ਅੰਮੀਏ ਨੀ-ਅਮਰਜੀਤ ਟਾਂਡਾ
Posted on:- 16-10-2014
ਅੰਮੀਏ ਨੀ
ਸੁਪਨੇ ਸਜਾਉਣ ਵਾਲੀਏ
ਸਾਡੇ ਸੁਪਨਿਆਂ ’ਚ ਲਿਖ ਦੇ ਸਿਤਾਰੇ
ਅੰਮੀਏ ਨੀ
ਭੁੱਖ ਲੱਗੀ ਨਹੀਓਂ ਬੁਝਦੀ
ਚੰਨੋਂ ਤੋੜ ਕੇ ਖਵਾ ਦੇ ਟੁੱਕ ਸੱਜਰਾ
ਅੰਮੀਏ ਨੀ
ਥਾਂਈਂ ਥਾਂਈਂ ਲੱਭ ਹਾਰ ਗਏ
ਕਿੱਥੇ ਛੁਪ ਗਈ ਬੱਦਲ ਦੇ ਓਹਲੇ
ਅੰਮੀਏ ਨੀ
ਘਰ ਚ ਹਨੇਰ ਪੈ ਗਿਆ
ਵਿਹੜੇ ਉਤਰੀ ਨਾ ਸੂਰਜ ਬਣ ਕੇ
ਅੰਮੀਏ ਨੀ
ਕਿਹੜੇ ਕਿਹੜੇ ਥੱਲ ਫੋਲ ਲਾਂ
ਚੌਂਕੇ ਰੱਬ ਨਾ ਝਿੜਕ ਨੂੰ ਤਰਸਾਂ
ਅੰਮੀਏ ਨੀ
ਜਦੋਂ ਦੀ ਤੂੰ ਛੁਪੀ ਰਾਤਾਂ ਚ
ਘਰ ਬਾਗ ਉੱਜੜ ਗਏ ਸਾਰੇ
ਅੰਮੀਏ ਨੀ
ਸੁਪਨੇ ਚ ਰਹਿਣ ਵਾਲੀਏ
ਬਾਤ ਬਣ ਜਾ ਰਾਤਾਂ ਦੀ ਸਾਡੀ
ਅੰਮੀਏ ਨੀ
ਕਿਹੜੇ ਕੰਮ ਹੀਰੇ ਮੋਤੀ ਇਹ
ਸਾਹੀਂ ਨਿੱਘ ਨਾ ਅੰਬਰ ਨਾ ਨੀਵਾਂ
ਅੰਮੀਏ ਨੀ
ਖਬਰੇ ਕਿਹਨੇ ਝਿੜਕ ਦਿਤਾ
ਸੂਰਜ ਰੁੱਸਿਆ ਘਰੇ ਨਾ ਵੜ੍ਹਦਾ
ਅੰਮੀਏ ਨੀ
ਪੁੱਤ ਕਿੰਝ ਸੌਣ ਰਾਤ ਨੂੰ
ਗੀਤ ਲੋਰੀਆਂ ਨਾ ਦਿਸਣ ਸਰਾ੍ਣੇ
ਅੰਮੀਏ ਨੀ
ਮੱਥੇ ਚੋਂ ਲਕੀਰ ਮਿਟ ਗਈ
ਚੰਨ ਸੂਰਜ ਲੇਖਾਂ 'ਚ ਡੁੱਬੋ ਦੇ
ਅੰਮੀਏ ਨੀ
ਅੰਬਰਾਂ ਦੀ ਭੁੱਖ ਜੇਹੀ ਲੱਗੀ
ਤਾਰੇ ਘੋਲ ਕੌਣ ਦੁੱਧ ਪਿਆਵੇ
ਅੰਮੀਏ ਨੀ
ਅੱਖਾਂ 'ਚ ਨਾ ਨੀਂਦ ਕਿਰਦੀ
ਪੁੱਤ ਵਾਸਤੇ ਨਾ ਧਰਤ ਵਿਛਾਈ