ਅਸੀਂ ਉਡਦੇ ਪਰਿੰਦੇ - ਬਲਜਿੰਦਰ ਮਾਨ
Posted on:- 08-10-2014
ਅਸੀਂ ਉੱਡਦੇ ਪਰਿੰਦੇ ਸਾਡਾ ਅੰਬਰੀ ਟਿਕਾਣਾ
ਅਸੀਂ ਖੁਸ਼ੀਆਂ ਦਾ ਗੀਤ ਸਾਰੇ ਜਗ ਨੂੰ ਸੁਨਾਣਾ
ਤੁਸੀਂ ਜੰਗਾਲੇ ਹੋਏ ਖਿਆਲ ਸਾਡੇ ਵੱਲ ਨਾ ਕਰੋ
ਅਸੀਂ ਇਹਨਾਂ ਅੰਬਰਾਂ ਤੋਂ ਹੋਰ ਅੱਗੇ ਜਾਣਾ।
ਅਸੀਂ ਮਾਰੀਏ ਉਡਾਰੀ ਕਦੀ ਪਿੱਛਾ ਨਾ ਤਕਾਈਏ
ਵੈਰੀਆਂ ਨੂੰ ਲਾਕੇ ਗਲੇ ਮਿੱਤਰ ਬਣਾਈਏ
ਨੇਕ ਸਾਡੀ ਨੀਤੀ ਕੁਲ ਜਾਣਦਾ ਜਹਾਨ
ਲਾਕੇ ਅਸੀਂ ਯਾਰੀ ਸਦਾ ਤੋੜ ਤਾਈਂ ਨਿਭਾਈਏ।
ਅਸੀਂ ਕਰੀਏ ਅਹਿਸਾਨ ਨਾ ਦੇਈਏ ਕਦੀ ਤਾਹਨਾ
ਅਸੀਂ ਆਖੀਏ ਨਾ ਕਦੀ ਔਹ ਹੈ ਬੇਗਾਨਾ
ਸਾਡੇ ਸੱਚੇ ਸੁੱਚੇ ਦਿਲ ਤੇ ਸਾਫ ਨੇ ਖਿਆਲ
ਮੁੱਹਬਤਾਂ ਦਾ ਗਾਈਏ ਅਸੀਂ ਸਭ ਲਈ ਤਰਾਨਾ ।
ਪੂਰੀ ਇਹ ਮਨੁਖਤਾ ਲਈ ਕਰੀਏ ਦੁਆਵਾਂ
ਨਾ ਐਟਮਾ ਦੇ ਬੰਬਾ ਜਿਹੀਆਂ ਲੱਗਣ ਬਲਾਵਾਂ
ਸ਼ਾਤੀ ਦੇ ਚੰਦ ਸਦਾ ਚੜੇ੍ਹ ਰਹਿਣ ਅੰਬਰਾਂ ਤੇ
ਮੁੱਕ ਜਾਣਾ ਹੱਦਾਂ ਸਭ ਉਡਾਰੀਆ ਮੈਂ ਲਾਵਾਂ।
ਸਾਡੇ ਤਾਂ ਖਿਆਲ ‘ਮਾਨ’ ਹੱਦਾਂ ਬੰਨੇ ਟੱਪ ਜਾਣ
ਅਜ਼ਾਦ ਰਹਿਣਾ ਸਦਾ ਅਸੀਂ ਜਾਲ਼ ਭਾਵੇਂ ਲੱਖ ਲਾਣ
ਸਿਰਜਣਾ ਇਤਿਹਾਸ ਆਪਾਂ ਕਰਕੇ ਤਿਆਰੀ ਸਾਰੀ
ਰੌਸ਼ਨ ਭਵਿੱਖ ਹੋਵੇ ਮਿਹਨਤਾਂ ਦੇ ਦੀਪ ਨਾਲ।