ਚੰਗਾ ਹੋਇਆ- ਰਵੇਲ ਸਿੰਘ
Posted on:- 13-10-2014
ਚੰਗਾ ਹੋਇਆ ਉਹ ਰਾਹ 'ਚੋਂ ਹੱਥ ਛੁਡਾ ਕੇ ਤੁਰ ਗਿਆ ,
ਸੰਸਾਰ ਦੀ ਇੱਸ ਭੀੜ 'ਚੋਂ ਅੱਖਾਂ ਚੁਰਾ ਕੇ ਤੁਰ ਗਿਆ।
ਸੋਚਾਂ ਦੇ ਭੱਠ ਅੰਦਰ ਸੜ ਕੇ ਮਨੂਰ ਹੋਣੋਂ,
ਬਸ ਖਿੰਗਰਾਂ ਦੇ ਦੇਸ਼ ਚੋਂ ਪੱਲਾ ਬਚਾ ਕੇ ਤੁਰ ਗਿਆ ।
ਸੀ ਰੀਝ ਲੈ ਕੇ ਆਇਆ ਪਰਵਾਨਿਆਂ ਦੇ ਵਾਂਗ ,
ਫੁੱਲਾਂ ਤੇ ਬਹਿ ਗਿਆ ਮਹਿਕਾਂ ਚੁਰਾ ਕੇ ਤੁਰ ਗਿਆ ।
ਇੱਕ ਅੱਗ ਸੀ ਲਿਖਣ ਦੀ ਐਵੇਂ ਚੁਆਤੀ ਬਾਲ ਕੇ ,
ਬੱਸ ਕਾਗਜ਼ਾਂ ਦੀ ਹਿੱਕ ਤੇ ਲਾਂਬੂ ਲਗਾ ਕੇ ਤੁਰ ਗਿਆ ।
ਇੱਸ ਕਲਮ ਦੀ ਕਸੌਟੀ ਤੇ ਉਤਰਨਾ ਹੈ ਔਖਾ ,
ਉਹ ਕਾਗਜ਼ਾਂ ਦੀ ਬੇੜੀ ਸਾਗਰ ਵਹਾ ਕੇ ਤੁਰ ਗਿਆ।
ਪੱਥਰ ਨਹੀਂ ਹੈ ਦਿਲ ਪਰ , ਏਨਾ ਕੁ ਹੈ ਪਤਾ ,
ਤਿੜਕੀ ਦੁਪਿਹਰ ਨੂੰ ਹਿਜਰਾਂ ਤੇ ਪਾ ਕੇ ਤੁਰ ਗਿਆ।
ਹੁਣ ਕਲਮ ਉਸ ਦੀ ਬਹਿਕੇ ਆਪੇ ਕਰੇ ਨਿਬੇੜਾ ,
ਬਨਣਾ ਹੈ ਕਾਫਿਲਾ ਜਾਂ ਆਪਾ ਬਚਾ ਕੇ ਤੁਰ ਗਿਆ।
ਨਾ ਰੋਸ ਨਾ ਗਿਲਾ ਹੈ ਬੀਤੇ ਪਲ਼ਾਂ ਤੇ ਕੋਈ ,
ਫੁਰਸਤ ਦੇ ਨਾਲ ਜੇਹੜੇ ਯਾਦਾਂ ਬਨਾ ਕੇ ਤੁਰ ਗਿਆ ।
ਜੇ ਹੋ ਸਕੇ ਤਾਂ ਸਜਨਾ ਕੋਸਿ਼ਸ਼ ਕਰੀਂ ਭੁਲਾਵੀਂ ,
ਅਹਿਸਾਨ ਜੋ ਹੈ ਤੇਰਾ ਪਲਕੀਂ ਬਿਠਾ ਕੇ ਤੁਰ ਗਿਆ ।
ਸੁਪਨੇ ਨੇ ਆਮ ਅਕਸਰ ਆਉਂਦੇ ਨੇ ਬੇ ਮੁਹਾਰੇ ,
ਏਨਾ ਹੀ ਸਮਝ ਆਇਆ ਸੁਪਨੇ ਗੁਆ ਕੇ ਤੁਰ ਗਿਆ ।
ਸੀ ਵਕਤ ਦਾ ਤਕਾਜ਼ਾ ਇੱਕ ਮੋੜ ਤੇ ਮਿਲੇ ਸਾਂ ,
ਜਿਤਨਾ ਕੁ ਸਮਾ ਮਿਲਿਆ ਓਨਾ ਬਿਤਾ ਕੇ ਤੁਰ ਗਿਆ।
ਹਰ ਲਫ਼ਜ਼ ਉਸ ਦੀ ਕਲਮ ਦਾ ਜਦ ਵੀ ਪੜ੍ਹਾਂ ਗਾ ਮੈਂ ,
ਸੋਚਾਂ ਗਾ ਬਲਦੀ ਅੱਗ 'ਚੋਂ ਦੀਪਕ ਜਗਾ ਕੇ ਤੁਰ ਗਿਆ।
ਮਜਬੂਰੀਆਂ ਦੇ ਸੰਗਲ ਹਰ ਬਸ਼ਰ ਦੇ ਗਲੇ ਵਿੱਚ ,
ਹੈ ਮੇਹਰ ਬਾਨੀ ਉਸ ਦੀ ਸਭ ਕੁਝ ਭੁਲਾ ਕੇ ਤੁਰ ਗਿਆ ।
ਇਹ ਗ਼ਜ਼ਲ ਹੈ ਨਾ ਕਵਿਤਾ ਮਨ ਦਾ ਹੈ ਵਲ਼ਵਲ਼ਾ ,
ਤੂਫਾਨ ਵਾਂਗ ਆਇਆ ਸਭ ਕੁਝ ਮਿਟਾ ਕੇ ਤੁਰ ਗਿਆ ।
ਚੰਗਾ ਹੋਇਆ ਉਹ ਰਾਹ ਚੋਂ ਹੱਥ ਛੁਡਾ ਕੇ ਤੁਰ ਗਿਆ,
ਸੰਸਾਰ ਦੀ ਇੱਸ ਭੀੜ 'ਚੋਂ ਅੱਖਾਂ ਚੁਰਾ ਕੇ ਤੁਰ ਗਿਆ।