ਇੱਕ ਕੁੰਡਲ ਧਾਰੀ ਜੋਗੜਾ - ਨਿਵੇਦਿਤਾ
Posted on:- 21-05-2012
ਉਸ ਘੋਰੀ ਜੂੜਾ ਬਾਲਿਆ
ਕਬਰਾਂ ਥੀਂ ਡੇਰਾ ਲਾ
ਉਹਦੇ ਲਟ ਲਟ ਕਰਦੇ ਬੋਦੜੇ
ਜੁਲਫ਼ੀਂ ਚੜ੍ਹਿਆ ਚਾਅ
ਓਹਦੀ ਹਿੱਕ ਨੂੰ ਡੰਗਣ ਭੱਖੜੇ
ਉਹ ਨੱਚੇ ਘੁੰਗਰ ਪਾ
ਬਦਨ 'ਤੇ ਅਜਗਰ ਮੇਲ੍ਹਦੇ
ਰੰਗ ਚੰਮ ਦਾ ਕਾਲ ਸਿਆਹ
ਉਹਦੇ ਨੈਣੀਂ ਵਿਗਸਣ ਚੌਂਤਰੇ
ਉਹ ਘੁੰਮੇ ਵਾਂਗ ਧਰਾ
ਚੜ੍ਹ ਅੰਬਰ ਧੂੜਾਂ ਮਸਤੀਆਂ
ਹਾਏ ਅੱਡੀ ਠੋਕ ਰਿਹਾ
ਆਖੇ ਖ਼ੁਦ ਨੂੰ ਭੋਲੜਾ
ਗਲ਼ ਸਰਪ ਕੌਡੀਆ ਚਾਅ
ਡੌਲੀਂ ਬੰਨ੍ਹੇ ਰੁੱਦਰੇ
ਲੱਕ ਸ਼ੇਰ ਦੀ ਖੱਲ ਬਨ੍ਹਾ
ਮੱਥੇ ਚੰਦਨ ਮਹਿਕਦਾ
ਸੇਲ੍ਹੀ ਜਿਉਂ ਘੋਰ ਘਟਾ
ਵਿਚਾਲੇ ਝੋਂਪੜ ਅੱਗ ਦੀ
ਖ਼ੁਸ਼ ਪਿੰਡੇ ਭਸਮ ਰਮਾ
ਸਿਰੀਂ ਟਿੱਕਾ ਚੰਨ ਦੂਜੜਾ
ਲਈ ਦੇਵਨਦੀ ਭਰਮਾ
ਉਹਦੀ ਸਾਦ ਮੁਰਾਦੀ ਤੱਕਣੀ
ਮੇਰਾ ਲੂੰ ਲੂੰ ਛਿੱਲ ਲਿਆ
ਇੱਕ ਕੁੰਡਲ ਧਾਰੀ ਜੋਗੜਾ
ਮਾਂ ਮੈਨੂੰ ਕੀਲ ਗਿਆ. . .
Sukhdev Abohar
No Comments !