ਇਕਬਾਲ ਦੀਆਂ ਦੋ ਗ਼ਜ਼ਲਾਂ
Posted on:- 14-06-2012
ਬੜੇ ਲੁਭਾਉਣੇ ਲਫ਼ਜ਼
ਬੜੇ ਲੁਭਾਉਣੇ ਲਫ਼ਜ਼ਾਂ ਦੇ ਸੰਗ ਮਸ਼ਕਰੀ ਕੀਤੀ ਗਈ
ਸਾਡੇ ਚਾਵਾਂ ਦੀ ਸਾਥੋਂ ਪੁੱਛ ਤਸਕਰੀ ਕੀਤੀ ਗਈ
ਮੈਂ ਤਾਂ ਤੇਰੀ ਅੱਖ ਦੇ ਉੱਠਣ ’ਤੇ ਹੀ ਸਾਂ ਉੱਠਿਆ,
ਜਾਣ ਲਈ ਕਹਿਕੇ ਜ਼ਬਾਂ ਕਿਉਂ ਕਿਰਕਰੀ ਕੀਤੀ ਗਈ
ਜਾਣਕੇ ਵੀ ਕਿਉਂ ਭਲਾ ਉਸ ਨੂੰ ਬੁਲਾਇਆ ਜਾਣਕੇ,
ਰੋਗ ਬਣਕੇ ਬਹਿ ਗਈ ਗੱਲ ਸਰਸਰੀ ਕੀਤੀ ਗਈ
ਤੇਰੇ ਚੜ੍ਹ ਗਏ ਤੇਵਰਾਂ ਦੀ ਝਲਕ ਪਾਉਣ ਦੇ ਲਈ,
ਦਿਲ ਦੇ ਨਾ ਚਾਹੁਣ ’ਤੇ ਵੀ ਭੁੱਲ ਆਖਰੀ ਕੀਤੀ ਗਈ
ਯਾਦ ਸੀ ਇੱਕ, ਸਾਲ ਕਈ ਸਨ, ਸੋਗ ਸੀ ਤੇਰੇ ਬਿਨਾਂ,
ਤੂੰ ਕੀ ਜਾਣੇ ਕਿੰਝ ਸ਼ੁਰੂ ਮੁੜ ਜਨਵਰੀ ਕੀਤੀ ਗਈ
ਸ਼ਾਹਾਂ ਦਾ ਸ਼ਾਹ ਸੀ, ਬਾਦਸ਼ਾਹ ਸੀ ਖ਼ਲਕ ਦਾ, ਬੌਨਾ ਜਿਹਾ,
ਸਾਗਰ ’ਚੋਂ ਕੱਢਕੇ ਜਿਸ ਨੂੰ ਭੇਟਾ ਜਲਪਰੀ ਕੀਤੀ ਗਈ |
ਤੇਰੇ ਸ਼ਹਿਰ ਦੀ
ਅੱਥਰੀ ਹੋਈ ਹਵਾ ਹੈ ਅੱਜ ਤੇਰੇ ਸ਼ਹਿਰ ਦੀ
ਹਰ ਸ਼ੈਅ ਬਣੀ ਖ਼ੁਦਾ ਹੈ ਅੱਜ ਤੇਰੇ ਸ਼ਹਿਰ ਦੀ
ਤੋਲਾ ਤੋਲੇ ਤੋਲ ਤਦ ਹੀ ਮਾਸਾ ਕਰ ਦੇਵੇਂ,
ਅੱਖ ਵੀ ਬਣੀ ਬਲਾ ਹੈ ਅੱਜ ਤੇਰੇ ਸ਼ਹਿਰ ਦੀ
ਤੇਰੀ ਤਰਫ਼ ਤੁਰਾਂ ਤਾਂ ਤੁਰਨ ਦਿੰਦੀ ਜ਼ਰਾ ਨਹੀਂ,
ਚੜਦੀ ਕੇਹੀ ਘਟਾ ਹੈ ਅੱਜ ਤੇਰੇ ਸ਼ਹਿਰ ਦੀ
ਸੋਚਾਂ ਸੁਚੱਜੀਆਂ ਸਭੇ ਸਮਸ਼ਾਨ ਸੁੱਟੀਆਂ,
ਬਿਫਰੀ ਹੋਈ ਕਜ਼ਾ ਹੈ ਅੱਜ ਤੇਰੇ ਸ਼ਹਿਰ ਦੀ
ਕੈਦ ਕਮਰੇ ਕੀਤੀਆਂ ਕੰਜਕਾਂ ਕੁਆਰੀਆਂ,
ਲਗਦੀ ਖ਼ਫਾ ਹਿਨਾ ਹੈ ਅੱਜ ਤੇਰੇ ਸ਼ਹਿਰ ਦੀ
ਰਸਤੇ ਰੁਕੇ ਰੁਕੇ ਨੇ ਤੇ ਰੰਗ ਰਾਗ ਰੋਂਵਦੇ,
ਜ਼ਿੰਦਗੀ ਖ਼ਤਾ ਖ਼ਤਾ ਹੈ ਅੱਜ ਤੇਰੇ ਸ਼ਹਿਰ ਦੀ
ਗੁਲ ਗੁਲਾਬੀ 'ਗਿੱਲ' ਗੁਲਦਸਤੇ ਗੁਆਚ ਗਏ,
ਸੁਨਸਾਨ ਜਿਹੀ ਸਭਾ ਹੈ ਅੱਜ ਤੇਰੇ ਸ਼ਹਿਰ ਦੀ
ਇਕਬਾਲ
ਸ਼ੁਕਰੀਆ ਸ਼ਿਵ ਇੰਦਰ ਵੀਰ ਰਚਨਾਵਾਂ ਪੋਸਟ ਕਰਨ ਹਿੱਤ