ਸੁਸ਼ੀਲ ਦੁਸਾਂਝ ਦੀਆਂ ਸੱਤ ਗ਼ਜ਼ਲਾਂ
Posted on:- 10-10-2014
(1)
ਮੈਂ ਕੈਸਾ ਪਿੰਡ ਹਾਂ ਕਾਲਖ਼ ਜੋ ਮੈਨੂੰ ਨਿਗਲਦੀ ਜਾਂਦੀ
ਮੇਰੇ ’ਚੋਂ ਦੀਵਿਆਂ ਜੋਗੀ ਵੀ ਮਿੱਟੀ ਮੁੱਕਦੀ ਜਾਂਦੀ
ਉਦਾਸੀ ਮੇਰੀਆਂ ਜੂਹਾਂ ਦੇ ਅੰਦਰ ਪਸਰਦੀ ਜਾਂਦੀ,
ਕਿਵੇਂ ਸਲਫ਼ਾਸ ਖੇਤਾਂ ਬੰਨ੍ਹਿਆਂ ਤੇ ਮੌਲਦੀ ਜਾਂਦੀ।
ਕਈ ਵਾਰੀ ਦੁਪਹਿਰਾਂ ਨੂੰ ਇਹ ਥਲ ਇਉਂ ਬੜਬੜਾਉਂਦਾ ਹੈ,
ਉਹ ਕਿੱਥੇ ਹੈ ਨਦੀ ਕਲ ਤੀਕ ਸੀ ਜੋ ਮਚਲਦੀ ਜਾਂਦੀ
ਉਹ ਮੈਨੂੰ ਦੇ ਗਿਆ ਹੈ ਇਤਰ ਭਿੱਜੇ ਫੁੱਲ ਕਾਗ਼ਜ਼ ਦੇ,
ਇਨ੍ਹਾਂ ਦੀ ਮਹਿਕ ਅੱਖ ਦੇ ਫੋਰ ਵਿਚ ਹੀ ਮੁੱਕਦੀ ਜਾਂਦੀ।
ਉਹ ਸੂਰਜ ਬਹੁਤ ਹੀ ਸ਼ਰਮਿੰਦਾ ਹੋ ਕੇ ਸੋਚਦੈ ਅੱਜਕੱਲ੍ਹ,
ਇਹ ਕੈਸੀ ਬਰਫ਼ ਹੈ ਜੋ ਅਪਣੀ ਅੱਗ ਵਿਚ ਪਿਘਲਦੀ ਜਾਂਦੀ,
ਮੈਂ ਸੁਣਿਆ ਹੈ ਕਿ ਜਿੱਥੇ ਮੈਂ ਹਾਂ ਇਥੇ ਇਕ ਦਰਿਆ ਸੀ,
ਤਦੇ ਤਾਂ ਰੇਤੇ ਵਿਚ ਵੀ ਪਿਆਸ ਮੇਰੀ ਮਚਲਦੀ ਜਾਂਦੀ,
ਤੁਸੀਂ ਗਿਣਦੇ ਬੁਝੇ ਦੀਵੇ ਅਸੀਂ ਗਿਣਦੇ ਹਾਂ ਲਾਟਾਂ ਹੀ
ਸਿਰਾਂ ਹੀਣੀ ਤੁਹਾਡੀ ਭੀੜ ਪਲ-ਪਲ ਫੈਲਦੀ ਜਾਂਦੀ
ਕਿਹਾ ਸੀ ਸ਼ੀਲ ਉਸਨੂੰ ਨਾ ਉਗਾ ਪਤਝੜ ’ਚ ਗੁਲਦਾਉਦੀ,
ਕਿ ਪੱਤੀਆਂ ਨਾਲ ਹੁਣ ਉਹ ਆਪ ਵੀ ਹੈ ਬਿਖਰਦੀ ਜਾਂਦੀ।
***
(2)
ਇਹ ਜੰਗਲੀ ਬਲਾਵਾਂ ਦਰ ’ਤੇ ਬੁਲਾ ਨਾ ਬੈਠੀਂ।
ਜਿੰਨਾ ਕੁ ਘਰ ਬਚਿਆ ਉਹ ਵੀ ਗੁਆ ਨਾ ਬੈਠੀਂ।
ਚਾਹੁੰਨੈ ਜੇ ਉਠ ਜਾਵੇ, ਮਸਿਆ ਦੀ ਰਾਤ ਕਾਲੀ,
ਸਿਰਨਾਵਾਂ ਰੌਸ਼ਨੀ ਦਾ, ਵੇਖੀਂ ਗੁਆ ਨਾ ਬੈਠੀਂ।
ਠੰਡੀ ਹਵਾ ਦੇ ਬੁੱਲੇ, ਬਣ ਗਏ ਤੂਫ਼ਾਨ ਤਾਂ ਕੀ,
ਤੂੰ ਜਿਹਨ ਅੰਦਰ ਜਗਦਾ ਦੀਪਕ ਬੁਝਾ ਨਾ ਬੈਠੀਂ।
ਪੌਣਾਂ ’ਤੇ ਕਰ ਸਵਾਰੀ, ਆਈ ਜੋ ਤੇਰੇ ਦਰ ’ਤੇ,
ਤਹਿਜ਼ੀਬ ਜਾਂਗਲੀ ਦੇ ਬੂਟੇ, ਲਗਾ ਨਾ ਬੈਠੀਂ।
ਅੱਗ ਰਾਖਵੀਂ ਨਾ ਹੁੰਦੀ ਸਿਵਿਆਂ ਦੇ ਵਾਸਤੇ ਹੀ,
ਦੀਵੇ ਵੀ ਯਾਦ ਰੱਖੀਂ ਚੁੱਲ੍ਹੇ ਭੁਲਾ ਨਾ ਬੈਠੀਂ।
ਜੋ ਰਾਤ ਭਰ ਸਫ਼ਰ ਵਿਚ ਤੁਰਿਆ ਸੀ ਨਾਲ ਤੇਰੇ,
ਉਸ ਚੰਨ ਕੋਲੋਂ ਚੋਰੀ, ਸੂਰਜ ਚੜ੍ਹਾ ਨਾ ਬੈਠੀਂ।
***
(3)
ਘਰਾਂ ਤੋਂ ਇਸ ਤਰ੍ਹਾਂ ਚੁਪਚਾਪ ਹੀ ਬੇਦਖ਼ਲ ਹੋ ਜਾਣਾ।
ਫ਼ਕਤ ਇਤਫ਼ਾਕ ਨਹੀਂ ਹੈ ਸੁਪਨਿਆਂ ਦਾ ਕਤਲ ਹੋ ਜਾਣ॥
ਨਹੀਂ ਮਾਲੀ ਨੂੰ ਕੋਈ ਦੁੱਖ, ਮੇਰੇ ਲਈ ਮੌਤ ਹੈ ਐਪਰ
ਕਿ ਫੁੱਲ ਦਾ ਟਹਿਣੀਓਂ ਟੁੱਟਣਾ, ਕਲੀ ਦਾ ਮਸਲ ਹੋ ਜਾਣਾ
ਜਿਨ੍ਹਾਂ ਲਈ ਮਰ ਮਿਟੇ ਆਪਾਂ, ਜੇ ਆਖਣ ਉਹ ਬੁਰੇ ਸਾਨੂੰ
ਸੁਭਾਵਿਕ ਹੈ, ਖੁਸ਼ੀ ਦਾ ਹੰਝੂਆਂ ਵਿਚ ਬਦਲ ਹੋ ਜਾਣਾ
ਬੜਾ ਜ਼ਾਲਿਮ ਜ਼ਮਾਨਾ ਹੈ, ਕਦੇ ਇਹ ਜਰ ਨਹੀਂ ਸਕਦਾ
ਕਿ ਮੇਰਾ ਗੀਤ ਬਣ ਜਾਣਾ ਤੇ ਤੇਰਾ ਗ਼ਜ਼ਲ ਹੋ ਜਾਣਾ
ਜੇ ਇਸ ਵਾਰੀ ਕਿਨਾਰੇ ਕੋਲ ਆ ਕੇ ਹਫ਼ ਗਏ ਯਾਰੋ,
ਬੜਾ ਮੁਸ਼ਕਿਲ ਹੈ ਫਿਰ ਤਾਂ ਕੋਸ਼ਿਸ਼ ਦਾ ਸਫ਼ਲ ਹੋ ਜਾਣਾ।
***
(4)
ਸਮੁੰਦਰ ਵੀ ਤਾਂ ਇਕ ਮਹਿਬੂਬ ਦੇ ਹੀ ਵਾਂਗ ਕਰਦਾ ਹੈ
ਕਿ ਆਪਣੀ ਪਿਆਸ ਦਾ ਇਲਜ਼ਾਮ ਨਦੀਆਂ ਸਿਰ ਹੀ ਧਰਦਾ ਹੈ
ਧਿ੍ਰਤ ਦੇ ਬੁਰਛ ਨੂੰ ਦੇਖੋ, ਕੁਰਕਸ਼ੇਤਰ ਦੀ ਕੈਨਵਸ ’ਤੇ
ਕਿਵੇਂ ਮਾਸੂਮੀਅਤ ਦੇ ਨਾਲ, ਯੁੱਧ ਦੇ ਰੰਗ ਭਰਦਾ ਹੈ
ਸਿਆਸਤ ਦਾ ਧਰੂ ਤਾਰਾ ਬਣੇ ਰਹਿਣੇ ਦੀ ਖਾਤਰ ਹੀ
ਕਿ ਲੱਭ ਲੱਭ ਆਲ੍ਹਣੇ ’ਚੋਂ ਬੋਟਾਂ ਦੇ ਵੀ ਪਰ ਕੁਤਰਦਾ ਹੈ
ਜਵਾਨੀ ਗਾਲ ਲਈ ਜਿਸ ਰਾਣੀ ਕੋਲੋਂ ਚੂਰੀਆਂ ਖਾ ਕੇ
ਸਣੇ ਪਿੰਜਰੇ ਉਹ ਅੱਜ ਕੱਲ੍ਹ ਉੱਡਣੇ ਦੀ ਗੱਲ ਕਰਦਾ ਹੈ
ਬੜਾ ਮਗਰੂਰ ਹੈ ਹਾਕਿਮ, ਨਹੀਂ ਪਰ ਜਾਣੂ ਇਸ ਗੱਲ ਤੋਂ
ਸਮਝਦਾ ਕਵਚ ਉਹ ਜਿਸਨੂੰ, ਉਹ ਲੀਰੋ-ਲੀਰ ਪਰਦਾ ਹੈ
***
(5)
ਸਰਘੀ ਵੇਲੇ ਤਾਂ ਯਾਰੋ ਸੀ ਅੱਗ ਵਰ੍ਹ ਰਹੀ
ਸਿਖ਼ਰ ਦੋਪਹਿਰ ਕਿੱਦਾਂ ਠਰੀ ਹੋ ਗਈ
ਸ਼ਾਮ ਵੇਲੇ ਜੋ ਤਪਦੀ ਪਈ ਰੇਤ ਸੀ
ਅੱਧੀ ਰਾਤੀਂ ਕਿਵੇਂ ਉਹ ਨਦੀ ਹੋ ਗਈ
ਮੂਕ ਨਦੀਆਂ ਦਾ ਵਿਰਲਾਪ ਕਿੱਦਾਂ ਸੁਣਾਂ
ਤੇ ਸਮੁੰਦਰ ਦੀ ਕਿੱਦਾਂ ਜਰਾਂ ਗਰਜਨਾਂ
ਨਾ ਹੀ ਲਹਿਰਾਂ ਕਿਤੇ ਨਾ ਕਿਨਾਰੇ ਕਿਤੇ
ਹਮਸਫ਼ਰ ਸਾਡੀ ਤਾਂ ਤਿਸ਼ਨਗੀ ਹੋ ਗਈ
ਰੋਜ਼ ਟੱਕਰੇ ਉਹ ਸੂਰਜ ਨੂੰ ਏਦਾਂ ਜ਼ਰਾ,
ਅਗਲੇ ਪਲ ਹੀ ਜਿਉਂ ਕਿਰਨਾਂ ਨਿਗਲ ਜਾਏਗੀ
ਆਫ਼ਰੀ ਰਾਤ ਦਾ ਭਰਮ ਟੁੱਟ ਹੀ ਗਿਆ
ਜੁਗਨੂੰ ਉੱਡਿਆ ਫ਼ਿਜ਼ ਰੰਗਲੀ ਹੋ ਗਈ।
ਬੰਦ ਕਮਰੇ ’ਚ ਗੂੜ੍ਹਾ ਹਨੇਰਾ ਸੀ ਉਹ
ਇਕ ਮੁੱਦਤ ਤੋਂ ਜਿਹੜਾ ਸੀ ਵਿਛਿਆ ਪਿਆ
ਨੂਰੀ ਹੱਥਾਂ ਦੀ ਇੱਕੋ ਹੀ ਦਸਤਕ ਮਿਲੀ
ਕੋਨੇ ਕੋਨੇ ਦੇ ਵਿਚ ਰੌਸ਼ਨੀ ਹੋ ਗਈ
ਸਾਡੀ ਸਰਗਮ ਅਸਾਥੋਂ ਜਦੋਂ ਰੁੱਸ ਗਈ
ਸਭਨਾ ਰਾਗਾਂ ਦੀ ਅੱਖੀਂ ਨਮੀ ਵਸ ਗਈ
‘ਸ਼ੀਲ’ ਰੀਝਾਂ ਦੇ ਸੰਗ ਸੀ ਤਰਾਸ਼ੀ ਅਸਾਂ
ਬੰਸਰੀ ਉਹ ਕਿਵੇਂ ਬੇਸੁਰੀ ਹੋ ਗਈ।
***
(6)
ਜਦੋਂ ਖਾਮੋਸ਼ ਹੁੰਦਾ ਹਾਂ ਤਾਂ ਮੰਨਦਾ ਹਾਂ ਕਿ ਲਾਅਣਤ ਹਾਂ।
ਜਦੋਂ ਹਾਂ ਬੋਲਦਾ ਕਹਿੰਦੇ ਹੋ ਮੈਂ ਖੁੱਲ੍ਹੀ ਬਗ਼ਾਵਤ ਹਾਂ।
ਜ਼ਮਾਨੇ ਦੇ ਚਲਨ ਨੇ ਹੀ ਘੜੀ ਸੀ ਮੌਤ ਦੀ ਸਾਜ਼ਿਸ਼,
ਨਹੀਂ ਮੈਂ ਤੀਰ ਨਹੀਂ ਤੋੜੇ, ਮੈਂ ਮਿਰਜ਼ੇ ਦੀ ਮੁਹੱਬਤ ਹਾਂ।
ਬੜੀ ਵਾਰੀ ਮੈਂ ਖੁੱਲ੍ਹੇ ਅੰਬਰਾਂ ਵੱਲ ਉੱਡਣਾ ਚਾਹਿਐ,
ਮਗਰ ਨਾ ਬੇੜੀਆਂ ਟੁੱਟਣ ਬੜੀ ਮਜ਼ਬੂਤ ਗੁਰਬਤ ਹਾਂ।
ਮੈਂ ਬਰਫ਼ਾਂ ਨਿਗਲਦੀ ਜਾਵਾਂ ਤੇ ਨਦੀਆਂ ਡੀਕਦੀ ਜਾਵਾਂ,
ਸਹੇੜੀ ਖੁਦ ਜੋ ਮਾਨਵ ਨੇ ਚੜ੍ਹੀ ਆਉਦੀ ਕਿਆਮਤ ਹਾਂ।
ਜੋ ਕੱਲ੍ਹ ਤੱਕ ਸੀ ਧਰੀ ਗਿਰਵੀ ਹਵਾ, ਅੱਜ ਵਿਕਣ ’ਤੇ ਆਈ,
ਜੋ ਧੂੰਏਂ ਵਿਚ ਗਵਾਚੀ ਜ਼ਿੰਦਗੀ ਦੀ ਉਹ ਸ਼ਹਾਦਤ ਹਾਂ।
***
(7)
ਮੈਂ ਹੀ ਦਰਿਆ, ਮੈਂ ਹੀ ਕਿਸ਼ਤੀ, ਮੇਰੇ ਵਿੱਚ ਪਤਵਾਰ ਰਵ੍ਹੇ।
ਪਾਣੀ ਵਿੱਚ ਰਹਿ ਕੇ ਵੀ ਮੇਰਾ ਪਾਣੀਆਂ ਸੰਗ ਤਕਰਾਰ ਰਵ੍ਹੇ।
ਜਿੱਥੇ ਮੋਹ ਦੀਆਂ ਤੰਦਾਂ ਹੋਵਣ ਉਸ ਘਰ ਵਿੱਚ ਪਰਵਾਰ ਰਵ੍ਹੇ।
ਉੱਥੇ ਰਹਿਣ ਵਿਕਾਊ ਰਿਸ਼ਤੇ, ਜਿਸ ਘਰ ਵਿੱਚ ਬਾਜ਼ਾਰ ਰਵ੍ਹੇ।
ਦੁਬਿਧਾ ਦੇ ਜੰਗਲ ’ਚੋਂ ਨਿਕਲ, ਰੁੱਤ ਬਦਲਣ ਵਿੱਚ ਰੱਖ ਯਕੀਨ,
ਪੱਤਝੜ ਵਿੱਚ ਵੀ ਕਈ ਰੁੱਖਾਂ ਦੀਆਂ ਅੱਖਾਂ ਵਿੱਚ ਬਹਾਰ ਰਵ੍ਹੇ।
ਹਾੜ੍ਹੀ-ਸਾਉਣੀ ਹੀ ਨਹੀਂ ਹੁਣ ਤਾਂ ਹਰ ਪਲ ਮਿਹਨਤ ਲੁੱਟ ਹੁੰਦੀ,
ਖੇਤਾਂ ਅੰਦਰ ਹਰ ਪਲ ਆਫ਼ਤ ਹਰ ਮੌਸਮ ਦੀ ਮਾਰ ਰਵ੍ਹੇ।
ਭੁੱਖ ਕੀ ਹੁੰਦੀ ਉਹ ਕੀ ਜਾਨਣ ਸੰਗਤ ਰੁਲਦੀ ਦਰਬਾਰੀਂ,
ਫ਼ਰਕ ਕੀ ਪੈਂਦੇ ਖਾਨ ਹੈ ਰਾਜਾ ਜਾਂ ਕੋਈ ਸਰਦਾਰ ਰਵ੍ਹੇ।
ਮੰਮਟੀਆਂ ’ਤੇ ਦੀਵੇ ਧਰੀਏ, ਚੱਲ ਅਰਘ ਚੜ੍ਹਾਈਏ ਹਰਫ਼ਾਂ ਨੂੰ,
ਅੱਖਾਂ ਵਿੱਚ ਸਜਾਈਏ ਮੰਜ਼ਲ, ਪੈਰਾਂ ਵਿੱਚ ਰਫ਼ਤਾਰ ਰਵ੍ਹੇ।
Hari Krishan Mayer
nice