ਕੀ ਮੈਂ ਇਹ ਤੇਰਾ ਪਿੰਡ -ਅਮਰਜੀਤ ਟਾਂਡਾ
Posted on:- 28-08-2014
ਕੀ ਮੈਂ ਇਹ ਤੇਰਾ ਪਿੰਡ
ਤੇ ਇਹ ਸ਼ਹਿਰ ਕਰਨਾ
ਜੀਣਾ ਨਾ ਜਿੱਥੇ ਆਪਣਾ
ਨਾ ਆਪਣੀ ਮੌਤ ਮਰਨਾ
ਤਖ਼ਤ ਇਹ ਮਹਿਲ ਤੇਰੇ
ਦੱਸ ਮੇਰੇ ਕੀ ਕੰਮ ਨੇ
ਦੂਰੋਂ ਦੇਖ ਇਹਨਾਂ ਨੂੰ
ਬੱਚਿਆਂ ਨੇ ਡਰਨਾ
ਕੀ ਕਰਾਂ ਦੱਸ ਝੂਠੇ
ਰਿਵਾਜ਼ ਇਹ ਸਾਰੇ
ਗਲੇ ਪਾ ਬੇਇਨਸਾਫੀ
ਸਲੀਬਾਂ ਤੇ ਚੜ੍ਹਨਾ
ਜਗਦੇ ਚੰਨ ਸੂਰਜ
ਤੇਰੀ ਛੱਤ ਤੇ ਹੀ ਚੰਗੇ
ਤਾਰਿਆਂ ਮੇਰਿਆਂ ਦਾ
ਪੇਟ ਇਹਨਾਂ ਕੀ ਭਰਨਾ
ਉੱਚਿਆਂ ਦਰਬਾਰਾਂ ਲਈ
ਖਿਡੌਣਾ ਬੰਦਾ ਬਣਿਆ
ਜ਼ਿੰਦਗੀ ਨਾਲੋਂ ਏਥੇ
ਹੋਇਆ ਸੱਸਤਾ ਮਰਨਾ
ਬਚਪਨ ਏਥੇ ਰੁਲਦਾ
ਤੇ ਤਨ ਨੇ ਵਿਕਦੇ
ਇਹੋ ਜੇਹਾ ਬ੍ਰਹਿਮੰਡ
ਦੱਸ ਮੈਂ ਕੀ ਕਰਨਾ
ਬੇਵਫ਼ਾ ਮੁਹੱਬਤ
ਤੇ ਇਸ਼ਕ ਨੂੰ ਫ਼ੰਦੇ
ਕੀ ਤੇਰੀ ਇਹ ਨਗਰੀ
ਜਿੱਥੇ ਪਿਆਰ ਨੇ ਮਰਨਾ
ਇਹ ਦੁਸ਼ਮਣ ਸਮਾਜ
ਹੋਇਆ ਮੇਰਾ ਸਾਰਾ
ਜ਼ਖ਼ਮੀਂ ਭਾਂਵੇਂ ਦਿਨ ਹੋਏ
ਇਹਨਾਂ ਫਿਰ ਉੱਠ ਲੜ੍ਹਨਾ
ਹਰ ਰੂਹ ਭਾਂਵੇਂ ਪਿਆਸੀ
ਹਰ ਦਿੱਲ ਚ ਉਦਾਸੀ
ਫਿਰ ਵੀ ਝਨਾਂ ਇਹਨਾਂ ਲੰਘਣਾਂ
ਕੱਚਿਆਂ 'ਤੇ ਤਰਨਾ
ਇਮਾਨ ਏਥੇ ਨੰਗਾ
ਮਜਹੱਬ ਹੈ ਦੰਗਾ
ਏਦੀ ਹਿੱਕ 'ਚ ਡੁੱਬ ਕੇ
ਮੇਰਾ ਖੰਜ਼ਰ ਠਰਨਾ