ਅੱਖ - ਰਵੇਲ ਸਿੰਘ ਇਟਲੀ
Posted on:- 29-10-2014
ਕਿਹੜੇ ਕੰਮ ਮਿਲਾਈ ਅੱਖ ,
ਕੰਮ ਕਿਸੇ ਨਾ ਆਈ ਅੱਖ ।
ਜਦ ਲੰਘਿਆ ਉਹ ਕੋਲੋਂ ਦੀ,
ਕਾਹਲੀ ਨਾਲ ਚੁਰਾਈ ਅੱਖ ।
ਕਾਲੀ ਭੂਰੀ ਨੀਲੀ ਅੱਖ ,
ਮਟਕਣ ਲਈ ਬਣਾਈ ਅੱਖ ।
ਭੈਂਗੀ, ਟੀਰੀ , ਕਾਣੀ ਅੱਖ ,
ਕਰਦੀ ਹੈ ਚਤੁਰਾਈ ਅੱਖ ।
ਕੋਈ ਤਾਂ ਹੁੰਦੀ ਕੋਮਲ ਅੱਖ ,
ਕੋਈ ਤਾਂ ਵਾਂਗ ਕਸਾਈ ਅੱਖ ।
ਇਸ ਅੱਖ ਦੀ ਹੈ ਖੇਡ ਨਿਰਾਲੀ ,
ਦੁਨੀਆ ਕਰੇ ਸੁਦਾਈ ਅੱਖ ।
ਨਾ ਤੇਰੇ ਵੱਸ ਆਈ ਅੱਖ ,
ਨਾ ਮੇਰੇ ਵੱਸ ਆਈ ਅੱਖ ।
ਮੁਖੜੇ ਤੇ ਹੈ ਸੁੰਦਰਤਾ ਲਈ
ਰੱਬ ਨੇ ਕਿਵੇਂ ਸਜਾਈ ਅੱਖ ।
ਕਦੇ ਨਾ ਟਿਕ ਕੇ ਬਹਿੰਦੀ ਅੱਖ ,
ਜਾਵੇ ਭਰਮ ਭੁਲਾਈ ਅੱਖ ।
ਹਾਏ ਉਹ ਨਖਰੇ ਵਾਲੀ ਅੱਖ ।
ਜਿਸ ਨੂੰ ਤੱਕ ਸ਼ਰਮਾਈ ਅੱਖ ।
ਇਹ ਤੀਰਾਂ ਤੋਂ ਤਿੱਖੀ ਅੱਖ ,
ਜਾਂਦੀ ਪਾਰ ਲੰਘਾਈ ਅੱਖ ।
ਹੋ ਗਏ ਹਾਂ ਪ੍ਰਦੇਸੀ ਜਦ ਤੋਂ ,
ਦੇ ਗਈ ਯਾਰ ਜੁਦਾਈ ਅੱਖ ।
ਇੱਕ ਅੱਖ ਵਿੱਚ ਸੌ ਸੌ ਰਮਜ਼ਾਂ ,
ਜਾਵੇ ਇਹ ਸਮਝਾਈ ਅੱਖ ।
ਹੁਸਨਾਂ ਵਾਲੇ ਮਾਣ ਨੇ ਕਰਦੇ ,
ਜਾਂਦੇ ਜਦ ਮਟਕਾਈ ਅੱਖ ।
ਅੱਖ ਅੱਖ ਵਿੱਚ ਫਰਕ ਬੜਾ ਹੈ ,
ਜਾਂਦੀ ਸਭ ਸਮਝਾਈ ਅੱਖ ।
ਆਰ.ਬੀ.ਸੋਹਲ
ਬਹੁੱਤ ਖੂਬਸੂਰਤ ਸਾਹਬ ਜੀ