ਜਸਪ੍ਰੀਤ ਕੌਰ ਦੀਆਂ ਦੋ ਰਚਨਾਵਾਂ
Posted on:- 07-10-2014
(1) ਹਵਾ
ਹਵਾ ਰੂਪ ਬਦਲ ਬਦਲ ਕੇ ਆਉਂਦੀ,
ਕਦੇ ਲਿਆਵੇ ਖੁਸ਼ੀਆਂ ਖੇੜੇ,
ਕਦੇ ਗ਼ਮਾਂ ਦੇ ਸਵੇਰੇ !
ਮੈਨੂੰ ਘੁੱਟ ਘੁੱਟ ਗਲਵਕੜੀ ਪਾਉਂਦੀ,
ਜਿਵੇਂ ਆਈ ਸਦੀਆਂ ਤੋਂ ਗੇੜੇ,
ਲੱਗੇ ਅੰਦਰ ਬੜਗੀ ਮੇਰੇ !
ਦੇਖ ਦੇਖ ਕੇ ਦੁਹਾਈਆਂ ਪਾਉਂਦੀ,
ਕਿਵੇਂ ਡੁੱਬਗੀ ਜ਼ਿੰਦਗੀ ਦੇ ਬੇੜੇ,
ਲਿਆ ਜ਼ਖ਼ਮ ਸੁਕਾਵਾਂ ਤੇਰੇ !
ਮੈਨੂੰ ਗਲ ਲੱਗ ਕੇ ਪਈ ਵਰਾਉਂਦੀ,
ਕਹਿੰਦੀ ਪਤਾ ਏ ਦੋਸ਼ੀ ਜਿਹੜੇ,
ਸੁੱਟੂ ਕਦੇ ਤਾਂ ਪੈਰਾਂ 'ਚ ਤੇਰੇ !
ਤਸੱਲੀ ਦੇ ਦੇ ਹੌਸਲਾਂ ਵਧਾਉਂਦੀ,
ਰੱਜ ਰੱਜ ਖਾਂ ਮੱਖਣ ਦੇ ਪੇੜੇ,
ਫਿਕਰ ਨਾ ਕਰ ਲਾਲ ਮੇਰੇ !
ਦੁਖੜਿਆਂ ਦੇ ਢੇਰ ਪਈ ਢਾਹੁੰਦੀ,
ਦੱਸੀ ਜੇ ਕੋਈ ਤੈਨੂੰ ਛੇੜੇ,
ਮੈਂ ਹਰ ਦਮ ਨਾਲ ਆ ਤੇਰੇ !
ਇੱਕ ਗੱਲ ਓਹ ਵੀ ਏ ਚਾਹੁੰਦੀ,
ਮੁੱਕ ਜਾਣ ਇੱਥੋਂ ਝਗੜੇ ਝੇੜੇ,
ਹੋ ਜਾਣ ਸਭ ਨੇੜੇ ਨੇੜੇ !
***
(2) ਬੰਦ ਮੁੱਠੀ
ਮੇਰੀ ਮੁੱਠੀ ਬੰਦ ਤਾਹੀਓ,
ਲੁਕ ਜਾਣ ਲੇਖ ਲਕੀਰਾਂ,
ਸਾਗਰ ਦੇ ਪਾਣੀ ਵਾਗੂੰ,
ਹੱਦਾਂ ਦੇ ਕੰਢੇ ਚੀਰਾਂ,
ਕੋਈ ਬੰਧਸ਼ ਵੀ ਨਾ ਹੋਵੇ,
ਨਿਸ਼ਾਨੇ ਲੱਗਣ ਏਹ ਤੀਰਾਂ,
ਮੇਰੀ ਅੱਖ ਵੀ ਨਾ ਰੋਵੇ,
ਭਾਵੇਂ ਹੋ ਜਾਣ ਲੀਰਾਂ ਲੀਰਾਂ,
ਹੁਣ ਤੂੰ ਹੀ ਮੁਰਸ਼ਦ ਮੇਰਾ,
ਨਿਭਾਈ ਸੰਗ ਸਾਕ ਸਕੀਰਾਂ,
ਆਉਂਦੇ ਚੇਤੇ ਚੋਂ ਨਾ ਭੁੱਲੀ,
ਯਾਦ ਕਰਨਾ ਅਸੀਂ ਅਖੀਰਾਂ,
ਵਿੱਚ ਦੂਰੀ ਖੜੀ ਖਲੋਤੀ,
ਤੋੜ ਦਈਏ ਜਿਵੇਂ ਸ਼ਤੀਰਾਂ,
ਰਹਿ ਵਿੱਚ ਸ਼ਾਨ ਏ ਸ਼ੌਕਤ,
ਜਗਾਂ ਲੈ ਵਿੱਚ ਦਿਲ ਅਮੀਰਾਂ,
ਮੰਗੀਏ ਜੋਤੋ ਗੁਰ ਦੀ ਜੋਤ,
ਮਗ ਲੈਣ ਦੇ ਵਿੱਚ ਫ਼ਕੀਰਾਂ,
ਲੈਣਾ ਦੇਣਾ ਤੂੰ ਕੀ ਕਰਨਾ,
ਜੀਵਾ ਵਿੱਚ ਖੁਸ਼ੀਆ ਖੀਰਾਂ !