Thu, 21 November 2024
Your Visitor Number :-   7254483
SuhisaverSuhisaver Suhisaver

ਸਹਿਮੀ ਸਹਿਮੀ ਪੌਣ –ਮਲਕੀਅਤ ਸੁਹਲ

Posted on:- 02-08-2014


ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਛਾਇਆ ਅੱਜ ਕੌਣ ।

ਗੁਲਾਬ ਦੀਆਂ ਪੱਤੀਆ ਤੇ ,
ਤੁੱਪਕੇ ਤ੍ਰੇਲ ਦੇ ।
ਮਾਰ ਗਈ ਜੁਦਾਈ ਰੱਬਾ ,
ਸੱਜਣਾਂ ਨੂੰ ਮੇਲ ਦੇ ।
ਸੀਨੇ ਵਿਚ ਯਾਦ ਤੇਰੀ ,
ਦੇਂਦੀ ਨਹੀਉਂ ਸੌਣ ।

ਨਿੰਮੀ੍ਹਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਛਾਇਆ ਅੱਜ ਕੌਣ ।

ਅੱਧੀ-ਅੱਧੀ ਰਾਤ ਚੰਨਾ ,
ਚਾਨਣੀਂ ’ਚ ਬਹਿਨੀਂ ਆਂ ।
ਪਾ ਜਾ ਕਲੇਜੇ ਠੰਡ੍ਹ ,

ਹਾੜਾ ! ਚੰਨਾਂ ਕਹਿਨੀਂ ਆਂ।
ਸੁੱਕੀਆਂ ਕਲਾਈਆਂ ਕਿਵੇਂ ,
ਇਹ ਵੰਗ ਛਣਕਾਉਣ ।
ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਛਾਇਆ ਅੱਜ ਕੌਣ ।

ਸੁਪਨੇਂ ’ਚ ਮਿਲਿਆ ਤੇ ,
ਗੱਲ ਵੀ ਨਾ ਹੋਈ ਵੇ ।
ਤੇਰੇ ਮੈਂ ਵਿਯੋਗ ਵਿਚ ,
ਸਾਰੀ ਰਾਤ ਰੋਈ ਵੇ ।
ਮਹਿੰਦੀ ਵਾਲੇ ਹੱਥ ਅੱਜ ,
ਵਾਸਤਾ ਵੀ ਪਉਣ ।

ਨਿੰਮ੍ਹੀਂ ਨਿੰਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਛਾਇਆ ਅੱਜ ਕੌਣ ।

ਹਨੇਰੀ ਦਿਆਂ ਬੁੱਲਿਆਂ ’ਚ,
ਉਡੱਦੀ ਮੈਂ ਜਾਵਾਂ ਵੇ ।
ਫੜਦੀ ਮੈਂ ਰਹੀ ਚੰਨਾਂ,
ਤੇਰਾ ਪ੍ਰਛਾਵਾਂ ਵੇ ।
ਕਣੀਆਂ ’ਚ ਭਿੱਜੀ ਅੱਜ ,
ਘੱਗਰੇ ਦੀ ਲੌਣ ।

ਨਿੰਮ੍ਹੀਂ ਨਿੰਮ੍ਹੀਂ ਵਗਦੀ ਹੈ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਆਇਆ ਅੱਜ ਕੌਣ ।

ਪੁੰਨਿਆਂ ਦੇ ਚੰਨ ਵਾਂਗ ,
ਮੁੱਖ਼ ਤੇਰਾ ਸੋਹਣਿਆ ।
ਦਿਲ ਦੀਆਂ ਗੱਲਾਂ ਕਰ ,
ਤੂੰ , ਮੇਰਿਆ ਪ੍ਰਾਹੁਣਿਆਂ ।
ਤੱੜਫਦੀ ਜਿੰਦ ਮੇਰੀ ,
ਆ ਜਾ ਤੂੰ ਬਚਾਉਣ ।
ਨਿਮ੍ਹੀਂ ਨਿਮ੍ਹੀਂ ਵਗਦੀ ਏ ,
ਸਹਿਮੀਂ ਸਹਿਮੀਂ ਪੌਣ ।
ਮੇਰੀਆਂ ਉਦਾਸੀਆਂ ’ਚ ,
ਆਇਆ ਅੱਜ ਕੌਣ ।

ਸੁੱਖਣਾਂ ਮੈਂ ਸੁੱਖਾਂ ‘‘ਸੁਹਲ’’
ਤੇਰੀਆਂ ਮੈਂ ਚੰਨ ਵੇ ।
ਇਕ ਵਾਰੀ ਆ ਜਾ ਢੋਲਾ !
ਗੱਲ ਮੇਰੀ ਮੰਨ ਵੇ ।
ਆ ਵਿਹੜੇ ਤੱਤੜੀ ਦੇ,
ਤੂੰ , ਮੰਨ ਪ੍ਰਚਾਉਣ ।
ਨਿੰਮ੍ਹੀਂ ਨਿੰਮ੍ਹੀਂ ਆਖਦੀ ਏ ,
ਸਹਿਮੀਂ ਜੇਹੀ ਪੌਣ ।


Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ