ਗ਼ਜ਼ਲ -ਅਮਰਜੀਤ ਟਾਂਡਾ
Posted on:- 18-10-2014
ਬਾਹਰ ਆਇਆ ਤਾਂ ਦੇਖਿਆ ਸੁੰਨਸਾਨ ਸੀ ਸ਼ਹਿਰ
ਦੱਸੋ ਇਸ ਵੇਲੇ ਦਿਲ ਲਾਣ ਕਿੱਥੇ ਚਲੇ ਜਾਣ ਪਹਿਰ
ਜੀਅ ਕਰਦਾ ਹੈ ਕਿ ਮੈਂ ਵੀ ਬਿਖਰ ਜਾਵਾਂ ਗਲੀ ’ਚ
ਹਰ ਵਾਰ ਵਕਤ ਕਹਿ ਦਿੰਦਾ ਦੋ ਦਿਨ ਹੋਰ ਠਹਿਰ
ਕੀ ਕਰੇ ਕੋਈ ਕਿੰਝ ਲੰਘੇ ਨੰਗੀਆਂ ਤਲਵਾਰਾਂ 'ਚੋਂ
ਪਤਾ ਨਹੀਂ ਕਿੱਧਰੋਂ ਆ ਜਾਂਦਾ ਹੈ ਨਿੱਤ ਨਵਾਂ ਕਹਿਰ
ਯਾਰਾਂ ਨੂੰ ਮਾਰਦਾ ਹਾਂ 'ਵਾਜ਼ ਬੂਹੇ ਨਹੀਂ ਖੋਲ੍ਹਦੇ
ਖਬਰੇ ਕੀ ਘੁਲ ਗਈ ਹੈ ਗਲੀਆਂ ਵਿਚ ਜ਼ਹਿਰ
ਮਿਲਣ ਜਾਣਾ ਸੀ ਪਾਰ ਟੱਪ ਕੇ ਇੱਕ ਝਨਾਂ ਜੇਹਾ
ਇੱਕ ਤੂਫ਼ਾਨ ਚੜ੍ਹ ਆਇਆ ਵੈਰ ਪੈ ਗਈ ਲ਼ਹਿਰ
ਜ਼ਰਾ ਪੁੱਛ ਤਾਂ ਲੈਂਦੇ ਕੀ ਗੁਨਾਹ ਸੀ ਰੁੱਖਾਂ ਦਾ
ਲਿਖਤੀ ਕਿਉਂ ਸੀਨੇ ਗੋਲੀ ਸੂਹੀ ਕਰਤੀ ਨਹਿਰ
ਇਹ ਗੀਤ ਗ਼ਜ਼ਲ ਹੈ ਵਰਣਮਾਲਾ ਹੈ ਹੁਸਨ ਦੀ
ਕਦੇ ਮਰਸੀਏ ਨਹੀਂ ਲਿਖੇ ਜਾਂਦੇ ਵਿਚ ਬਹਿਰ
ਗੱਡੋ ਸਲੀਬ ਚੁਰਾਹੇ ਤੇ ਇਸ਼ਕ ਪਰਖ਼ ਲਓ ਸਾਡਾ
ਬਹੁਤ ਬਚੇ ਨੇ ਮਨਸੂਰ ਜੇ ਅਜੇ ਸ਼ਹਿਰੀਂ ਹੈ ਗਹਿਰ