ਮੇਰਾ ਪਿੰਡ -ਪਵਨ ਕੁਮਾਰ ਇਟਲੀ
Posted on:- 21-07-2012
ਮੈਨੂੰ ਚੰਗਾ ਲਗਦਾ ਮੇਰਾ ਗਰਾਂ
ਬੋਹੜ ਮੇਰੇ ਦੇ ਠੰਡੇ ਬੁਲ੍ਹੇ
ਨਾਲੇ ਠੰਡੀ ਛਾਂ
ਜਿਥੇ ਉਠ ਕੇ ਸਵੇਰੇ ਬੇਬੇ
ਲਾਉਂਦੀ ਏ ਮਧਾਣੀ
ਨਾਲੇ ਦੂਰ ਕਿਤੇ ਬੋਲੇ
ਪਾਠੀ ਗੁਰੂਆਂ ਦੀ ਬਾਣੀ
ਭਤਾ ਲੈ ਕੇ ਤੁਰੀ ਜਾਂਦੀਆਂ
ਸਵਾਣੀਆਂ ਦੀ ਤੋਰ
ਕਿਤੇ ਵੀਣੀ ਵਾਲੀ ਵੰਗ
ਕਿਤੇ ਝਾਂਜਰਾਂ ਦਾ ਸ਼ੋਰ
ਨਾਲੇ ਦੂਰੋਂ ਵੇਖ ਮੋਰਨੀ ਨੂੰ
ਪੈਹਲਾਂ ਪਾਉਂਦਾ ਮੋਰ
ਜਿੱਥੇ ਬੁੱਢੇ ਬੋਹੜ ਥੱਲੇ
ਲਗਦੀ ਏ ਢਾਣੀ
ਕੁਝ ਮੇਰੇ ਨਾਲੋਂ ਵੱਡੇ
ਬਾਕੀ ਸਾਰੇ ਮੇਰੇ ਹਾਣੀ
ਜਿੱਥੇ ਜ਼ਕਾ ਗੋਲਾ ਬੇਗੀਆਂ ਦੀ
ਤੁਰਦੀ ਏ ਗੱਲ
ਇੱਕ ਪਾਸੇ ਲੱਗਾ ਖਾੜਾ
ਨਾਲੇ ਘੁਲਦੇ ਨੇ ਮੱਲ
ਜਿੱਥੇ ਸਾਉਣ ਦੇ ਮਹੀਨੇ
ਖਿੱੜਦੇ ਨੇ ਫੁੱਲ
ਕੁਝ ਕਰਦੇ ਨੇ ਗੱਲਾਂ
ਕੁਝ ਗਏ ਸਾਨੂੰ ਭੁੱਲ
ਜਿੱਥੇ ਖੇਡਦੇ ਨੇ ਵਾਲ
ਕਿਤੇ ਕੋਟਲਾ ਸ਼ਪਾਕੀ
ਸਾਡੇ ਪਿੰਡੇਂ ’ਤੇ ਅਲੂਣੀ
ਜਿਹਦੀ ਛੋਹ ਅਜੇ ਬਾਕੀ
ਵੱਡੀ ਬੇਬੇ ਨੇ ਸੀ ਪਰੀਆਂ
ਕਹਾਣੀਆਂ ਸੁਣਾਈਆਂ
ਅਸੀਂ ਰਲ ਮਿਲ ਬਹਿ ਕੇ
ਉਦੋਂ ਬਾਤਾਂ ਵੀ ਸੀ ਪਾਈਆਂ
ਯਾਦ ਸਾਨੂੰ ਓਹੋ ਪਲ
ਜੋ ਸੀ ਹਾਣੀਆਂ ’ਚ ਲੰਘੇ
ਨਾਲੇ ਖੇਡਦੇ ਸੀ ਰਲ ਮਿਲ
ਗੁੱਲੀ ਅਤੇ ਡੰਡੇ
ਹੁਣ ਕਰਨ ਕਮਾਈਆਂ
ਯਾਰ ਪਰਦੇਸ ਤੁਰ ਗਏ
ਵਿੱਚ ਪਰਦੇਸਾਂ ਦੇ ਓਹ ਜਾ ਕੇ
ਕੱਖਾਂ ਵਾਂਗੂੰ ਰੁਲ ਗਏ
ਨਾ ਜਾਇਓ ਪਰਦੇਸ
ਨਹੀਂਓ ਲੱਭਨੀਆਂ ਛਾਂਵਾਂ
ਨਾ ਹੀ ਬੁੱਢੇ ਬੋਹੜ ਉੱਥੇ
ਨਾ ਹੀ ਲੱਭਨੀਆਂ ਮਾਂਵਾਂ
ਮਾਂਵਾਂ ਬਿਨਾਂ ਪਰਦੇਸ ਇੱਕ
ਜੇਲ੍ਹ ਲੱਗਦਾ
ਮੈਨੂੰ ਪਰਦੇਸ ਹੁਣ
ਚੰਗਾ ਨਹੀਂਓ ਲਗਦਾ
ਰੱਬਾ ਰੋਟੀ ਤੇ ਰਿਜ਼ਕ
ਸਾਨੂੰ ਦੇਸ ਵਿੱਚੋਂ ਦੇ ਦਈਂ
ਅਸੀਂ ਰੁੱਖੀ ਮਿੱਸੀ ਖਾ ਕੇ
ਕਰ ਲਵਾਂਗੇ ਗੁਜ਼ਾਰਾ
ਅਸੀਂ ਛੱਡ ਕੇ ਹਾਏ ਦੇਸ
ਪਰਦੇਸ ਨਹੀਂਓ ਜਾਣਾ
ਅਸੀਂ ਛੱਡ ਕੇ ਹਾਏ ਦੇਸ
ਪਰਦੇਸ ਨਹੀਓ ਜਾਣਾ ....
jogesh bhatia
great ........bahut hi wadiya