪਤਾ ਨੀ ਵੇ ਹਾਣੀਆਂ ਤੂੰ ਕਰੀ ਜਾਵੇਂ ਕੀ
ਮੇਰਾ ਹੁਣ ਤੇਰੇ ਬਿਨਾਂ ਲਗਦਾ ਨਾ ਜੀਅ ।
ਪਾਈਆਂ ਜੋ ਪ੍ਰੀਤਾਂ ਕਈ ਜੁਗਾਂ ਸੀ ਪੁਰਾਣੀਆਂ
ਦਿਲਾਂ ਵਿਚੋਂ ਅੱਜ ਵੀ ਭੁਲਾਈਆਂ ਨਹੀਂ ਜਾਣੀਆਂ।
ਮੈਨੂੰ ਪਤਾ ਨਹੀਂ ਲਗਦਾ ਮੈਨੂੰ ਹੋਈ ਜਾਵੇ ਕੀ
ਮਾਰ ਕੇ ਉਡਾਰੀਆਂ ਆ ਜਾ ਮੇਰੇ ਕੋਲ ਤੂੰ
ਦਿਲ ਵਾਲੇ ਦਰਦਾਂ ਦੇ ਵਰਕੇ ਢਰੋਲ ਤੂੰ
ਜ਼ਹਿਰ ਤੂੰ ਜੁਦਾਈ ਵਾਲਾ ਕਿਉਂ ਜਾਵੇਂ ਪੀ
ਚੱਤੋ ਪਹਿਰ ਦੀਦ ਤੇਰਾ ਲੱਭਦੇ ਦੀਦਾਰ ਵੇ
ਲਾਰਿਆਂ ਨਾ’ ਹੁਣ ਸਾਡਾ ਬੁੱਤਾ ਨਾ ਸਾਰ ਵੇ
ਕਰਾਂ ਮੈਂ ਦੁਆਵਾਂ ਤੂੰ ਜੁਗ ਜੁਗ ਜੀਅ
ਹਰ ਜੁਗ ਵਿਚ ਮੇਰੀ ਤੇਰੇ ਨਾ’ ਪ੍ਰੀਤ ਹੈ
ਮਿਲਣਾ ਵਿਛੋੜਾ ਸਦੀਆਂ ਦੀ ਰੀਤ ਹੈ
ਪਤਾ ਨੀ ਬੰਦੇ ਨੂੰ ਕਦੋਂ ਮਿਲ ਜਾਵੇ ਕੀ
‘ਮਾਨ’ ਤੂੰ ਮੁਹੱਬਤਾਂ ਦਾ ਮੁੱਲ ਤਾਰ ਜਾ
ਤੱਤੜੀ ਦਾ ਅੱਜ ਆ ਕੇ ਸੀਨਾ ਠਾਰ ਜਾ
ਵਿਛੋੜਿਆਂ ਦੇ ਦਰਦਾਂ ਦੀ ਕਰੀਏ ਨਾ ਸੀ