ਅਮਰਜੀਤ ਟਾਂਡਾ ਦੀਆਂ ਦੋ ਰਚਨਾਵਾਂ
Posted on:- 16-09-2014
ਓਹ ਮਾਂ ਹੀ ਸੀ
ਓਹ ਮਾਂ ਹੀ ਸੀ
ਜਿਸ ਨੇ ਭੁੱਖ ਵੇਲੇ
ਆਂਦਰਾਂ ਦੀਆਂ ਗੁਰਾਹੀਆਂ ਵੀ ਸੁੱਖੀਆਂ ਸਨ
ਪੁੱਤ ਦਾ ਦਰਦ ਦੇਖ ਕੇ ਉਮਰ ਭਰ ਦੀ ਨੀਂਦ ਗੁਆ ਲਈ ਸੀ
ਰਾਹ ਚ ਉਡੀਕ ਬਣ ਵਿਛੀ ਰਹੀ ਸੀ ਮੁੱਦਤ ਤੀਕ -
ਪੁੱਤ ਘਰ ਨਾ ਹੁੰਦਾ ਤਾਂ ਸੂਰਜ ਛੁਪ ਜਾਂਦਾ ਸੀ ਮਾਂ ਲਈ
ਦੁਨੀਆਂ ਮਿਟ ਜਾਂਦੀ ਸੀ
ਬ੍ਰਹਿਮੰਡ ਦੇ ਸਿਤਾਰਿਆਂ ਦੀ ਚੀਖ ਨਿਕਲਦੀ ਸੀ
ਹੰਝੂਆਂ ਦੇ ਦਰਿਆ ਵਹਿਣ ਲੱਗ ਜਾਂਦੇ ਸਨ -
ਗਲੀਆਂ ਪੁੱਤਾਂ ਨੂੰ ਲੱਭਣ ਤੁਰ ਪੈਂਦੀਆਂ ਸਨ
ਕਿਹੜਾ ਚੰਨ ਖੜੇ੍ਗਾ ਮਾਂ ਦੇ ਤਿਆਗ ਸਾਹਮਣੇ -
ਮਾਂ ਦੀ ਲੋਅ ਨੇੜੇ-
ਲੱਖਾਂ ਸੂਰਜ ਮਾਂ
ਅੰਬਰਾਂ ਵਰਗੀ ਛਾਂ
ਧਰਤ ਜਿੱਡੀ ਖੇਡਣ ਵਾਲੀ ਥਾਂ
***
ਜਦੋਂ ਘਰਾਂ ਨੂੰ ਅਲਵਿਦਾ ਕਿਹਾ ਸੀ
ਜਦੋਂ ਘਰਾਂ ਨੂੰ ਅਲ੍ਹਵਿਦਾ ਕਿਹਾ ਸੀ
ਤਾਂ ਬਨ੍ਹੇਰਿਆ ਤੇ ਪੱਤਝੜ੍ਹ ਬੈਠੀ ਸੀ-
ਬਹਾਰਾਂ ਦਾ ਸੁਨੇਹਾ
ਦਰਾਂ ਤੇ ਚੁਆ ਕੇ ਟੁਰੇ ਸਾਂ- ਅਸੀਂ
ਉਮੀਦਾਂ ਦਾ ਟੁੱਕ ਲੜ੍ਹੀਂ ਬੰਨ੍ਹ ਕੇ-
ਕਿੰਨਾ ਉਦਾਸ ਹੋਇਆ ਸੀ ਬਾਪੂ
ਭੈਣਾਂ ਨੇ ਕਿਸੇ ਨੁੱਕਰੇ ਜਾ ਕੇ
ਚੁੰਨੀ ਦੇ ਲੜ੍ਹਾਂ ਚ ਲੁਕੋ ਲਈਆਂ ਸਨ ਕਿਰਦੇ ਹੰਝੂਆਂ 'ਚ
ਡੁੱਬੀਆਂ ਪਲਕਾਂ ਦੀਆਂ ਤਸਵੀਰਾਂ-
ਪੁੱਤ ਮਾਂ ਦੇ ਪੈਰਾਂ ਨੂੰ ਛੁਹਣ ਲੱਗਾ
ਤਾਂ ਧਰਤ ਪਾਟ ਗਈ ਸੀ
ਬਾਪੂ ਦੇ ਗਲ ਲੱਗਣ ਲੱਗਾ
ਤਾਂ ਅਰਸ਼ 'ਚੋ ਪਿਆ ਸੀ-
ਬਹੁਤ ਚੇਤਾ ਆਇਆ ਸੀ ਓਹਦਾ ਵੀ
ਜਿਹੜੀ ਨਾਨਕੀਂ ਆ ਕੇ ਰਹਿੰਦੀ ਹੁੰਦੀ ਸੀ
ਬਹੁਤ ਮੁਸ਼ਕਲ ਹੁੰਦਾ ਹੈ
ਹਸਦੇ ਘਰਾਂ ਦੀਆਂ ਦੀਵਾਰਾਂ ਨੂੰ ਗਲ ਲਾ ਕੇ ਛੱਡਣਾਂ
ਤੇ ਵਸਦੇ ਵਿਹੜਿਆਂ ਨੂੰ
ਬਿਨ ਹੰਝੂਆਂ ਦਾ ਤੇਲ ਪਾਇਆਂ ਤੁਰ ਆਉਣਾ
ਮਾਂ ਨੇ ਪਤਾ ਨਹੀਂ
ਕਿਦਾਂ ਦਿੱਲ ਨੂੰ ਸਾਂਭ ਕੇ ਪੁੱਤ ਦਾ ਸਿਰ ਪਲੋਸਿਆ ਸੀ-
ਖ਼ਬਰੇ ਕਿੰਨੇ ਭੁੱਖੇ ਪਿਆਸੇ ਪੱਤੇ ਡਿੱਗੇ ਹੋਣੇ ਰੁੱਖਾਂ ਤੋਂ
ਬਦੇਸ਼ੀ ਧਰਤ ਉੱਤੇ ਮੇਰੇ ਵਰਗੇ
ਵਲੈਤੀ ਫੁੱਲਾਂ ਦੀਆਂ ਕਲਮਾਂ ਲੈਣ ਆਏ
ਮੁਦਤਾਂ ਤੀਕ ਨਾ ਪਰਤੇ
ਜ਼ਮੀਨਾਂ ਓਦਾਂ ਹੀ ਪਈਆਂ ਰਹਿ ਗਈਆਂ ਸੱਖਣੀਆਂ
ਕੁਝ ਕੁ ਫੁੱਲਾਂ ਨੂੰ ਤੇ ਬਾਕੀ ਪੁੱਤਾਂ ਨੂੰ ਉਡੀਕਦੀਆਂ-
ਰਾਹਾਂ ਨੂੰ ਸੀਨੇ ਫ਼ੜ੍ਹ ਫੜ੍ਹ
ਜਿਸ ਤਰ੍ਹਾਂ 'ਕੱਲੇ ਛੱਡ ਕੇ ਆਏ ਸਾਂ-
ਅਜੇ ਵੀ ਯਾਦ ਨੇ ਉਹ ਪਲ
ਫ਼ਲਾਈਟ ਦੇ ਫ਼ਿਕਰ ਨੇ
ਯਾਰ ਵੀ ਨਾ ਮਿਲਣ ਦਿਤੇ
ਨਿੱਕਿਆਂ ਵੀਰਾਂ ਨੂੰ ਘੁੱਟ ਕੇ
ਗਲੇ ਵੀ ਨਾ ਲਾ ਹੋਇਆ-
ਸ਼ੀਸੇ 'ਚ ਰਹਿ ਗਿਆ ਸੀ ਕਿਤੇ
ਉਦਾਸ ਜੇਹਾ ਹੁੱਬਕੀਂ ਸਿੱਸਕਦਾ ਅਕਸ
ਓਦਣ ਸੂਰਜ ਵੀ ਜਲਦੀ ਡੁੱਬ ਗਿਆ ਸੀ
ਚੰਨ ਤਾਰੇ ਵੀ
ਪਤਾ ਨਹੀਂ ਕਿਉਂ ਜਲਦੀ ਛੁਪ ਗਏ ਸਨ-
ਸੁਪਨਿਆਂ 'ਚ ਏਨੀਆਂ ਰੰਗੀਨ ਫੁੱਲ-ਪੱਤੀਆਂ ਸਨ
ਕਿ ਰੰਗ ਨਹੀਂ ਸਨ ਗਿਣੇ ਜਾਂਦੇ
ਸਾਰਾ ਪੰਜਾਬ ਓਦੋਂ ਉੱਜੜਿਆ ਸੀ ਆਪਣੇ ਆਪ-
ਘਰਾਂ ਚ ਜੇ ਬਾਕੀ ਬਚੇ ਸਨ ਤਾਂ ਬੁੱਢੇ ਜਾਂ ਡੰਗੋਰੀਆਂ
ਕਿੱਲੀਆਂ ਤੇ ਟੰਗੇ ਰਹਿ ਗਏ ਪੁਰਾਣੇ ਝੱਗੇ ਤੇ ਪਜ਼ਾਮੇ
ਤੇ ਅਲਮਾਰੀਆਂ 'ਚ ਸਜੀਆਂ ਕਿਤਾਬਾਂ ਕਾਪੀਆਂ
ਜਿਹਨਾਂ 'ਚ ਕੁਝ ਜ਼ਿੰਦਗੀ ਦੇ ਲੇਖ ਸਨ
ਤੇ ਬਾਕੀ ਦੇ ਸਫ਼ਿਆਂ ਤੇ ਅਣਕੱਢੇ ਕਈ ਸਵਾਲ-
ਜਹਾਜ਼ ਦੇ ਹੂਟਿਆਂ 'ਚ
ਸੁਰਗ ਤਰਦਾ ਨਜ਼ਰ ਆਇਆ
ਵਲੈਤ 'ਚ ਜੇ ਕਿਤੇ ਪੰਜਾਬ ਮਿਲਦਾ
ਤਾਂ ਪਛਾਨਣੋ ਵੀ ਝਿਜਕਦਾ ਸੀ-
ਗਲ ਤਾਂ ਓਹਨੇ ਕੀ ਲਾਉਣਾ ਸੀ-
ਰਾਤਾਂ 'ਚ ਉਦਾਸੀਆਂ ਵਿਛਾ ਕੇ ਸੌਂਦੇ ਰਹੇ
ਪਿੰਡ ਦੀਆਂ ਗਲੀਆਂ ਨੂੰ ਨਾਲ ਸੁਆ ਕੇ
ਕੰਮਾਂ ਕਾਰਾਂ ਤੇ ਜਾਂਦੇ
ਤਾਂ ਪੈਰ ਘਰੀਂ ਰਹਿ ਜਾਂਦੇ ਸਨ-
ਸਾਲਾਂ ਦੀ ਇਕੱਲਤਾ ਨੇ ਘਰ ਵਸਾਏ
ਪਰ ਕੋਣਿਆਂ 'ਚ ਸਜਾਉਣ ਲਈ ਕੁਝ ਵੀ ਨਹੀਂ ਸੀ-
ਉਨੀਂਦਰੇ ਤੇ ਅੰਗਾਂ ਦੀ ਥਕਾਵਟ ਤੋਂ ਵਗੈਰ
ਕਿਤਿਓਂ-ਬੀਜੀ ਬਾਪੂ ਦੀ ਫ਼ੋਟੋ ਲੱਭੀ
ਇੰਝ ਲੱਗਿਆ ਸੀ-
ਜਿਵੇਂ ਗੁਰੂ ਨਾਨਕ ਮਰਦਾਨੇ ਹੋਰੀਂ ਟੱਕਰ ਗਏ ਹੋਣ ਗੁਆਚੇ
ਕਿੱਥੇ ਲੱਭਦਾ ਹੈ ਲਿੱਪੀਆਂ ਕੰਧਾਂ ਤੇ
ਮੋਰਾਂ ਘੁੱਗੀਆਂ ਵਾਲਾ ਮਾਂ ਦਾ ਮਹਿੰਗਾ ਆਰਟ ਬਦੇਸ਼ਾਂ ਚ
ਡਾਲਰਾਂ ਦੇ ਪੁੱਲ ਲੰਘਦਿਆਂ
ਜਿਸਮ ਕੁਝ ਤਾਂ ਝੜ੍ਹ ਗਏ ਤੇ ਬਾਕੀ ਸੁੱਕ ਸੜ੍ਹ ਗਏ ਸਨ-
ਵੀਕਇੰਡ 'ਚ ਮੋਮਬੱਤੀਆਂ ਦੀ ਲੋਅ 'ਚ ਲਹੂ ਬਲਦਾ ਦਿਸਦਾ ਸੀ -
ਪਿੰਡਾਂ ਨੂੰ ਯਾਰ ਜਾਂਦੇ -ਤਾਂ ਨਵਾਂ ਹੇਅਰ ਕੱਟ ਲੈ ਕੇ ਜਾਂਦੇ
ਨਵੇਂ ਸੂਟ ਪਹਿਨ ਜੋ ਮਜ਼ਾ ਕਿਣਮਿਣ 'ਚ ਰਾਹਾਂ ਦੀ ਧੁੱਦਲ
'ਚੋਂ ਉੱਡਦੀ ਮਹਿਕ ਮਿਲਦੀ-ਸੁਰਗ ਸਵਾਰ ਦਿੰਦੀ-
ਯਾਰਾਂ ਦੀ ਮਹਿਫ਼ਿਲ ਚ ਤਾਂ ਬਨਵਟੀ ਜੇਹਾ ਹੀ ਹਾਸਾ ਹੁੰਦਾ ਸੀ-
ਲੋਰ ਤਾਂ ਵਲੈਤੀ ਬੋਤਲ ਦੇ ਘੁੱਟਾਂ ਜਾਂ ਗਲਾਸਾਂ ਚੋਂ ਡੁਲਦਾ ਸੀ ਪਲਾਂ ਲਈ
ਸ਼ਾਮ ਤੋਂ ਦੇਰ ਰਾਤ ਤੱਕ ਕਦੇ ਜਗਦਾ ਤੇ ਕਦੇ ਬੁਝਦਾ-
ਬਸ ਹੋਰ ਨਾ ਯਾਰ ਪਾਈਂ ਪੈੱਗ
ਸਵੇਰੇ ਜਲਦੀ ਜਾਣਾ ਹੈ
ਕਿਤੇ ਫ਼ਲਾਈਟ ਹੀ ਨਾ ਮਿੱਸ ਹੋ ਜਾਵੇ-
ਪਹੁੰਚਣਾ ਹੈ ਜ਼ਰੂਰੀ ਫ਼ਿਰ ਮਸ਼ੀਨ ਬਣਨ ਲਈ-
ਨਵੇਂ ਸੁਪਨੇ ਫੜ੍ਹਨ ਲਈ
ਉੱਚੇ ਅੰਬਰ ਤੇ ਚੜ੍ਹਨ ਲਈ
ਸੂਰਜ ਖ਼ਾਬੀਂ ਜੜ੍ਹਨ ਲਈ-