ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ
      
      Posted on:- 13-09-2014
      
      
            
      
ਗ਼ਜ਼ਲ 
ਅੱਜ ਹਰ ਕੋਈ ਇਥੇ ਚਲਾਕ ਬਣਦਾ 
ਬੰਦਾ ਆਪਣਿਆਂ ਤੋਂ ਹਲਾਕ ਬਣਦਾ 
ਜੇ ਵਿਸ਼ਵਾਸ ਨਹੀਂ ਵਿੱਚ ਰਿਸ਼ਤਿਆਂ ਦੇ
ਕੋਈ ਰਿਸ਼ਤਾ ਕਦੀ ਨ੍ਹੀਂ ਪਾਕ ਬਣਦਾ 
ਗੱਲ ਸੋਚ ਵਿਚਾਰ ਕੇ ਨਾ ਕਰੇ ਜਿਹੜਾ
ਸ਼ਖ਼ਸ ਪਰਿਆ ਦੇ ਵਿੱਚ ਮਜ਼ਾਕ ਬਣਦਾ 
ਜਿਸਦੇ   ਬੋਲ  ਮੰਦੇ  ਤੇ  ਤੋਲ  ਮਾੜਾ
ਫਿਰ ਉਸਦਾ ਕੋਈ ਨ੍ਹੀ ਗਾਹਕ ਬਣਦਾ 
ਪਿੱਠ  ਪਿੱਛੇ  ਕਰਦਾ  ਹੈ ਵਾਰ ਜਿਹੜਾ
ਨਾਮ ਉਹਦਾ  ਜਹਾਨ ਤੇ ਖਾਕ ਬਣਦਾ 
ਇੱਜ਼ਤ  ਲਾਹ  ਜਿਨ੍ਹਾਂ  ਨੇ  ਪਾਈ  ਚੁੱਲੇ
ਨਹੀਂ ਸੁਥਰਾ  ਫਿਰ ਕੋਈ ਸਾਕ ਬਣਦਾ 
ਸੌ   ਹੱਥ   ਰੱਸਾ   ਸਿਰੇ   ਗੰਢ   ਹੁੰਦੀ
ਇਲਮ  ਬਾਜ਼ ਨ੍ਹੀ  ਸੋਹਲ ਵਾਕ ਬਣਦਾ 
                             
***
ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ  ਜਿਨ੍ਹਾਂ  ਨੂੰ  ਵਿਚ  ਵਸਾ ਅੱਖਾਂ
ਵਿਹੰਦਿਆਂ  ਅੱਜ ਇਹ ਚਾਰ ਹੋਈਆਂ
ਕਿੰਝ ਦਿਲਬਰ ਤੋਂ ਲਵਾਂ  ਚੁਰਾ ਅੱਖਾਂ
ਇੱਕ  ਪੱਲ  ਵਿਛੋੜਾ  ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ
ਦਿਲ  ਭਾਰਾ  ਸੱਜਣ  ਜਦੋਂ  ਦੂਰ ਹੋਵੇ
ਲੈਂਣ  ਯਾਦਾਂ  ਵਿਚ  ਹੰਝੂ  ਵਹਾ ਅੱਖਾਂ
ਜਦ  ਦੀਆਂ  ਸੋਹਲ ਇਹ ਲੱਗੀਆਂ ਨੇ
ਉਸ  ਦਿਨ ਤੋਂ  ਵੇਖੀਆਂ  ਨਾ ਲਾ ਅੱਖਾਂ
***
ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਖੁਦਾ ਇਸ਼ਕ ਵਿੱਚ ਸਦਾ ਭਿਆਲ ਰਹਿੰਦਾ
ਕਰਦੇ ਜਿਸਮਾਂ ਦਾ ਨ੍ਹੀ ਜੋ ਵਪਾਰ ਇਥੇ
ਪੱਕਿਆਂ ਦੀ ਜਗਾ ਰੱਖ ਦਿੱਤੇ ਕੱਚੇ
ਲੋਕ ਉਹਨਾ ਨੂੰ ਕਰਦੇ ਬਦਕਾਰ ਇਥੇ
ਲੰਘੇ ਪਾਣੀ ਨ੍ਹੀ ਕਦੀ ਪਤਨ ਵਿਹੰਦੇ
ਮਾਰੇ ਇਸ਼ਕ ਦੇ ਰੋਂਦੇ ਨੇ ਯਾਰ ਇਥੇ
ਵਿੱਚ ਬਿਰ੍ਹਾ ਖੁਸ਼ੀਆਂ ਨੂੰ ਪੈਣ ਦੰਦਲਾਂ
ਹੁੰਦੀ ਵਸਲ ਦੀ ਜਦੋਂ ਕਿਤੇ ਹਾਰ ਇਥੇ
ਤਾਜ਼ ਪੋਸ਼ੀ ਵੇਖੀ ਅਸੀਂ ਝੂਠਿਆਂ ਦੀ
ਸਚਿਆਂ ਨੂੰ ਵੇਖੀ ਪੈਂਦੀ ਮਾਰ ਇਥੇ
***
ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ 
ਪੈਂਡੇ ਇਸ਼ਕ ਦੇ ਔਖੇ ਤੇ ਹੋਣ ਲੰਬੇ 
ਵਿਚ ਰਾਹਾਂ ਦੇ ਮਿਲਣ ਖੁਵਾਰੀਆਂ ਨੇ 
ਇਸ ਮਰਜ਼ ਦੀ ਕੋਈ ਨਾ ਦਵਾ ਕਿਧਰੇ 
ਮਾਰ ਦਿੱਤੇ ਕਈ ਇਹਨਾ ਬਿਮਾਰੀਆਂ ਨੇ 
ਬੇਲੇ ਗਾਹ ਦਿੱਤੇ ਹੀਰਾਂ ਪਾਉਣ ਖਾਤਰ 
ਬਣ ਚਾਕਰ ਗਏ ਛੱਡ ਸਰਦਾਰੀਆਂ ਨੇ 
ਸੱਸੀਆਂ ਭੁੱਝ ਗਈਆਂ ਕਈ ਵਿੱਚ ਥਲਾਂ 
ਲਾਉਣ ਸੋਹਣੀਆਂ ਭੰਵਰਾਂ ਵਿੱਚ ਤਾਰੀਆਂ ਨੇ 
ਸ਼ਰੇ ਬਾਜ਼ਾਰ ਫਿਰ ਮਜਨੂੰ ਨੂੰ ਪੈਣ ਰੋੜੇ 
ਲੈਲਾ ਕਰ ਕਰ ਮਿੰਨਤਾਂ ਕਈ ਹਰੀਆਂ ਨੇ 
ਫਰਹਾਦ ਕਰ ਕਰ ਕੋਸ਼ਿਸ਼ਾਂ ਹਾਰ ਜਾਵੇ 
ਉੱਤੋਂ ਮਹਿਲਾਂ ਦੇ ਸ਼ੀਰੀ ਛਾਲਾਂ ਮਾਰੀਆਂ ਨੇ 
ਹੋਵੇ ਇਸ਼ਕ ਦੀ ਨਾ ਏਥੇ ਕਦੇ ਜਾਤ ਕੋਈ 
ਸੂਰੀਆਂ ਸ਼ੇਖ ਨੇ ਭੰਗਣ ਦੀਆਂ ਚਾਰੀਆਂ ਨੇ 
ਸੋਹਲ ਇਸ਼ਕ ਹਕੀਕੀ ਕਰਨਾ ਨਹੀਂ ਸੌਖਾ 
ਸਾਂਈ ਬੁੱਲੇ ਨੇ ਕੀਤੀ ਮੱਲਾਂ ਮਾਰੀਆਂ ਨੇ 
     
      
     
    
ramandeep romi
ਬਹੁਤ ਖੂਬਸੂਰਤ ਰਚਨਾਵਾਂ ਨੇ ਜੀ !