ਡਾ.ਅਮਰਜੀਤ ਟਾਂਡਾ ਦੀਆਂ ਤਿੰਨ ਕਵਿਤਾਵਾਂ
Posted on:- 20-08-2014
(1)
ਤੂੰ ਅਲਵਿਦਾ ਤਾਂ ਕਹਿ ਗਈ
ਤੈਨੂੰ ਕੀ ਪਤਾ ਉਹ ਸ਼ਾਮ ਕਿੰਝ ਬੀਤੀ-
ਕਿੰਝ ਜਲਿਆ ਨਿੱਕੀ ਜੇਹੀ ਬੱਤੀ ਚ
ਮੇਰੇ ਖ਼ੂਨ ਦਾ ਰੱਤ ਪੀ ਪੀ ਕੇ
ਜਗਦਾ ਬੁਝਦਾ ਨਿੱਕਾ ਜੇਹਾ ਦੀਪਕ
ਤੂੰ ਹੋਰ ਠਹਿਰ ਜਾਂਦੀ ਤਾਂ ਕਿੰਨਾ ਚੰਗਾ ਹੁੰਦਾ
ਆਪਾਂ ਕਿੰਨਾ ਹੱਸਦੇ, ਨੱਚਦੇ ਪੁਰਾਣੀਆਂ ਗੱਲਾਂ ਕਰ ਕਰ ਕੇ
ਕਿੰਨੇ ਹੈਰਾਨ ਹੁੰਦੇ, ਉਹਨਾਂ ਵਾਅਦਿਆਂ ’ਤੇ
ਜੋ ਅਜੇ ਵੀ ਨਦੀ ਕਿਨਾਰੇ ਪਏ ਉਡੀਕ ਬਣ ਗਏ ਹਨ
ਤੂੰ ਹੋਰ ਰੁਕ ਜਾਂਦੀ
ਤਾਂ ਖਬਰੇ ਕੀ ਕੁਝ ਹੋਣਾ ਸੀ
ਖਬਰੇ ਇੰਜ ਹੁੰਦਾ
ਖਬਰੇ ਉਂਜ ਹੁੰਦਾ
ਖਬਰੇ ਸਾਡੇ ਜ਼ਰਾ ਹੋਰ ਮਿਲਣ ਨਾਲ
ਡਾਲੀਆਂ ਤੇ ਪੱਤੇ ਨਿਕਲ ਆਉਂਦੇ
ਖਬਰੇ ਕੂੰਬਲਾਂ, ਡੋਡੀਆਂ 'ਚੋਂ ਰੰਗ ਵੀ ਕਿਰ ਪੈਂਦੇ
ਜੇ ਤੂੰ ਹੋਰ ਠਹਿਰ ਜਾਂਦੀ ਤਾਂ
ਖਬਰੇ ਝਨ੍ਹਾਂ ਦੀਆਂ ਲਹਿਰਾਂ 'ਚ ਗੀਤ ਨਾ ਮਰਦੇ
ਖਬਰੇ ਰੇਤ ਤੇ ਆਪਣੇ ਵੀ
ਨਿੱਕੇ ਨਿੱਕੇ ਉਂਗਲਾਂ ਨਾਲ ਨਾਂ ਲਿਖੇ ਰਹਿ ਜਾਂਦੇ-
ਖਬਰੇ ਚੰਨ ਵੀ ਰੁਕ ਜਾਂਦਾ ਹੋਰ ਦੋ ਪਲ
ਸਿਤਾਰੇ ਵੀ ਉੱਤਰ ਆਉਂਦੇ ਅੰਬਰ ਤੋਂ
ਪਰਿੰਦੇ ਵੀ ਆਲ੍ਹਣਿਆਂ 'ਚ ਆ ਪਲ ਭਰ ਸਾਹ ਲੈ ਲੈਂਦੇ
ਤੇ ਅਗਲਾ ਦਿਨ ਪਰਵਾਜ਼ ’ਤੇ ਲਿਖ ਲੈਂਦੇ-
ਜੇ ਤੂੰ ਹੋਰ ਠਹਿਰ ਜਾਂਦੀ ਤਾਂ
***
(2)
ਉਹ ਇਹ ਨਹੀਂ ਸੀ ਜਾਣਦੀ
ਕਿ ਮੈਂ ਤੇ ਉਹ
ਨੇੜੇ ਤੇੜੇ ਹੀ ਕਿਤੇ ਖਿੜ੍ਹੇ ਸਾਂ-
ਮੇਰੀ ਹਰ ਨਜ਼ਮ ਓਹਦੀ ਹੋ ਜਾਂਦੀ-
ਪਰ ਪਤਾ ਨਹੀਂ ਉਹ ਕਦੇ ਪੜ੍ਹਦੀ ਵੀ ਹੋਵੇਗੀ ਕਿ ਨਹੀਂ!-
ਕਦੇ ਰੱਖਦੀ ਵੀ ਹੋਵੇਗੀ ਸੰਭਾਲ ਸੰਭਾਲ
ਕਿਤਾਬ ਦੇ ਪੰਨਿਆਂ 'ਚ ਸੁੱਕੇ ਜੇਹੇ ਫੁੱਲਾਂ ਵਾਂਗ
ਜਿਹਨਾਂ 'ਚ ਯਾਦਾਂ ਤਾਂ ਹੁੰਦੀਆਂ ਹਨ-
ਪਰ ਮੁਰਾਦਾਂ ਨਹੀਂ-
ਚੇਤੇ ਤਾਂ ਹੁੰਦੇ ਹਨ
ਪਰ ਨਾਲ ਨਾਲ ਟੁਰਨ ਦੇ ਚਾਅ ਮਧਮ ਚਾਲ ਟੁਰਦੇ ਹਨ-
ਮੈਂ ਓਹਦੀ ਹਰ ਪੈੜ੍ਹ ਤੇ ਗੀਤ ਲਿਖਦਾ-
ਤੇ ਹਰ ਹਰਫ਼ ਫੁੱਲ ਬਣ ਖਿੜ੍ਹਦਾ-
ਜਾਂ ਕੋਈ ਕੋਈ ਲਫ਼ਜ਼
ਹੰਝੂ ਬਣ ਧਰਤ ਤੇ ਡਿੱਗਦਾ ਤਾਂ ਮੋਤੀ ਬਣ ਜਾਂਦਾ-
ਉਹ ਨਹੀਂ ਸੀ ਜਾਣਦੀ ਕਿ ਕਿੰਜ਼ ਹਰਫ਼ ਬਣਦੇ ਨੇ ਨਜ਼ਮਾਂ
ਤੇ ਕਿੰਜ਼ ਤੀਰ ਬਣ ਜਾਂਦੇ ਨੇ ਤਰਜ਼ਾਂ
ਕਿਸੇ ਗ਼ਜ਼ਲ ਜਾਂ ਕਿਸੇ ਗੀਤ ਦੀਆਂ-
ਉਹ ਤਾਂ ਗੀਤ ਗੁਣਗਨਾਣਾਂ ਹੀ ਜਾਣਦੀ ਸੀ-
ਉਹ ਨਹੀਂ ਸੀ ਜਾਣਦੀ ਕਿ
ਔਂਸੀਆਂ 'ਚ ਕਿਹੜਾ ਗੀਤ ਰੁਮਕਦਾ ਹੈ
ਯਾਦਾਂ 'ਚੋਂ ਕਿਹੋ ਜੇਹੀ ਨਜ਼ਮ ਉਣੀ ਜਾ ਸਕਦੀ ਹੈ-
ਉਹ ਤਾਂ ਬਸ ਜਾਣਦੀ ਸੀ-
ਲੰਬੀ ਗੁੱਤ ਨੂੰ ਹੱਥ 'ਚ ਘੁਮਾਉਣਾ ਤੇ ਅੱਲੜ੍ਹ ਛੜੱਪੇ ਮਾਰਨੇ-
ਜਾਂ ਉਹ ਜਾਣਦੀ ਸੀ-
ਸ਼ੀਸੇ ਦੇ ਮੂਹਰੇ ਖੜ੍ਹ ਕੇ -ਉਸ 'ਚ ਹਰਨੋਟੇ ਨਕਸ਼ ਤੱਕਣੇ
ਤੇ ਤੱਕਦਿਆਂ ਤੱਕਦਿਆਂ ਓਸ ਬੇਗੁਨਾਹ 'ਚ ਤਰੇੜ ਪਾਉਣੀ-
ਉਹ ਇਹ ਨਹੀਂ ਸੀ ਜਾਣਦੀ
ਕਿ ਚੰਨ ਵਿਚਾਰਾ ਤਾਂ ਓਸ ਤੋਂ ਹੀ ਚਾਨਣੀ ਲੈ ਕੇ ਰੌਸ਼ਨ ਹੁੰਦਾ ਹੈ-
ਤੇ ਸਿਤਾਰੇ ਤਾਂ
ਓਹਦੀ ਓੜ੍ਹੀ ਹੋਈ ਚੁੰਨੀ ਸਦਕਾ ਹੀ ਚਮਕਦੇ ਨੇ-
ਉਹ ਇਹ ਵੀ ਨਹੀਂ ਸੀ ਜਾਣਦੀ
ਜਦ ਉਹ ਟੱਪਦੀ ਸੀ
ਤਾਂਹੀ ਕਿਸੇ ਦੇ ਹਰਫ਼ ਗੀਤ ਬਣਦੇ ਸਨ-
ਕਿ ਜਦ ਉਹ ਟੁਰਦੀ ਸੀ
ਤਾਂਹੀ ਕਿਸੇ ਦੇ ਸਾਹ ਚੱਲਦੇ ਸਨ-
***
(3)
ਕਦੇ ਤਾਂ ਦੱਸ
ਮੈਂ ਤੇਰੀ ਰਾਧਾ
ਤੂੰ ਮੇਰਾ ਘਨਈਆ, ਕ੍ਰਿਸ਼ਨ
ਮੈਂ ਬੰਸਰੀ ਬਣ ਵਜਦੀ ਤੇਰੇ ਹੋਟਾਂ ਦੇ ਵਿਚਕਾਰ
ਤੂੰ ਸੁਰਾ ਤਰਜ਼ਾਂ ਦਾ ਆਸ਼ਕ-
ਮੈਨੂੰ ਨਾ ਛੱਡੇਂ-
ਪਤਾ ਨਹੀਂ ਕੀ ਕਰ ਦਿੰਨਾ ਏਂ ਮੈਨੂੰ-
ਦਾਸੀ, ਪੂਜਾ ਮੈਂ ਤੇਰੀ
ਤੂੰ ਮੇਰੀ ਆਤਮਾ, ਅਪਰੰਮਪਾਰ ਬਣੀ
ਤੇਰੇ ਨੈਣਾਂ ਚ
ਲੱਖਾਂ ਰੌਸ਼ਨੀਆਂ
ਅਣਗਿਣਤ ਦੀਪਕਾਂ ਦੀ ਲੋਅ
ਤੂੰ ਪ੍ਰਕਾਸ਼ ਸੂਰਜੀ
ਸਿਤਾਰਿਆਂ ਚ ਜਗਦਾ,
ਰਿਸ਼ਮਾਂ ਦਾ ਸਿਰਜਕ, ਸਜਿੰæਦਾ
ਸਾਜਕ, ਪਵਨ,ਪਾਣੀ-ਰੰਗ ਰਮਜ਼ਾਂ
ਮੈਂ ਤੇਰੇ ਇੱਕ ਇੱਕ ਇਸ਼ਾਰੇ 'ਚ ਵੱਸਾਂ
ਪੂਜਕ ਤੇਰੀ
ਦੀਪਕ ਫ਼ੜ੍ਹ ਹੱਥਾਂ 'ਚ ਨੰਗੀਆਂ ਕਲਾਈਆਂ ਨਾਲ ਨੱਚਾਂ
ਕੰਬਦੀਆਂ ਨਰਮ ਗੋਰੀਆਂ ਗੋਲਾਈਆਂ ਸੰਗ ਮੱਚਾਂ
ਬਹਾਰਾਂ ਨੂੰ ਮਿਣਦੀ
ਪਲ ਪਲ ਤੇਰੀਆਂ ਛੁਹਾਂ ਨੂੰ ਗਿਣਦੀ-
ਨੱਚਦੀ ਦੀਆਂ ਪੰਜ਼ੇਬਾਂ ਦੇ ਸ਼ੋਰ 'ਚ
ਰੱਬ ਤੇਰੇ ਵਾਰੇ ਪੁੱਛਦਾ ਹੈ ਕਿ ਇਹ ਕੌਣ ਹੈ
ਮੇਰਾ ਸ਼ਰੀਕ -
ਤੇਰੀ ਨਿੱਤ ਦੀ ਉਡੀਕ
ਤੇਰਾ ਜਦੋਂ ਵੀ ਮੈਨੂੰ ਕੋਈ ਅੰਗ ਛੁਹੇ-
ਧਰਤ ਥਰਥਰਾਵੇ
ਸਮੁੰਦਰ ਨੂੰ ਅੱਗ ਲੱਗੇ -
ਸੋਹਣਿਆ! ਖਬਰੇ ਕੀ ਹੈ -
ਤੇਰੀ ਯਾਦ ਦੀ ਪਿਆਸ ਵਿਚ
ਹਰੇਕ ਵਸਲ ਦੀ ਨਿੱਕੀ ਨਿੱਕੀ ਆਸ ਵਿਚ
ਕਦੇ ਤਾਂ ਦੱਸ ਮੇਰੇ ਪਿੰਡੇ 'ਤੇ
ਇਹ ਕਿਹੜਾ ਖ਼ੁਮਾਰ ਛਿੜਕਦਾਂ ਏਂ
ਬਿਠਾ ਰਾਤਾਂ ਦੇ ਵਿਚ ਰਿੜਕਦਾਂ ਏਂ-