ਕਾਫ਼ਿਰ ਦਿਲ ਦੀ ਇੱਕ ਕਵਿਤਾ
Posted on:- 18-09-2014
ਸਮਝਣਾ ਚੰਗਾ ਹੈ
ਮਨ ਨੂੰ ਸਮਝਾਉਣ ਦੀ ਬਜਾਇ
ਕਿ ਸਮਝਣਾ ਜ਼ਰੂਰੀ ਹੈ
ਕਾਬਿਲ ਹੋਣ ਲਈ
ਤਾਂ ਜੋ ਜ਼ਿੰਦਗੀ ਗੁਜ਼ਰੇ
ਕੀੜੇ ਮਕੌੜਿਆਂ ਤੋ ਬੇਹਤਰ
ਕਿ ਹੰਝੂਆਂ ਦਾ ਮੁੱਲ ਮਿਲ ਸਕੇ
ਕਿ ਕਰਜ਼ਾ ਮੋੜਨਾ ਹੈ ਸਧਰਾਂ ਦਾ
ਜੋ ਹੁਣ ਤੱਕ ਨਿਚੋੜਿਆ ਪਸੀਨਾ
ਕਿ ਹੱਥਾਂ ਦੇ ਅੱਟਣ ਗਵਾਹ ਨੇ
ਅਸੀ ਲੜਨਾ ਹੈ ਕਿਸਮਤ ਨਾਲ
ਕਿ ਲੜਨਾ ਜ਼ਰੂਰੀ ਹੈ ਹੱਕਾਂ ਲਈ
ਕਿ ਹੱਕ ਪਰੋਸੇ ਨਹੀ ਜਾਂਦੇ
ਹੱਥ ਫ਼ੈਲਾਇਆਂ ਨਹੀਂ ਮਿਲਦੇ
ਬੇਸ਼ੱਕ ਸੱਚ ਹੈ ਇਹ ਵੀ
ਕਿ ਸੁਰਗ ਕਿਤੇ ਵੀ ਨਹੀ ਹੁੰਦੇ
ਕਿ ਸੁਰਗ ਬਣਾਇਆਂ ਬਣਦੇ ਨੇ
ਕਿ ਜਿਉਣਾ ਉਹਨਾਂ ਦਾ ਹੁੰਦੈ
ਜੋ ਖੁਦ ਲਈ ਜੂਝਦੇ ਰਹਿੰਦੇ
ਜਿਉਣ ਦੀ ਖਾਤਿਰ ਜੋ ਮਰਦੇ
ਕਿ ਜ਼ਿੰਦਗੀ ਖੂਬਸੂਰਤ ਹੈ
ਸਦਾ ਇਹ ਸੋਚ ਕੇ ਚੱਲਣਾ
ਸੁਪਨਿਆਂ ਦੀ ਖੇਤੀ ਲਈ
ਜਜ਼ਬਾਤਾਂ ਦੀ ਜ਼ਮੀਨ ਉੱਪਰ
ਮਿਹਨਤ ਕਰਦੇ ਰਹਿਣਾ ਹੈ
ਕਿ ਯਾਰੋ ਲੜਦੇ ਰਹਿਣਾ ਹੈ
ਲੜਨਾ ਜ਼ਰੂਰੀ ਹੈ ਆਖ਼ਿਰ
ਹੱਕਾਂ ਦੀ ਅਜ਼ਾਦੀ ਲਈ
ਅਜ਼ਾਦੀ ਇੰਝ ਨਹੀ ਮਿਲਦੀ
ਕਿ ਬਾਗੀ ਬਣਨਾ ਪੈਂਦਾ ਹੈ
ਕਿ ਤੁਫ਼ਾਨ ਚਲਦੇ ਰਹਿੰਦੇ ਨੇ
ਕਿ ਅੜਕੇ ਖੜਨਾ ਪੈਂਦਾ ਹੈ
ਮੰਜ਼ਿਲ ਸਰ ਹੁੰਦੀ ਨਹੀਂ ਖੜਕੇ
ਕਿ ਕੁਝ ਤਾਂ ਕਰਨਾ ਪੈਂਦਾ ਹੈ
ਸੰਪਰਕ: +91 98151- 19987