ਆਰ.ਬੀ.ਸੋਹਲ ਦੀਆਂ ਦੋ ਗ਼ਜ਼ਲਾਂ
Posted on:- 25-10-2014
(1)
ਤੁਸਾਂ ਜੋ ਕਿਹਾ ਉਹ ਪੁਗਾਇਆ ਕਦੋਂ ਹੈ
ਦਿਲ ਨਾਲ ਦਿਲ ਨੂੰ ਵਟਾਇਆ ਕਦੋਂ ਹੈ
ਜਿਸਮਾਂ ਦੀ ਸਾਂਝ ਪਰ ਰੂਹਾਂ ਤੋਂ ਬੇਰੰਗ
ਇਸ਼ਕ ਹਕੀਕੀ ਵੀ ਕਮਾਇਆ ਕਦੋਂ ਹੈ
ਬਣ ਗਏ ਪਾਂਧੀ ਹੁਣ ਰਾਹ ਵੀ ਇੱਕਠੇ
ਸਾਡੇ ਨਾਲ ਕਦਮ ਮਿਲਾਇਆ ਕਦੋਂ ਹੈ
ਦਿਲ ਵਿਚ ਖੋਟ ਰੱਖ ਮਿਲਿਆ ਹੈ ਸਾਨੂੰ
ਪਰਦਾ ਇਹ ਝੂਠ ਦਾ ਗਿਰਾਇਆ ਕਦੋਂ ਹੈ
ਤੰਦ ਪਿਆਰ ਦੀ ਕਦੇ ਤਕਲੇ ਨਾ ਚੜੀ
ਇਸ਼ਕੇ ਦਾ ਚੱਰਖਾ ਡਾਇਆ ਕਦੋਂ ਹੈ
ਅਰਸ਼ਾਂ ਤੇ ਪੀਂਘ ਇੱਕ ਪਲ ਵਿੱਚ ਪਾਵੇਂ
ਹਾਰ ਪਰ ਬਾਹਾਂ ਦਾ ਬਣਾਇਆ ਕਦੋਂ ਹੈ
ਸੋਹਲ ਹੁਣ ਕਰਦਾ ਸਵੇਰ ਦੀਆਂ ਗਲਾਂ
ਰਾਤ ਨੂੰ ਦੀਪ ਵੀ ਜਗਾਇਆ ਕਦੋਂ ਹੈ
(2)
ਸਬਰ ਸਿਧਕ ਨੂੰ ਜਿਨ੍ਹਾਂ ਲਾਇਆ ਸੀਨੇ
ਕਿਸੇ ਹਾਲ ‘ਚ ਨਾ ਕਦੀ ਉਹ ਡੋਲਦੇ ਨੇ
ਹੱਕ ਹਲਾਲੀ ਜਨਮ ਤੋਂ ਮਿਲੇ ਗੁੜਤੀ
ਬੰਦੇ ਘੱਟ ਨਾ ਕਦੀ ਵੀ ਤੋਲਦੇ ਨੇ
ਸਾਰਥਿਕ ਸੋਚ ਨਾਲ ਜੋ ਪੇਸ਼ ਆਉਂਦੇ
ਕਦੀ ਔਗਣ ਨਾ ਕਿਸੇ ਦੇ ਫੋਲਦੇ ਨੇ
ਸੋਮੇਂ ਅੰਮ੍ਰਿਤ ਦੇ ਜਿਨ੍ਹਾਂ ਨੇ ਖੋਲ ਰੱਖੇ
ਜ਼ਿੰਦਗੀ ਕਿਸੇ ‘ਚ ਜ਼ਹਿਰ ਨਾ ਘੋਲਦੇ ਨੇ
ਕਾਬਜ਼ ਹੋ ਗਏ ਜਿਹੜੇ ਜ਼ੁਬਾਨ ਉੱਤੇ
ਮਾੜੇ ਬੋਲ ਨਾ ਕਦੀ ਉਹ ਬੋਲਦੇ ਨੇ
ਜੋ ਤੁਰਦੇ ਤਲਵਾਰ ਦੀ ਧਾਰ ਉੱਤੇ
ਵਿਚ ਤੁਫਾਨਾਂ ਦੇ ਕਦੀ ਨਾ ਡੋਲਦੇ ਨੇ
ਠੋਕਰਾਂ ਖਾ ਕੇ ਕਦਮ ਫਿਰ ਰਵਾਂ ਕੀਤੇ
ਸੋਹਲ ‘ਸ਼ੁਕਰ ਹੈ’ ਔਕੜਾਂ ਦਾ ਬੋਲਦੇ
jasvir sidhu reporter
bahut vadia likhia ji tussi