ਹਾਇਕੂ –ਗੀਤ ਅਰੋੜਾ
Posted on:- 19-10-2014
1.ਸਰਦ ਰਾਤ
ਕੋਹਰੇ ਨੇ ਕਲਾਵੇ 'ਚ ਲਿਆ
ਤਾਜਮਹਿਲ
2.ਖਿੜੀ ਸਵੇਰ
ਤਿਉਹਾਰਾਂ ਦੀ ਲਾਈਨ 'ਚ ਰਲੀ
ਬਾਜ਼ਾਰ ਦੀ ਲਾਈਨ
3.
ਤੁਰਦੇ ਬੱਦਲ
ਪੀਰ ਦੀ ਸਮਾਧ ਤੇ ਟਿਕਿਆ
ਚੰਨ ਦਾ ਗੋਲਾ
4.
ਗੁਆਂਢੀਆਂ ਘਰ ਜਾਗੋ
ਬਾਪੂ ਹੱਥ ਲਿਸ਼ਕੇ
ਕੋਕਿਆਂ ਵਾਲੀ ਡਾਂਗ
5.
ਤਿਉਹਾਰਾਂ ਦਾ ਵੇਲਾ
ਬੱਸ ਦੀ ਲਾਈਨ 'ਚ
ਖਾਕੀ ਪੁਲਸੀਆ
6.
ਤਿਖੜ ਦੁਪਹਿਰ
ਜ਼ੈਬਰਾ ਕਰਾਸਿੰਗ ਤੇ ਖੇਡੇ
ਭਿਖਾਰਨ ਕੁੜੀ
7.
ਜੁੜੀ ਸੱਥ
ਪੁਲਿਸ ਵਾਲਾ ਹਾਰਿਆ
ਤਾਸ਼ ਦੀ ਬਾਜ਼ੀ
8.
ਹਲਕੀ ਕਿਣਮਿਣ
ਮਜ਼ਦੂਰ ਬੱਚੀਆਂ ਵੇਖਣ
ਗਿੱਲੀਆਂ ਰੋਟੀਆਂ
9.
ਬੇਮੌਸਮੀ ਬਾਰਿਸ਼
ਬੇਰੰਗ ਹੋਏ ਗੁਲਦਾਨ 'ਚ
ਕਾਗਜ਼ੀ ਫੁੱਲ
10.
ਘਨਘੋਰ ਘਟਾ
ਚਿੜੀ ਪਰਾਂ ਹੇਠ ਲੁਕੋਏ
ਦੋਹੇਂ ਬੋਟ
11. ਨਾਨੀ ਦੀ ਗੋਦ
ਨਿੱਕਾ ਉਡਦੀ ਜਾਂਦੀ ਤੱਕੇ
ਬੁੱਢੀ ਮਾਈ
12.ਵਿਆਹ ਦੀ ਤਾਰੀਕ ਪੱਕੀ
ਆਲੇ 'ਚ ਆ ਆਲ੍ਹ੍ਨਾ ਪਾਇਆ
ਕਲਗੀ ਵਾਲੇ ਕਬੂਤਰ
13.
ਭਰੀ ਸਬਾਤ
ਦੀਵੇ ਦੀ ਲੋ ਨਾਲ ਮੁੱਕੀ
ਦਾਦੀ ਦੀ ਬਾਤ
14.
ਚੜਦਾ ਸੂਰਜ
ਓਹਦੇ ਗੋਰੇ ਪੈਰਾਂ ਛੇੜੀ
ਜਲ-ਤਰੰਗ
15.
ਨਾਨਕਾ ਘਰ
ਅਨਾਰ ਦੇ ਬੂਟੇ ਤੇ
ਚਿੜੀਆਂ ਦੀ ਚੁਲਬੁਲ
16.
ਪਿੰਡ ਦੀ ਸਵੇਰ
ਬਾਬੇ ਦੇ ਬੋਲ ਨਾਲ
ਚੂਕੀ ਚਿੜੀ
17.
ਹੋਲੀ
ਵਿਧਵਾ ਦੀ ਕਿਆਰੀ
ਸਭ ਤੋਂ ਰੰਗੀਨ
18
ਨਵਾਂ ਸਾਲ
ਪੁਰਾਣੀ ਕਿਤਾਬ 'ਚ
ਅੱਧ -ਸੁੱਕਿਆ ਗੁਲਾਬ
19.
ਮਾਘ ਦੀ ਠਾਰੀ
ਝੁੱਗੀ ਨੇੜੇ ਮਘੇ
ਲਟਾਲਟ ਧੂਣੀ
20.
ਮਾਘੀ ਦਾ ਮੇਲਾ
ਪਰਾਂਦਿਆਂ ਝੁਮ੍ਕੀਆਂ 'ਚ ਗੁਆਚੀ
ਜੀਨ ਵਾਲੀ ਮੁਟਿਆਰ
21.
ਵਰ੍ਹੇ ਦੀ ਆਖਿਰੀ ਰਾਤ
ਦਰਵਾਜ਼ੇ ’ਤੇ ਹਵਾ ਦੀ
ਓਹੀ ਦਸਤਕ
22.
ਪਹਿਰ ਦਾ ਤੜਕਾ
ਪਾਠੀ ਦੇ ਬੋਲਾਂ ਨਾਲ
ਚੂਕੀ ਚਿੜੀ
23.
ਬੁੱਢੜਾ ਸਾਧੂ
ਬੁਝਦਿਆਂ-ਬੁਝਦਿਆਂ ਬਚਾਈ
ਮੋਮਬੱਤੀ ਦੀ ਲਾਟ
24.
ਪੱਤਝੜ੍ਹ
ਅੱਧਝੜੇ ਰੁੱਖਾਂ ’ਤੇ
ਤੋਤਿਆਂ ਦੀ ਕਤਾਰ
25.
ਸਾਵਨ ਦੀ ਰਿਮ ਝਿਮ
ਹੱਥ ਜੋੜ ਆੜਤੀਏ ਦੀ ਹੱਟ ’ਤੇ
ਰੋਇਆ ਬਾਪੂ
26.
ਈਦ ਦਾ ਚੰਨ
ਅੱਜ ਵੀ ਚੜਿਆ
ਗੁਆਂਢੀਆਂ ਦੇ ਚੁਬਾਰੇ
27.
ਭਾਈ ਦੀ ਸ਼ਰਾਰਤ
ਗੁੱਡੀ ਦਾ ਕੱਲਾ ਕੱਲਾ ਵਾਲ ਦੇਖ
ਛੋਟੀ ਭਰੀਆਂ ਅਖਾਂ
28.
ਚੜਿਆ ਸਾਵਨ
ਗਲੀ 'ਚ ਵਣਜਾਰਨ ਦਾ
ਚੌਥਾ ਗੇੜਾ
29.
ਦੰਗਿਆਂ ਦੀ ਰਾਤ
ਅੰਬਰੀ ਉਡਾਰੀ ਮਾਰ ਗਿਆ
ਘੁਗੀਆਂ ਦਾ ਜੋੜਾ
30.
ਨਿੱਕੀ ਨਿੱਕੀ ਭੌਰ
ਅੰਬੀਆਂ ਦੇ ਬਾਗੀ ਸੁਣੇ
ਕੋਇਲ ਦਾ ਸ਼ੋਰ
31.
ਵਸੀਹਤ ਦੀ ਤਿਆਰੀ
ਪਰਿਵਾਰ ਨਾਲ ਬੈਠ ਪੀਤੀ
ਕਾਲੀ ਚਾਹ
32.
ਹੋਲੀ ਦੀ ਸ਼ਾਮ
ਰੰਗਾਂ ਦੀ ਬੁਛਾਰ ਬਾਦ
ਸਾਫ਼ ਹੋਇਆ ਆਸਮਾਨ
33
ਵਿਸਾਖੀ
ਕਣਕ ਦੀ ਬੱਲੀ ਤੇ ਝੂਲੇ
ਚਿੜੀ
34.
ਨਿਆਣਿਆਂ ਦਾ ਝੁੰਡ
ਗਹੀਰੇ ਦੁਆਲੇ ਖੇਡੇ
ਲੁਕਣ -ਮੀਟੀ
35.
ਸਮੁੰਦਰ ਦਾ ਕਿਨਾਰਾ
ਪੁੱਲ ਹੇਠੋਂ ਲੰਘ ਗਿਆ
ਸ਼ਾਮ ਦਾ ਸੂਰਜ
36.
ਮੁਕਲਾਵਾ
ਮਾਂ ਦੀ ਰਸੋਈ ਚੋਂ ਆਵੇ
ਲਾਚੀਆਂ ਦੀ ਖੁਸ਼ਬੋਈ
37.
ਪੋਤਿਆਂ ਦੀ ਨਾਕਾਬੰਦੀ
ਦਾਦੀ ਦੀ ਪੋਟਲੀ ਚੋਂ ਨਿਕਲੀਆਂ
ਮਿਸਰੀ ਦੀਆਂ ਡਲੀਆਂ
38.
ਅੰਮੜੀ ਦਾ ਵਿਹੜਾ
ਤੁਲਸੀ ਦੇ ਬੂਟੇ ਹੇਠਾਂ ਬਲੇ
ਮਿੱਟੀ ਦਾ ਦੀਵਾ
39.
NRI ਬਾਪ
ਆਉਂਦੀਆਂ ਈ ਭੰਨਿਆ ਛੋਟੀ
aeroplane ਵਾਲਾ ਖਿਡੌਣਾ
40.
ਝੁਲਿਆ ਝਖੜ
ਵਹਿੰਦੀ ਧਾਰਾ ਸੰਗ ਵਹਿ ਗਿਆ
ਕਮਲ ਦਾ ਫੁੱਲ