ਸ਼ਹੀਦ ਊਧਮ ਸਿੰਘ ਦੀ ਸ਼ਾਨਦਾਰ ਯਾਦਗਾਰ ਸੁਨਾਮ ’ਚ ਉਸਾਰੀ ਜਾਵੇਗੀ : ਬਾਦਲ
Posted on:- 01-08-2014
ਸ਼ਹੀਦ ਉੂਧਮ ਸਿੰਘ ਸੁਨਾਮ ਦੀ 75 ਵੀਂ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਹੀਦੀ ਸਮਾਰਕ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਉਪਰੰਤ ਅਨਾਜ ਮੰਡੀ ਸੁਨਾਮ ਵਿਖੇ ਸ਼ਹੀਦੀ ਸਮਾਗਮ ਦੌਰਾਨ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਘੋਲਾਂ ’ਚ ਸ਼ਹਾਦਤਾਂ ਦੇਣ ਵਾਲਿਆਂ ’ਚ 80 ਫੀਸਦੀ ਪੰਜਾਬੀ ਸਨ।
ਪੰਜਾਬੀਆਂ ਨੂੰ ਸ਼ਹਾਦਤਾਂ ਦੇਣ ਦੀ ਗੁੜ੍ਹਤੀ ਗੁਰੂ ਸਹਿਬਾਨ ਤੋਂ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਸਮੇਂ ਸਰਹੱਦੀ ਸੂਬਾ ਹੋਣ ਕਰਕੇ ਵੀ ਵੱਧ ਸੰਤਾਪ ਪੰਜਾਬੀਆਂ ਨੂੰ ਝੱਲਣਾ ਪਿਆ। ਉਨ੍ਹਾਂ ਇਹ ਵੀ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਹਮਲਾਵਾਰਾਂ ਦਾ ਮੁਕਾਬਲਾ ਵੀ ਪੰਜਾਬੀਆਂ ਨੂੰ ਹੀ ਕਰਨਾ ਪੈਂਦਾ ਹੈ। ਸ੍ਰੀ ਬਾਦਲ ਨੇ ਸ਼ਹੀਦ ਉੂਧਮ ਸਿੰਘ ਸੁਨਾਮ ਦੀ ਢੁਕਵੀਂ ਯਾਦਗਾਰ ਬਣਾਉਣ ਦੇ ਆਪਣੇ ਪੁਰਾਣੇ ਐਲਾਨ ਨੂੰ ਦੁਹਰਾਉਂਦਿਆਂ ਕਿਹਾ ਕਿ ਸ਼ਹੀਦ ਦੀ ਬਹੁਤ ਸ਼ਾਨਦਾਰ ਯਾਦਗਾਰ ਸੁਨਾਮ ਵਿਖੇ ਉਸਾਰੀ ਜਾਵੇਗੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹੀਦਾਂ ਦੀ ਵਧੀਆ ਯਾਦਗਾਰ ਜਲੰਧਰ ਵਿਖੇ ਉਸਾਰੀ ਜਾਵੇਗੀ, ਜਿਸ ’ਤੇ 200 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ੍ਰੀ ਬਾਦਲ ਨੇ ਪੰਜਾਬੀ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮਿਹਨਤ ਕਰਕੇ ਕੇਂਦਰੀ ਅੰਨ ਭੰਡਾਰ ’ਚ ਵੱਡਾ ਯੋਗਦਾਨ ਵੀ ਪਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਇਸ ਇਲਾਕੇ ’ਚ ਕੈਂਸਰ ਦੇ ਮਰੀਜ਼ ਬਹੁਤ ਹਨ ਤੇ ਉਨ੍ਹਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਜਦੋਂ ਸ੍ਰੀ ਬਾਦਲ ਬੋਲ ਰਹੇ ਸਨ ਤਾਂ ਵੈਟਰਨੀ ਵਿਭਾਗ ਦੇ ਕੁਝ ਕਰਮਚਾਰੀਆਂ ਨੇ ਪੰਡਾਲ ’ਚ ਖੜ੍ਹੇ ਹੋ ਕੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਆਦਤ ਮੁਤਾਬਿਕ ਐਨ੍ਹਾ ਕਿਹਾ ਕਿ ਇਹ ਕੋਈ ਕਾਂਗਰਸੀ ਹੋਣੇ। ਉਨ੍ਹਾਂ ਮੰਨਿਆਂ ਕਿ ਪੰਜਾਬ ’ਚ ਮਹਿੰਗਾਈ, ਭਿ੍ਰਸ਼ਟਾਚਾਰ, ਬੇਰੁਜ਼ਗਾਰੀ, ਬਹੁਤ ਜ਼ਿਆਦਾ ਹੈ। ਇਸ ਦੇ ਹੱਲ ਲਈ ਲੋਕਾਂ ਦੇ ਸਹਿਯੋਗ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇ ਹੱਲ ਲਈ ਸਕਿਲ ਸੈਂਟਰ ਖੋਲ੍ਹੇ ਜਾਣਗੇ, ਜਿਥੇ ਬੱਚਿਆਂ ਨੂੰ ਵੱਖ-ਵੱਖ ਕਿਸਮ ਦੀ ਤਕਨੀਕੀ ਸਿਖਲਾਈ ਦਿੱਤੀ ਜਾਵੇਗੀ ਤੇ ਨੌਜਵਾਨ ਸਵੈ ਰੁਜ਼ਗਾਰ ਦੇ ਯੋਗ ਹੋ ਜਾਣਗੇ।
ਹਰਿਆਣਾ ਦੀ ਸਰਕਾਰ ਵੱਲੋਂ ਹਰਿਆਣਾ ਦੇ ਸਿੱਖਾਂ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਨੂੰ ਗਲਤ ਤੇ ਕਾਂਗਰਸ ਦੀ ਸਿੱਖਾਂ ਵਿਰੁੱਧ ਸਾਜਿਸ਼ ਕਰਾਰ ਦਿੱਤਾ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ 70 ਫੀਸਦੀ ਨਸ਼ਿਆਂ ’ਤੇ ਕਾਬੂ ਪਾ ਲਿਆ ਗਿਆ ਹੈ ਬਾਕੀ ਵੀ ਜਲਦੀ ਠੀਕ ਹੋ ਜਾਵੇਗਾ। ਨਸ਼ੇ ਤਸਕਰੀ ਦਾ ਭਾਂਡਾ ਵੀ ਪਿਛਲੀ ਕੇਂਦਰ ਦੀ ਸਰਕਾਰ ਦੇ ਸਿਰ ਹੀ ਭੰਨਿਆਂ। ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਲੋਕਾਂ ਦਾ ਸੁਭਾਅ ਬਣ ਗਿਆ ਕਿ ਉਨ੍ਹਾਂ ਦੀ ਬਿਨ੍ਹਾਂ ਪੈਸੇ ਦਿੱਤੇ ਖੁਦ ਨੂੰ ਹੀ ਤਸੱਲੀ ਨਹੀਂ ਹੁੰਦੀ ਤੇ ਨਾ ਹੀ ਉਹ ਸ਼ਿਕਾਇਤ ਕਰਦੇ ਹਨ। ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੀ ਸ਼ਹਾਦਤ ਅਨੋਖੀ ਤੇ ਲਾਮਿਸਾਲ ਇਸ ਲਈ ਸੀ ਕਿਉਂਕਿ ਉਨ੍ਹਾਂ ਨੇ ਅੰਗਰੇਜ਼ ਦੇ ਦੇਸ਼ ਅੰਦਰ ਜਾ ਕੇ ਹਿੰਦੋਸਤਾਨੀਆਂ ਦੇ ਕਤਲੇਆਮ ਦਾ ਬਦਲਾ ਲਿਆ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਚੱਪਾ-ਚੱਪਾ ਧਰਤੀ ’ਤੇ ਸ਼ਹੀਦਾਂ ਦਾ ਖੂਨ ਡੁੱਲ੍ਹਿਆ ਹੋਇਆ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਚੀਮਾਂ ਵਾਇਸ ਪ੍ਰਧਾਨ ਮੰਡੀ ਬੋਰਡ, ਵਿਧਾਇਕ ਬਲਵੀਰ ਸਿੰਘ ਘੁੰਨਸ, ਵਿਧਾਇਕ ਪ੍ਰਕਾਸ਼ ਚੰਦ ਗਰਗ, ਵਿਧਾਇਕ ਇਕਬਾਲਜੀਤ ਝੁੂੰਦਾਂ, ਗੁਰਬਚਨ ਸਿੰਘ ਬੱਚੀ, ਭਾਜਪਾ ਦੇ ਜਤਿੰਦਰ ਕਾਲੜਾ, ਕੇ.ਕੇ. ਮੋਦਗਿੱਲ, ਜਥੇ. ਰਘਵੀਰ ਸਿੰਘ ਜਖੇਪਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਜਥੇ. ਗੁਰਬਚਨ ਸਿੰਘ , ਭਾਈ ਗੋਬਿੰਦ ਸਿੰਘ ਲੌਗੌਂਵਾਲ, ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ, ਜਥੇ. ਰਜਿੰਦਰ ਸਿੰਘ ਕਾਂਝਲਾ, ਗੁਰਪ੍ਰੀਤ ਸਿੰਘ ਲਖਮੀਰਵਾਲ, ਜਥੇ. ਗਰਜਾ ਸਿੰਘ ਖੰਡੇਵਾਦ ਸਮੇਤ ਬਹੁਤ ਸਾਰੇ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ।