ਟੱਪੇ –ਐੱਸ. ਸੁਰਿੰਦਰ ਇਟਲੀ
Posted on:- 13-10-2014
ਤਾਰੇ ।
ਦਿਲ ਦਿਲਦਾਰ ਲੈ ਗਿਆ , ਨੈਣੋ ਵਗਦੇ ਹੰਝੂ ਖਾਰੇ ।
ਗਾਨੀ ।
ਮੱਛੀ ਵਾਂਗੂੰ ਜਿੰਦ ਤੜ੍ਹਪੇ , ਹੰਝੂ ਤੇਰੀ ਯਾਦ ਨਿਸ਼ਾਨੀ ।
ਲਾਰੀ ।
ਯਾਦ ਤੇਰੀ ਨਾਲ ਵੱਸਦੀ , ਮੇਰੇ ਦਿਲ ਤੇ ਫੇਰਦੀ ਆਰੀ ।
ਗਾਨਾ ।
ਚੰਨਾ ਤੈਨੂੰ ਮਿਲਣ ਲਈ , ਨਿੱਤ ਲੱਭੀਏ ਨਵਾਂ ਬਹਾਨਾ ।
ਆਰੀ ।
ਕਾਸ਼ਨੀ ਦੁੱਪਟੇ ਵਾਲੀਏ , ਤੇਰੀ ਕੁੜੀਆਂ ਤੇ ਸਰਦਾਰੀ ।
ਗਾਗਰ ।
ਕੱਚਿਆ ਘੜ੍ਹਿਆ ਵੇ , ਅਸਾਂ ਤਰਨਾ ਇਸ਼ਕ ਦਾ ਸਾਗਰ ।
ਦਾਣਾ ।
ਸੱਚੋ ਸੱਚ ਦੱਸ ਕਾਵਾਂ , ਕਦੋਂ ਮਾਹੀ ਨੇ ਘਰ ਆਣਾ ।
ਛੱਲੀ ।
ਰੋਵਾਂ ਨਾਲੇ ਚਿੱਠੀਆਂ ਲਿਖਾਂ , ਚੰਨਾ ਤੇਰੀ ਯਾਦ ਅਵੱਲੀ ।
ਫੀਤਾ ।
ਤੇਰਿਆਂ ਝੋਰਿਆਂ ਨੇ , ਮੈਨੂੰ ਮਰਿਆ ਬਰੋਬਰ ਕੀਤਾ ।
ਹਾਸਾ ।
ਚੰਨ ਪਰਦੇਸੀਆ ਵੇ , ਮੇਰਾ ਹੰਝੂਆਂ ਦੇ ਵਿੱਚ ਵਾਸਾ ।
ਪਾਰਾ ।
ਫੁੱਲਾਂ ਜਿਹੀ ਮਲੂਕ ਜਿੰਦ ਨੂੰ , ਲੱਗਾ ਰੋਗ ਹਿਜ਼ਰ ਦਾ ਭਾਰਾ ।
ਛੱਲਾ ।
ਤੇਰੇ ਨਾਲ ਪਿਆਰ ਪਾ ਕੇ , ਅਸਾਂ ਲਾ ਲਿਆ ਰੋਗ ਅਵੱਲਾ ।
ਲੋਈ ।
ਜੱਗ ਭਾਵੇਂ ਲੱਖ ਵੱਸਦਾ , ਮੇਰਾ ਰਾਂਝਣ ਬਿਨ ਨਾ ਕੋਈ ।
ਖਾਰ ।
ਆ ਪਰਦੇਸੀਆ ਵੇ ! , ਤੇਰੀ ਮੰਗ ਹੋਈ ਮੁਟਿਆਰ ।
ਹੀਰਾ
ਭੈਣ ਤੇਰਾ ਰਾਹ ਤੱਕਦੀ , ਹਾੜਾ! ਮਿਲ ਪਰਦੇਸੀ ਵੀਰਾ ।