ਕਮਰ-ਉਜ਼-ਜ਼ਮਾਨ ਦੀਆਂ ਬੋਲੀਆਂ
Posted on:- 18-10-2014
ਕਹਾਣੀ ਮੁੱਕ ਗਈ ਬੰਦਿਆ ਤੇਰੀ
ਜੰਮਦੇ ਨੇ ਸਾਹ ਲੈ ਲਿਆ
ਵਾਲਾਂ ਵਿਚ ਪੋਹ ਫੁੱਟ ਪਈ
ਸੋਚਾਂ ਦਾ ਜਦੋਂ ਹੜ ਡੱਕਿਆ
ਮੈਨੂੰ ਯਾਦ ਸੱਜਣ ਦੀ ਆਵੇ
ਹੌਲੀ ਹੌਲੀ ਮੀਂਹ ਵਰ੍ਹਦਾ
ਵੇ ਮੈਂ ਭੋਈਂ ਤੇ ਡੁੱਲ੍ਹੀ ਮਿਸ਼ਰੀ
ਲੈ ਜਾ ਮੇਰਾ ਰੁੱਗ ਭਰ ਕੇ
ਅਸਾਂ ਲੱਕੜੀ ਦੇ ਊਠ ਬਣਾਏ
ਭਾਰ ਸਾਰੇ ਆਪ ਚੁੱਕ ਲਏ
ਬੰਦ ਹੋਣਾ ਨਹੀਓਂ ਖੁੱਲ੍ਹ ਦੀ ਬਾਰੀ
ਤੇ ਰੁੱਠ੍ਹੇ ਨੂੰ ਮਨਾਣਾਂ ਅੱਖੀਆਂ
ਮੇਰੇ ਕੋਲ਼ ਇਕ ਮਿਸਰਾ
ਦੂਜਾ ਲੈ ਗਿਆ ਦਿਲਾਂ ਦਾ ਜਾਨੀ
ਖੁੱਲੀ ਅੱਖ ਨੇ ਤਮਾਸ਼ਾ ਕੀਤਾ
ਬੱਦਲਾਂ ਨੇ ਸੋਚ ਡੱਕ ਲਈ
ਮੇਰੇ ਹੱਥ ਵਿਚ ਮੋਹ ਦੀ ਤੱਕੜੀ
ਯਾਰਾਂ ਨੂੰ ਮੈਂ ਕਿਵੇਂ ਤੋਲਦਾ
ਖੁੱਲੀ ਰਹਿ ਗਈ ਅੱਖ ਦੀ ਬਾਰੀ
ਤੇ ਵੇਖ ਸਾਡੀ ਰਾਹ ਤੱਕਣੀ
ਨਹੀਂ ਲੱਭਣਾ ਬਾਲ ਗਵਾਚਾ
ਖਿਡੌਣਿਆਂ ’ਚੋਂ ਕੀ ਲੱਭਦੀ
ਦਿਲ ਹੋ ਗਏ ਪਿਆਰ ਤੋਂ ਖ਼ਾਲੀ
ਪੱਥਰਾਂ ’ਚੋਂ ਰੱਬ ਲੱਭਦੇ
ਖ਼ੋਰੇ ਉਹਦੀ ਭੁੱਖ ਮਰ ਜਾਏ
ਤੂੰ ਰੋਟੀਆਂ ਫ਼ਰੇਮ ਲੈ
ਸੱਚੇ ਰੱਬ ਨੂੰ ਭੁਲਾਈ ਫਿਰਨਾ
ਧਰਤੀ ’ਤੇ ਯਾਰ ਵਸਦਾ