Thu, 21 November 2024
Your Visitor Number :-   7256318
SuhisaverSuhisaver Suhisaver

ਹਰਿੰਦਰ ਬਰਾੜ ਦੀਆਂ ਦੋ ਕਵਿਤਾਵਾਂ

Posted on:- 14-08-2012



ਆਰਥਿਕਤਾ ਦਾ ਸੰਤਾਪ ਹੰਢਾਉਂਦੀ ਉਡੀਕ..


ਮਾਂ
ਮੈਂ ਪਰਦੇਸ ਤੋਂ
ਰੋਟੀ ਦੀ ਚੱਕੀ ਵਿੱਚ ਪਿਸ ਰਿਹਾ
ਤੇਰਾ ਇਕਲੌਤਾ ਪੁੱਤ ਬੋਲ ਰਿਹਾ ਹਾਂ...।

ਮੈਂ ਇੱਥੇ ਠੀਕ-ਠਾਕ ਹਾਂ
ਤੇ ਥੋੜੇ ਹੀ ਸਮੇਂ 'ਚ ਸ਼ਾਇਦ
ਆਪਣੇ ਹੋਰਨਾਂ ਹਮ ਵਤਨਾਂ ਵਾਂਗ
ਆਪਣੇ ਪਿੰਡ ਵਾਲੇ ਨੇਕ ਦੀ
ਤੁਰਦੀ ਫਿਰਦੀ ਆਟਾ ਪੀਹਣ ਵਾਲੀ ਚੱਕੀ ਵਾਂਗ
ਇੱਕ ਚਲਦੀ-ਫਿਰਦੀ ਮਸ਼ੀਨ ਬਣ ਜਾਵਾਂ

ਪਰ ਇਹ ਵੀ ਹੋ ਸਕਦਾ
ਕਿ ਇੱਥੋਂ ਦੀ ਮੋਹ ਲੈਣ ਵਾਲੀ ਰਵਾਇਤੀ ਹਵਾ
ਮੈਨੂੰ ਰਾਸ ਨਾ ਆਵੇ
ਤੇ ਮੈਂ ਫੌਜ 'ਚੋਂ ਭੱਜ ਆਏ ਛਿੰਦੇ ਵਾਂਗ
ਪਿੰਡ ਪਰਤ ਆਵਾਂ...।

ਪਰ ਮਾਂ,
ਮੈਨੂੰ ਅਜੇ ਵੀ ਯਾਦ ਐ
ਘਰ ਦੇ ਧੁਆਂਖੇ ਆਲੇ ਵਿੱਚ ਰੱਖੇ ਹੋਏ
ਦੀਵੇ ਦੀ ਕੰਬਣੀ ਖਾਂਦੀ ਲੋਅ
ਜੋ ਤੂੰ ਮੇਰੇ ਪੜ੍ਹਨ ਸਮੇਂ ਜਗਾਉਂਦੀ ਸੈਂ
ਲਾਈਟ ਚਲੀ ਜਾਣ 'ਤੇ...।

ਤੂੰ ਅੱਖਾਂ ਪੂੰਝਦੀ ਨੇ ਜਿਹੜਾ ਸੌ ਦਾ ਨੋਟ
ਮੇਰੇ ਤੁਰਨ ਵੇਲੇ ਦਿੱਤਾ ਸੀ,
ਅੱਜ ਵੀ ਮੇਰੇ ਕੋਲ ਸਾਂਭਿਆ ਪਿਆ ਹੈ
ਉਸ 'ਚੋਂ ਤੇਰੇ ਹੰਝੂਆਂ ਦੀ ਮਹਿਕ ਆਉਂਦੀ ਹੈ ।

ਮਾਂ ਮੈਨੂੰ ਯਾਦ ਨੇ
ਬਾਪੂ ਦੀ ਸਾਹ ਦੀ ਬਿਮਾਰੀ ਸਮੇਂ
ਤੇਰੀਆਂ ਉਹ ਜਾਗ ਕੇ ਲੰਘਾਈਆਂ ਰਾਤਾਂ,
ਅਜੇ ਵੀ ਉਹਨਾਂ ਦਾ ਉਨੀਂਦਰਾ
ਮੇਰੀਆ ਅੱਖਾਂ ਵਿੱਚ ਰੜਕਦਾ ਰਹਿੰਦਾ ।

ਮੇਰੀ ਤਲੀ 'ਤੇ ਨੇ ਉਹ ਅੱਥਰੂ
ਜੋ ਪਰੂੰ ਮਰ ਗਏ ਨਗੌਰੀ ਦੀ ਯਾਦ ਵਿੱਚ
ਹੋਰ ਬਲਦ ਨਾ ਲੈ ਸਕਣ ਦੀ ਮਜਬੂਰੀ ਵੱਸ
ਬਾਪੂ ਨੇ ਕੇਰੇ ਸਨ...।

ਮੈਂ ਕਿਵੇਂ ਭੁੱਲ ਸਕਦਾਂ
ਮੇਰੀ ਕਾਲਜ ਬਿਲਡਿੰਗ ਦੀਆਂ ਉਹ ਪੌੜੀਆਂ
ਖਾ ਲਏ ਜਿਨਾਂ ਨੇ
ਮੇਰੀ ਜਵਾਨੀ ਦੇ ਕਈ ਕੀਮਤੀ ਸਾਲ
ਬੇਰੁਜ਼ਗਾਰੀ ਤੇ ਭਟਕਣਾ ਦੇ ਇਵਜ਼ ਵਜੋਂ
ਕੀ ਉਹ ਮੇਰੀ ਉਮਰ ਦੇ ਵਿਦੀਆਰਥੀਆਂ ਨਾਲ
ਅੱਜ ਵੀ ਉਵੇਂ ਹੀ ਕਰਦੀਆਂ ਨੇ ??

ਮਾਂ, ਤੇਰੇ ਦੁਖਦੇ ਗੋਡਿਆਂ ਦੀ ਦਵਾਈ
ਇੱਥੋਂ ਵੀ ਨਹੀਂ ਮਿਲੀ
ਤੇ ਤੂੰ ਪਿੰਡ ਵਾਲੇ ਦਰਸ਼ਨ ਵੈਦ ਤੋਂ ਹੀ ਲੈ ਲਵੀਂ
ਲਾਲ ਰੰਗ ਦੀਆਂ ਗੋਲੀਆਂ
ਪਰ ਮੈਂ ਆਪਣੇ ਤੋਂ ਵੱਡੀ ਦਿਸਦੀ
ਆਪਣੀ ਛੋਟੀ ਭੈਣ ਦੇ-
ਜਵਾਨ ਸੁਪਨਿਆਂ ਤੇ ਰੀਝਾਂ ਨੂੰ ਲੱਗੀ
ਉਸ ਸਿਉਂਕ ਦੀ ਦਵਾਈ ਲੱਭ ਲਈ ਹੈ
ਜਿਸ ਨਾਲ ਉਹ ਵਿੱਚੋਂ-ਵਿੱਚ ਸੁੱਕਦੀ ਜਾਂਦੀ ਸੀ...।

ਮਾਂ, ਭਲਾਂ ਤੈਨੂੰ ਉਹ ਕੁੜੀ ਯਾਦ ਐ
ਜੋ ਇੱਕ ਵਾਰ ਮੇਰੇ ਨਾਲ ਘਰ ਆਈ ਸੀ
ਜਿਸਨੂੰ ਤੂੰ ਸਟੀਲ ਦੇ ਗਿਲਾਸ 'ਚ ਚਾਹ ਦਿੱਤੀ ਸੀ
ਤੇ ਮੇਰੇ ਗੁੱਸੇ ਹੋਣ 'ਤੇ ਤੂੰ ਕਿਹਾ ਸੀ,
" ਪੁੱਤ ਇਹ ਕੱਚ ਦੇ ਗਿਲਾਸਾਂ 'ਚ ਚਾਹ ਪੀਂਦੇ ਆ..."
ਮਾਂ, ਉਹ ਕੁੜੀ
ਮੇਰੀਆਂ ਸੱਧਰਾਂ ਦਾ ਗਲ ਘੁੱਟ
ਇੱਥੇ ਹੀ ਆ ਗਈ ਸੀ ਵਿਆਹ ਕਰਵਾ ਕੇ
ਉਹ ਕੱਲ ਹੀ ਮੈਨੂੰ ਮਿਲੀ
ਇੱਥੇ ਹੀ ਗੁਰਦੁਆਰੇ ਵਿੱਚ
ਬਾਟੀ ਵਿੱਚ ਚਾਹ ਪੀਂਦੀ ਹੋਈ...
ਹੁਣ ਉਸਦਾ ਤਲਾਕ ਹੋ ਗਿਆ ਹੈ
ਆਪਣੇ ਤੋਂ ਵਡੇਰੀ ਉਮਰ ਦੇ ਪਤੀ ਨਾਲੋਂ..।

ਮਾਂ, ਤੂੰ ਉਦਾਸ ਨਾ ਹੋਵੀਂ ਮੇਰੇ ਬਾਰੇ
ਮੈਂ ਜੋ ਜੀਣ ਦੀ ਸਹੁੰ ਖਾ ਕੇ ਜੰਮਿਆ ਸੀ
ਏਨੀ ਛੇਤੀ ਨੀ ਹਾਰਦਾ ਜ਼ਿੰਦਗੀ ਤੋਂ
ਏਨਾ ਯਖ ਵੀ ਨਹੀਂ ਮੇਰਾ ਖੂਨ
ਕਿ ਤੈਰ ਸਕਣ ਜਿਸ ਵਿੱਚ
ਆੜਤੀਏ ਦੇ ਵਿਆਜ ਦੀਆਂ ਕਸ਼ਤੀਆਂ
ਇਹ ਖੂਨ ਤਾਂ ਭਸਮ ਕਰ ਦੇਵੇਗਾ
ਸਰਮਾਏਦਾਰਾਂ ਦੇ ਬਾਦਬਾਨ
ਇਸ ਲਈ ਤੂੰ ਫਿਕਰ ਨਾ ਕਰੀਂ
ਤੇ ਜਗਦੀ ਰੱਖੀਂ
ਮੋਤੀਏ ਵਾਲੇ ਨੈਣਾਂ ਵਿੱਚ ਆਸ ਦੀ ਜੋਤ
ਇਹੋ ਆਸ ਹੋਵੇਗੀ
ਮੇਰੇ ਆਉਣ ਦਾ ਸੱਦਾ ਪੱਤਰ...।

***

ਇਨਸਾਨ ਤੋਂ ਖ਼ੁਦਾ ਵਾਇਆ ਕੁਦਰਤ...

ਹਵਾ ਨੂੰ ਅਜੇ ਹੋਰ ਮਹਿਕ ਲੈਣਦੇ
ਤੇਰੇ ਸਾਹਵਾਂ ਵਿੱਚੋਂ
ਕੁਝ ਕੁ ਘੁੱਟਾਂ ਭਰਕੇ...

ਸੂਰਜ 'ਤੇ ਵੀ ਥੋੜਾ ਰਹਿਮ ਕਰ
ਆਪਣਾ ਸੇਕ ਉਧਾਰਾ ਦੇ ਕੇ,
ਵਿਚਾਰਾ ਠਰ ਜਾਂਦੈ ਤੇਰੇ ਸਾਹਵੇਂ...

ਚੰਨ ਨੂੰ ਵੀ ਨਾ ਉਤਾਰੀਂ ਅਜੇ
ਆਪਣੀ ਠੋਡੀ ਵਾਲੇ ਮੋੜ ਤੋਂ,
ਗੁੰਮ ਨਾ ਹੋ ਜਾਵੇ ਕਿਧਰੇ
ਤੇਰੇ ਮੁੱਖੜੇ 'ਤੇ ਬਣੇ ਰਸਤਿਆਂ 'ਚ...

ਅੰਬਰ ਦਾ ਪਾਟਿਆ ਸੀਨਾ ਢਕਦੇ
ਆਪਣੀ ਤਾਰਿਆਂ ਜੜੀ ਚੁੰਨੀ ਨਾਲ,
ਕਿਤੇ ਪਿਘਲ ਨਾ ਜਾਵੇ
ਧਰਤ ਦੀ ਝੋਲ ਵਿੱਚ
ਅੰਬਰ ਦੇ ਵਾਸੀਆਂ ਲਈ
ਧਰਤੀ ਦੀ ਖਿੱਚ
ਧਰਤੀ ਦੇ ਵਸਨੀਕਾਂ ਲਈ
ਅੰਬਰ ਸਰ ਕਰਨ ਦੀ ਲਾਲਸਾ ਨੂੰ
ਜ਼ਿੰਦਗੀ ਦਾ ਧੁਰਾ ਬਣਿਆ ਰਹਿਣ ਦੇ...

ਤੇਰੇ ਇਰਾਦਿਆਂ ਦੀ ਉਚਾਈ ਵੇਖਕੇ
ਬਰਾਬਰ ਹੋਣ ਲਈ ਤੱਤਪਰ
ਪਹਾੜਾਂ ਦੀ ਈਰਖਾ ਘੱਟ ਕਰ...

ਝਰਨਿਆਂ, ਨਦੀਆਂ, ਦਰਿਆਵਾਂ ਨੂੰ ਵੀ
ਬੇਖੌਫ ਡਿੱਗ ਲੈਣ ਦੇ
ਕਿ ਤੇਰੇ ਨੈਣਾਂ ਬਿਨਾਂ
ਉਹਨਾਂ ਨੂੰ ਹੋਰ ਕੌਣ ਸਾਂਭੇਗਾ...?

ਤੇ ਅਜੇ ਮੈਨੂੰ ਵੀ ਮਿਲਕੇ
ਝਲਕਾਰਾ ਨਾ ਦੇਵੀਂ
ਆਪਣੇ ਅਦੁੱਤੀ ਨੂਰ ਦਾ,
ਮੇਰੀਆਂ ਦੁਆਵਾਂ ਨੂੰ
ਅਜੇ ਹੋਰ ਮੱਥਾ ਰਗੜ ਲੈਣ ਦੇ
ਤੇਰੀ ਦਹਿਲੀਜ਼ 'ਤੇ ਕਬੂਲ ਹੋਣ ਲਈ...

ਕਿਉਂਕਿ ਮੈਂ ਇਹ ਵੇਖਣਾ ਚਾਹੁੰਨਾ
ਕਿ ਕੋਈ ਇਨਸਾਨ
ਕਿਸੇ ਲਈ ਖੁਦਾ ਕਿਵੇਂ ਬਣਦਾ ???

                                        ਸੰਪਰਕ 84274 98822

Comments

avtar singh billing

the 1st poem is very touching inspired by stark reality though a bit prosaic,second is obscure but having a good theme .Congrats on the first entry !

Lakha

bahut achha ,changa idea

lubhaya kang sabu jal

jis tera tusi likhya a apni first poem its is realy true tusi jis tera apni dil de gall sabda vich pash keeti thuda hosla bhoot badda a man te stude karde same roo pya te tusi likhde same kisd tera keeta hove ga but its is realy gud it bring me in my villege and my sweet home love always

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ