ਵਿੱਦਿਅਕ ਮੁਕਾਬਲੇ –ਮਲਕੀਅਤ ਸਿੰਘ ਸੰਧੂ
Posted on:- 29-08-2014
‘ਦੋ ਹਜ਼ਾਰ ਸੱਤ ਚੌਵੀ ਨੂੰ ਦਸਵੇਂ’ ਦੇ,
‘ਵੱਡੇ ਸ਼ਹਿਰ’ ਦੇ ਵਿਚ ਮੁਕਾਬਲੇ ਸਨ।
ਗਏ ਵਕਤ ‘ਤੇ ਪਹੁੰਚ ਸਕੂਲ ਸਾਰੇ,
ਪੈਂਦੇ ਜੋ ਵੀ ਸ਼ਹਿਰ ਤੋਂ ਲਾਗਲੇ ਸਨ।
ਸਾਨੂੰ ਪਹੁੰਚਦਿਆਂ ਮਿੰਟ ਵੀਹ ਦੇਰ ਹੋ ਗਈ,
ਸਾਡੇ ਪੰਧ ਜੋ ਦੂਰ-ਦੁਰਾਡੜੇ ਸਨ।
ਕਰ ਕੇ ਬੇਨਤੀ ਹਾਜ਼ਰੀ ਪਾ ਲਈ ਜਾ,
ਹਿੱਸਾ ਲੈਣ ਲਈ ਮਨ ਉਤਾਵਲੇ ਸਨ।
ਸੋਲੋ ਡਾਂਸ ਦੇ ਮੰਚ ‘ਤੇ ਗੀਤ ਗੂੰਜੇ,
ਬੱਚੇ ਨੱਚੇ ਸੀ ਇੱਕ ਜਿੰਦਜਾਨ ਕਰ ਕੇ।
ਬੈਠੇ ਜੱਜ ਸੀ ਵਿਚ ਗ਼ਲਤਾਨ ਗੱਲਾਂ,
ਕਲਾ ਵਾਚੀ ਨਾ ਅੰਤਰ ਧਿਆਨ ਕਰ ਕੇ।
ਕੱਢੇ ਅੱਵਲ ਤੇ ਦੋਮ ਸਲਾਹ ਕਰ ਕੇ,
ਜਿਵੇਂ ਸਕਤੇ ਦੇ ਸਖ਼ਤ ਫ਼ਰਮਾਨ ਕਰ ਕੇ।
ਪਾਏ ਅੰਕ ਨਾ ਕਲ਼ਾ ਦੇ ਕਿਸੇ ਪੱਲੇ,
ਵਿਧਾ ਗੀਤ ਦੀ ਨਾ ਹੀ ਵਿਧਾਨ ਕਰ ਕੇ।
ਮੰਚ ਦੇਖ ਕੇ ਸਖਣਾ ਸਾਊਂਡ ਵਾਲੇ,
‘ਸਾਊਂਡ ਔਨ ਕੀਤੀ’, ਸ਼ੁਰੂ ਗਾਣ ਹੋਇਆ।
ਪੈਂਟ ਜ਼ੀਨ ਦੀ, ਗੱਭਰੂ ਕਾਗ਼ਜ਼ਾਂ ਦਾ,
ਨਾਚਾ ਬਣ ਕੇ ਮੰਚ ਦੀ ਸ਼ਾਨ ਹੋਇਆ।
ਗੀਤ ਲਚਰ, ਅਸ਼ਲੀਲ ਤੇ ਬੇ ਹਯਾ,
ਸੁਣ ਕੇ ਸਾਰਾ ਪੰਡਾਲ ਹੈਰਾਨ ਹੋਇਆ।
ਬੰਦ ਗੀਤ ਕਰਾਇਆ ਮੈਂ ਟੋਕ ਵਿੱਚੋਂ,
ਲੈ ਕੇ ਮਾਈਕ ਸਟੇਜ ‘ਤੇ ਆਣ ਹੋਇਆ।
ਉੱਚੀ ਬੋਲ ਕਿਹਾ ਬੁੱਧੀ ਜੀਵੀਆਂ ਨੂੰ,
“ਪਾਲ ਫ਼ਰਜ਼ ਪੰਜਾਬ ਬਚਾ ਲਈਏ।
ਜਾ ਕੇ ਹੱਦਾਂ ‘ਤੇ ਅਸੀਂ ਨਈਂ ਲੜਨ ਜੋਗੇ,
ਇਹਨਾਂ ਬੱਚਿਆਂ ਨੂੰ ਕੁੱਝ ਸਿਖਾ ਲਈਏ।
ਸਾਡੇ ਹੱਥਾਂ ‘ਚ ਡੋਰ ਭਵਿਖ ਦੀ ਹੈ,
ਵਾਗਾਂ ਚਾਨਣਾਂ ਵੱਲ ਨੂੰ ਧਾ ਲਈਏ।
ਸਿਰ ਚੁੰਨੀ ਧੀ ‘ਸੰਧੂ’ ਪੰਜਾਬ ਦੀ ਦੇ,
ਪੱਗ ਪੁੱਤਰਾ ਨੂੰ ਬੰਨ੍ਹਣ ਸਿਖਾ ਲਈਏ।”