ਬਲਜਿੰਦਰ ਮਾਨ ਦੇ ਤਿੰਨ ਗੀਤ
Posted on:- 10-10-2014
ਕਰਿਆ ਨਾ ਕਰ ਨਿੱਤ ਸੱਜਣਾ ਤੂੰ ਤੰਗ ਵੇ
ਵਾਂਗ ਪ੍ਰਛਾਵੇਂ ਤੇਰੀ ਯਾਦ ਅੰਗ ਸੰਗ ਵੇ ।
ਭੁੱਲਕੇ ਵੀ ਕਦੀ ਸਾਡੇ ਵੜਦਾ ਨਾ ਵਿਹੜੇ ਵੇ
ਉਦਾਸੀਆਂ ਨੇ ਸੁਰਾਂ ਉਹੋ ਰਾਗ ਜੋ ਤੂੰ ਛੇੜੇ ਵੇ
ਤੇਰੀਆਂ ਉਡੀਕਾਂ ਨਾਲੇ ਮਿਲਣੇ ਦੀ ਉਮੰਗ ਵੇ….
ਚੰਨ ਜਿਹੇ ਮੁਖੜੇ ਨੂੰ ਰੱਖ ਨਾ ਛੁਪਾਕੇ ਵੇ
ਬੱਦਲਾਂ ਦੇ ਓਟਿਆਂ ਨੂੰ ਸਾਹ ਲੈਣਾ ਲਾਹ ਕੇ ਵੇ
ਕਰ ਦੇਊਂ ਕਮਾਲ ਤੇਰਾ ਦੱਗਦਾ ਜੋ ਰੰਗ ਵੇ….
ਤੇਰੇ ਨਾਲ ਹਾਣੀਆ ਵੇ ਖਿੜ ਗੁਲਜ਼ਾਰ ਗਈ
ਜਿੱਤੀਆਂ ਕਈ ਬਾਜ਼ੀਆਂ ਪ੍ਰੀਤ ਵਿਚ ਹਾਰ ਗਈ
ਮੇਰੇ ਲਈ ਹੈ ਮੱਕਾ ਮੈਨੂੰ ਸੱਜਣਾ ਦਾ ਸੰਗ ਵੇ…
ਮਹਿਮਦੁਵਾਲੀਏ ਨੇ ਚੰਨ ਅਰਸ਼ਾਂ ਤੋਂ ਲਾਹ ਲਿਆ
ਲੁੱਟਕੇ ਜਹਾਨ ਮੇਰਾ ਆਪਣਾ ਬਣਾ ਲਿਆ
ਸੀਨੇ ਵਿਚ ਉੱਠੇ ਮੇਰੇ ਮਾਨ ਦੀ ਤਰੰਗ ਵੇ…
***
ਸੋਚਾਂ ਦਾ ਪਰਿੰਦਾ ਮਾਰੇ ਅੰਬਰੀਂ ਉਡਾਰੀਆਂ
ਮਹਿਕਦੀਆਂ ਸੱਜਣਾ ਵੇ ਕੇਸਰ ਕਿਆਰੀਆਂ।
ਵਿਹੜੇ ਸਾਡੇ ਹਾਣੀਆ ਵੇ ਗੇੜਾ ਨਾ ਤੂੰ ਮਾਰਿਆ
ਸਾਉਣ ਦੇ ਮਹੀਨੇ ਵੀ ਤੂੰ ਲਾਰਿਆਂ ਨਾ’ ਸਾਰਿਆ
ਨਾਂ ਤੇਰਾ ਲੈ ਕੇ ਪੌਣਾਂ ਛੇੜਨ ਪਿਆਰੀਆਂ….
ਇਕ ਵੀ ਨਾ ਮੰਨੀ ਮੇਰੀ ਆਪਣੀ ਪੁਗਾ ਗਿਆਂ
ਹਾਸਿਆਂ ਨੂੰ ਲੁੱਟ ਝੋਲੀ ਗਮਾਂ ਦੀ ਫੜਾ ਗਿਆਂ
ਆਪਣੇ ਪ੍ਰੇਮ ਵਿਚ ਰੰਗ ਦੇ ਲਲਾਰੀਆ ……
ਆਖਦਾ ਸੀ ਕਦੀ ਆਪਾਂ ਜਗ ਨੂੰ ਦਿਖਾਵਾਂਗੇ
ਲ਼ੁੱਟੇ ਹੋਏ ਮਿੱਤਰਾਂ ਦੀ ਬੇੜੀ ਬੰਨੇ ਲਾਵਾਂਗੇ
ਕਰਦਾ ਨਾ ਕਦੀ ਹੁਣ ਗੱਲਾਂ ਤੂੰ ਨਿਆਰੀਆਂ…..
ਨੈਣਾਂ ਦੇ ਪਿਆਲੇ ਨੀਰ ਡੁੱਲ ਡੁੱਲ ਹਾਰ ਗਏ
ਯਾਦਾਂ ਵਾਲੇ ਸੱਲ ਸਾਨੂੰ ਸੱਜਣਾ ਦੇ ਮਾਰ ਗਏ
ਸਿੰਜ ਆ ਕੇ ਮਾਲੀਆ ਵੇ ਕੇਸਰ ਕਿਆਰੀਆਂ….
ਮਾਣਕੇ ਤੂੰ ਮਹਿਕ ਮਾਨ ਭੌਰੇ ਜਿਹਾ ਹੋ ਗਿਆ
ਮਹਿਮਦੁਵਾਲੀਆ ਵੇ ਬੂਹੇ ਦਿਲਾਂ ਵਾਲੇ ਢੋਅ ਗਿਆ
ਤੇਰੀ ਹੀ ਉਡੀਕ ਵਿਚ ਉਮਰਾਂ ਗੁਜ਼ਾਰੀਆਂ….
***
ਲਾਈ ਸੋਹਣੇ ਨਾਲ ਯਾਰੀ ਤੇ ਨਿਭਾਉਣੀ ਪੈ ਗਈ
ਜ਼ਿੰਦ ਗਮਾ ਵਾਲੀ ਤੱਕੜੀ ‘ਚ ਪਾਉਣੀ ਪੈ ਗਈ।
ਜਦੋਂ ਪੈਂਦੀਆਂ ਮੁਹੱਬਤਾਂ ਫਿਰ ਲਗਦਾ ਨਾ ਜੀਅ
ਪਤਾ ਨੀ ਬੰਦੇ ਨੁੰ ਫਿਰ ਹੋ ਜਾਂਦਾ ਕੀ
ਪ੍ਰੀਤਾਂ ਵਾਲੀ ਪੀਂਘ ਤਾਂ ਚੜ੍ਹਾਉਣੀ ਪੈ ਗਈ….
ਮਾਰੀਆਂ ਨੇ ਰੀਝਾਂ ਬੰਨੀ ਯਾਦਾਂ ਦੀ ਹੈ ਡੋਰ
ਸਾਡੇ ਦਿਲਾਂ ਵਿਚ ਪੈਂਦਾ ਹੈ ੳਦਾਸੀਆਂ ਦਾ ਸ਼ੋਰ
ਜਗ ਚੰਦਰੇ ਨੂੰ ਝਨਾਅ ਤਾਂ ਵਗਾਉਣੀ ਪੈ ਗਈ….
ਮਦਹੋਸ਼ ਕੀਤਾ ਤੇਰੇ ਰੰਗ ਦੇ ਸਰੂਰ ਨੇ
ਲੁੱਟ ਲਿਆ ਤੈਨੂੰ ਤੇਰੀ ਸੰਗ ਦੇ ਗਰੂਰ ਨੇ
ਜ਼ਿੰਦ ਹਿਜ਼ਰਾਂ ਦੀ ਭੱਠੀ ‘ਚ ਤਪਾਉਣੀ ਪੈ ਗਈ…..
ਉਹ ਤਾਂ ਸਾਡੇ ਨਾਲ ਰਹੇ ਕਰਦੇ ਸ਼ਰਾਰਤਾਂ
ਹੱਥ ਸਾਡੇ ਆਈਆਂ ਨਾ ਪਿਆਰ ‘ਚ ਮੁਹਾਰਤਾਂ
ਸਿਖਰ ਜੁਆਨੀ ਤੇਰੀ ੳਡੀਕ ‘ਚ ਲੰਘਾਉਣੀ ਪੈ ਗਈ…..
ਪੈ ਗਿਆ ‘ਮਾਨ’ ਤੇ ਨਸੀਬਾਂ ਵਾਲਾ ਕਹਿਰ
ਲੁਕ ਲੁਕ ਪੀਂਦਾ ਏ ਜੁਦਾਈਆਂ ਵਾਲਾ ਜ਼ਹਿਰ
ਮਹਿਮਦੁਵਾਲੀਏ ਨੂੰ ਦਰਦ ਛੁਪਾਉਣੀ ਪੈ ਗਈ…..
ਸੰਪਰਕ: +91 998150 18947