ਗੁਰਮੀਤ ਮੱਕੜ ਦੀਆਂ ਕੁਝ ਕਵਿਤਾਵਾਂ
Posted on:- 04-02-2012
ਪਿਆਰ ਤੇ ਸਿਆਸਤ
ਸਿਆਸਤ-ਇੱਕ ਖੇਡ
ਜਿਸਦਾ ਮਕਸਦ
ਸਿਰਫ ਲੈਣਾ-ਆਪਣੇ ਲਈ
ਮਤਲਬੀ
ਪਿਆਰ-ਇੱਕ ਖੇਡ
ਜਿਸਦਾ ਮਕਸਦ
ਸਿਰਫ ਦੇਣਾ-ਕਿਸੇ ਲਈ
ਮਤਲਬਹੀਨ
ਪਰ ਜਦ ਕਿਤੇ ਇਹ ਦੋਂਵੇ ਇੱਕ ਹੋ ਜਾਣ
ਸਿਆਸਤ ਨਾਲ ਜਦ ਪਿਆਰ ਹੋ ਜਾਵੇ
ਦੇਸ਼ ਵੰਡੇ ਜਾਂਦੇ ਨੇ,ਖੂਨ ਦੀਆਂ ਨਦੀਆਂ ਵਹਿ ਜਾਂਦੀਆ ਨੇ
ਤੇ ਰਹਿ ਜਾਂਦੇ ਨੇ
ਵਿਲਕਦੇ ਨਿਆਣੇ,ਰੋਂਦੀਆਂ ਮਾਂਵਾਂ
ਤੇ ਰੰਗਹੀਨ ਵਿਧਵਾਵਾਂ
ਤੇ ਪਿਆਰ ਵਿੱਚ ਜਦ ਸਿਆਸਤ ਆ ਜਾਵੇ
ਦਿਲ ਰਿਸਣ ਲਗਦਾ ਐ
ਰਿਸ਼ਤਿਆਂ ਦੀ ਪਰਿਭਾਸ਼ਾ ਬਦਲ ਜਾਂਦੀ ਐ
ਇਸ ਤੋਂ ਵੱਧ ਖਤਰਨਾਕ ਮਿਲਾਪ ਕੋਈ ਨਹੀਂ
ਪਿਆਰ ਤੇ ਸਿਆਸਤ
***
ਰਿਸ਼ਤੇ
ਕੁਝ ਰਿਸ਼ਤੇ ਮਾਂ ਦੀ ਗੋਦ ਜੇਹੇ
ਬਾਪ ਦੇ ਸਿਰ ਤੇ ਹੱਥ ਜੇਹੇ
ਕੁਝ ਵੀਰ ਦੀ ਫੜੀ ਉਂਗਲੀ ਜੇਹੇ
ਭੈਣ ਦੇ ਬੋਲ ਸਬੱਬ ਜੇਹੇ
ਕੁਝ ਦਾਦੀ ਦੀ ਕਹਾਣੀ ਜੇਹੇ
ਦਾਦੇ ਦੀ ਖੇਤੀਬਾੜੀ ਜੇਹੇ
ਕੁਝ ਨਾਨੀ ਦੀਆਂ ਬਾਤਾਂ ਜੇਹੇ
ਤੇ ਨਾਨੇ ਦੀਆਂ ਸੋਗਾਤਾਂ ਜੇਹੇ
ਪਰਿਵਾਰ ਦੇ ਸਾਂਝੈ ਮੇਲ ਜੇਹੇ
ਦੁਖਾਂ ਨੂੰ ਸਮਝਣ ਖੇਲ ਜੇਹੇ
ਕੁਝ ਭਰੇ ਭਰਾਏ ਘਰ ਜੇਹੇ
ਸੁਪਨੇ ਹੋ ਗਏ ਨੇ ਅੱਜ ਜਿਹੜੇ
***
ਰੱਬ…???
ਮੈਨੂੰ ਕਾਫਰ ਜੋ ਨੇ ਲੋਕ ਕਹਿੰਦੇ
ਰੱਬ ਦੀ ਪਰਿਭਾਸ਼ਾ ਦੇ ਸਕਦੇ ਨਾ
ਕਹਿਣ ਨੂੰ ਤੇ ਪਥਰ ਪੂਜ ਲੈਦੇ
ਪਰ ਇਨਸਾਨ ਦੀ ਕਦਰ ਪਾ ਸਕਦੇ ਨਾ
ਲੱਖਾਂ ਨਾਮਾਂ ਵਿੱਚ ਰੱਬ ਵੰਡਿਆ
ਇਸ ਦੇਸ਼ ਨੂੰ ਖੂਨ ਦੇ ਰੰਗ ਰੰਗਿਆ
ਪੈਸੇ ਦਾ ਜਿਸ ਦਿਨ ਰੱਬ ਬਣਿਆ
ਉਸ ਦਿਨ ਗਰੀਬ ਵੀ ਰੱਬ ਛੱਡਿਆ
ਰੱਬ ਰਾਜਨੀਤੀ `ਚ ਜਾ ਵੜਿਆ
ਅੱਗੇ ਹੋ ਅਯੁਧਿਆ ਲਈ ਲੜਿਆ
ਹਿੰਦੂ ਮੁਸਲਿਮ ਉਹਨੇ ਅੱਡ ਕੀਤੇ
ਦੱਸੋ ਏਸੇ ਲਈ ਅਸੀਂ ਰੱਬ ਘੜਿਆ
ਦੱਸੋ ਲੋਕੋ ਰੱਬ ਕਿਥੇ ਸੁੱਤਾ
ਅਬਲਾ ਨਾਰੀ ਤੇ ਅਜ ਵੀ ਮਰਦੀ ਐ
ਜਦ ਦਰਦ ਵੀ ਬੁੱਕ ਬੁੱਕ ਰੋਂਦਾ ਐ
ਫਿਰ ਉਂਗਲ ਉਸ ਰੱਬ ਵੱਲ ਉਠਦੀ ਐ
ਮੈਂ ਰੁਲ ਗਈ ਜਾਂ ਰੋਲੀ ਗਈ
ਫਿਰ ਰੱਬ ਤੇ ਬਚਾਵਣ ਆਇਆ ਨਾ
ਹਰ ਰੋਜ਼ ਜ਼ਖਮ ਮੇਰੇ ਫੁਟ ਪੈਂਦੇ
ਫਿਰ ਕੀਹਨੂੰ ਤੁਸੀਂ ਰੱਬ ਕਹਿੰਦੇ
***
ਸੋਚ ਦੇ ਪਰਿੰਦੇ
ਮੇਰੀ ਸੋਚ ਦੇ ਪਰਿੰਦੇ
ਪਤਾ ਨੀ ਕਿਹੜੇ ਸ਼ਹਿਰ ਦੇ ਬਾਸ਼ਿੰਦੇ
ਜੇ ਤੇਰੇ ਨਾਲ ਚਲਦੀ ਆ
ਤੇ ਦੁਨੀਆਂ ਬਾਗੀ ਕਹਿੰਦੀ ਐ
ਜੇ ਤੈਥੋਂ ਦੂਰ ਜਾਨੀ ਆ
ਤੇ ਤੇਰੇ ਬਿਨ ਨਈ ਰਹਿੰਦੇ
ਆਖਿਰ ਕੀ ਨੇ ਇਹ ਚਾਹੁੰਦੇ
ਇਹ ਕਿਹੜੇ ਵਹਿਣ ਵਿਚ ਵਹਿੰਦੇ
ਮੈਨੂੰ ਲੁਟਾਉਣ ਨੂੰ ਫਿਰਦੇ
ਪਤਾ ਨੀ ਕੀ ਏ ਕਰੇਂਦੇਂ
ਤੇ ਇਸੇ ਉਡੀਕ ਵਿਚ ਬੈਠੇ
ਰਿਵਾਜੀ ਵਹਿਸ਼ੀ ਐ ਦਰਿੰਦੇ
Gurjeet
bahut e sohnia satra ne.....keep it up.....wish u all the best