ਕੁਝ ਫਲਸਤੀਨੀ ਕਵਿਤਾਵਾਂ
Posted on:- 31-07-2014
ਕਿਉਂਕਿ ਮੈਂ ਇਕ ਅਰਬੀ ਹਾਂ - ਫੌਜ਼ੀ ਅਲ ਅਸਮਾਰ
ਮੈਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ
ਵਜ੍ਹਾ ਇਹ ਹੈ ਹਜ਼ੂਰ, ਕਿ ਮੈਂ ਇਕ ਅਰਬੀ ਹਾਂ
ਇਕ ਅਰਬੀ ਜਿਸਨੇ ਆਪਣੀ ਆਤਮਾ ਨੂੰ ਵੇਚਣ ਤੋਂ ਇਨਕਾਰ ਕਰ ਦਿੱਤਾ
ਜਿਸਨੇ ਹਜ਼ੂਰ, ਹਮੇਸ਼ਾ ਅਜ਼ਾਦੀ ਦੀ ਲੜਾਈ ਲੜੀ
ਇਕ ਅਰਬੀ, ਜਿਸਨੇ ਆਪਣੇ ਲੋਕਾਂ ਦੇ ਤਸੀਹਿਆਂ ਦਾ ਵਿਰੋਧ ਕੀਤਾ
ਜਿਸਨੇ ਹਮੇਸ਼ਾ ਨਿਆਂਪੂਰਨ ਸ਼ਾਂਤੀ ਦੀ ਉਮੀਦ ਬਣਾਈ ਰੱਖੀ
ਜਿਸਨੇ ਹਰ ਥਾਂ ਮੌਤ ਦੇ ਖਿਲਾਫ ਅਵਾਜ਼ ਉਠਾਈ
ਜਿਸਨੇ ਭਾਈਚਾਰੇ ਦੀ ਇਕ ਜ਼ਿੰਦਗੀ ਦੀ ਮੰਗ ਕੀਤੀ
ਅਤੇ ਉਸ ਤਰ੍ਹਾਂ ਹੀ ਜੀਵਿਆ
ਇਸ ਲਈ ਮੈਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ
ਕਿਉਂਕਿ ਮੈਂ ਲਗਾਤਾਰ ਲੜਦਾ ਰਿਹਾ
ਅਤੇ ਕਿਉਂਕਿ ਮੈਂ ਇਕ ਅਰਬੀ ਹਾਂ
***
ਇਕ ਇਜਰਾਇਲੀ ਤੇ ਇਕ ਯਹੂਦੀ ਦੀ ਗੱਲਬਾਤ- ਸਮੀਹ ਅਲ-ਕਾਸਿਮ
‘ਮੇਰੇ ਦਾਦਾ ਦੰਗਿਆਂ ‘ਚ ਸਾੜ ਦਿੱਤੇ ਗਏ ਸਨ’
‘ਮੈਨੂੰ ਉਨ੍ਹਾਂ ਲਈ ਅਫਸੋਸ ਹੈ, ਪਰ ਮੇਰੀਆਂ ਜੰਜੀਰਾਂ ਤਾਂ ਖੋਲ ਦਿਓ’
‘ਤੇਰੇ ਹੱਥ ‘ਚ ਕੀ ਹੈ?’
‘ਇੱਕ ਮੁੱਠੀ ਬੀਜ’
‘ਤੇਰੇ ਚਿਹਰੇ ‘ਤੇ ਗੁੱਸਾ ਹੈ’
‘ਧਰਤੀ ਦਾ ਇਹੀ ਰੰਗ ਹੈ’
‘ਆਪਣੀ ਤਰਵਾਰ ਨੂੰ ਹੱਲ ਦੇ ਫਾਲੇ ‘ਵ ਬਦਲ ਦਿਓ’
‘ਤੂੰ ਕੋਈ ਜਮੀਨ ਹੀ ਨਹੀਂ ਛੱਡੀ’
‘ਤੂੰ ਇਕ ਅਪਰਾਧੀ ਏਂ’
‘ਮੈਂ ਕਿਸੇ ਨੂੰ ਨਹੀਂ ਮਾਰਿਆ, ਕਿਸੇ ਦੀ ਹੱਤਿਆ ਨਹੀਂ ਕੀਤੀ ਏ’
‘ਕਿਸੇ ਨੂੰ ਸਤਾਇਆ ਨਹੀਂ, ਕਿਸੇ ਨੂੰ ਦੁੱਖੀ ਨਹੀਂ ਕੀਤਾ’
‘ਤੂੰ ਇਕ ਅਰਬੀ ਏਂ, ਇਕ ਕੁੱਤਾ ਏਂ’
‘ਰੱਬ ਤੇਰਾ ਭਲਾ ਕਰੇ’
‘ਪਿਆਰ ਕਰਨਾ ਸਿੱਖ ਅਤੇ ਥੋੜੀ ਜਿਹੀ ਧੁੱਪ ਆਉਣ ਦੇ’
***
ਜੇਲ੍ਹ ਤੋਂ ਇਕ ਚਿੱਠੀ - ਸਮੀਹ ਅਲ-ਕਾਸਿਮ
ਮਾਂ,
ਇਸਤੋਂ ਮੈਨੂੰ ਦੁੱਖ ਹੁੰਦਾ ਹੈ, ਮਾਂ,
ਕਿ ਤੂੰ ਫੁੱਟ-ਫੁੱਟ ਰੋਣ ਲੱਗਦੀ ਐਂ
ਜਦੋਂ ਮੇਰੇ ਦੋਸਤ ਆਉਂਦੇ ਨੇ ਮੇਰੇ ਬਾਰੇ ਪੁੱਛਣ
ਪਰ, ਮੇਰਾ ਵਿਸ਼ਵਾਸ਼ ਹੈ, ਮਾਂ
ਕਿ ਮੇਰੀ ਜ਼ਿੰਦਗੀ ਦੀ ਸ਼ਾਨ
ਜੇਲ੍ਹ ਵਿੱਚ ਹੀ ਪੈਦਾ ਹੋਈ ਹੈ
ਅਤੇ ਮੇਰਾ ਵਿਸ਼ਵਾਸ਼ ਹੈ
ਕਿ ਮੇਰਾ ਆਖਰੀ ਮੁਲਾਕਾਤੀ
ਕੋਈ ਅੰਨਾ ਚਮਗਾਦੜ ਨਹੀਂ ਹੋਵੇਗਾ
ਹੁਣ ਲਾਜ਼ਮੀ ਹੀ ਉਹ ਦਿਨ ਆਏਗਾ
ਹੁਣ ਲਾਜ਼ਮੀ ਹੀ ਉਹ ਦਿਨ ਆਏਗਾ
***
ਇਕ ਦਿਵਾਲੀਏ ਦੀ ਰਿਪੋਰਟ- ਸਮੀਹ ਅਲ-ਕਾਸਿਮ
ਜੇਕਰ ਮੈਨੂੰ ਆਪਣੀ ਰੋਟੀ ਛੱਡਣੀ ਪਵੇ
ਜੇਕਰ ਮੈਨੂੰ ਆਪਣੀ ਕਮੀਜ਼ ਅਤੇ ਆਪਣਾ ਬਿਸਤਰਾ ਵੇਚਣਾ ਪਵੇ
ਜੇਕਰ ਮੈਨੂੰ ਪੱਥਰ ਤੋੜਣ ਦਾ ਕੰਮ ਕਰਨਾ ਪਵੇ
ਜਾਂ ਕੁਲੀ ਦਾ
ਜਾਂ ਭੰਗੀ ਦਾ
ਜੇਕਰ ਮੈਨੂੰ ਤੇਰਾ ਗੁਦਾਮ ਸਾਫ਼ੳਮਪ; ਕਰਨਾ ਪਵੇ
ਜਾਂ ਕੂੜੇ-ਕਰਕਟ ਵਿਚ ਰੋਟੀ ਲੱਭਣੀ ਪਵੇ
ਜਾਂ ਭੁੱਖੇ ਰਹਿਣਾ ਪਵੇ
ਅਤੇ ਚੁੱਪਚਾਪ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅੰਤ ਤੱਕ ਮੈਂ ਲੜਾਂਗਾ
ਜਾਵੋ ਮੇਰੀ ਜ਼ਮੀਨ ਦਾ
ਆਖਰੀ ਟੁਕੜਾ ਵੀ ਖੋਹ ਲਵੋ
ਜੇਲ੍ਹ ਦੀ ਕੋਠੜੀ ਵਿਚ
ਮੇਰੀ ਜਵਾਨੀ ਗਾਲ ਦੇਵੋ
ਮੇਰੀ ਵਿਰਾਸਤ ਲੁੱਟ ਲਵੋ
ਮੇਰੀਆਂ ਕਿਤਾਬਾਂ ਸਾੜ ਦੇਵੋ
ਮੇਰੇ ਥਾਲ ਵਿਚ ਆਪਣੇ ਕੁੱਤਿਆਂ ਨੂੰ ਖਵਾਓ
ਜਾਵੋ ਮੇਰੇ ਪਿੰਡ ਦੀਆਂ ਛੱਤਾਂ ਤੇ
ਆਪਣੇ ਆਤੰਕ ਦੇ ਜਾਲ ਵਿਛਾ ਦੇਵੋ
ਮਨੁੱਖਤਾ ਦੇ ਦੁਸ਼ਮਣ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਜੇਕਰ ਤੂੰ ਮੇਰੀਆਂ ਅੱਖਾਂ ਵਿਚ
ਸਾਰੀਆਂ ਮੋਮਬੱਤੀਆਂ ਪਿਘਲਾ ਦੇਵੇਂ
ਜੇਕਰ ਤੂੰ ਮੇਰੇ ਬੁੱਲ੍ਹਾਂ ਦੇ
ਹਰ ਚੁੰਮਣ ਨੂੰ ਜਮਾ ਦੇਵੇਂ
ਜੇਕਰ ਤੂੰ ਮੇਰੇ ਮਾਹੌਲ ਨੂੰ
ਗਾਲਾਂ ਨਾਲ ਭਰ ਦੇਵੇਂ
ਜਾਂ ਮੇਰੇ ਦੁੱਖਾਂ ਨੂੰ ਦਬਾ ਦੇਵੇਂ
ਮੇਰੇ ਨਾਲ ਧੋਖਾ ਕਰੇਂ
ਮੇਰੇ ਬੱਚਿਆਂ ਦੇ ਮੁੱਖ ਤੋਂ ਹਾਸਾ ਉਡਾ ਦੇਵੇਂ
ਤੇ ਮੇਰੀਆਂ ਅੱਖਾਂ ਵਿਚ ਅਪਮਾਨ ਦੀ
ਪੀੜ ਭਰ ਦੇਵੇਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
ਮਨੁੱਖਤਾ ਦੇ ਦੁਸ਼ਮਣ
ਬੰਦਰਗਾਹਾਂ ਤੋਂ ਸਿਗਨਲ ਉਠਾ ਦਿੱਤੇ ਗਏ ਨੇ
ਵਾਤਾਵਰਨ ‘ਚ ਸੰਕੇਤ ਹੀ ਸੰਕੇਤ ਹਨ
ਮੈਂ ਉਹਨਾਂ ਨੂੰ ਹਰ ਥਾਂ ਵੇਖ ਰਿਹਾ ਹਾਂ
ਕਿਨਾਰੇ ਤੇ ਕਿਸ਼ਤੀਆਂ ਦੀਆਂ ਕਤਾਰਾਂ ਨਜ਼ਰ ਆ ਰਹੀਆਂ ਨੇ
ਉਹ ਆ ਰਹੇ ਨੇ
ਵਿਰੋਧ ਕਰਦੇ ਹੋਏ
ਯੂਲੀਸਿਸ ਦੀਆਂ ਕਿਸ਼ਤੀਆਂ ਪਰਤ ਰਹੀਆਂ ਹਨ
ਗਵਾਚੇ ਹੋਏ ਲੋਕਾਂ ਦੇ ਸਮੁੰਦਰ ‘ਚੋਂ
ਸੂਰਜ ਚੜ੍ਹ ਰਿਹਾ ਹੈ
ਆਦਮੀ ਅੱਗੇ ਵੱਧ ਰਹੇ ਹਨ
ਅਤੇ ਇਸ ਲਈ ਮੈਂ ਸੌਂਹ ਖਾਂਦਾ ਹਾਂ
ਮੈਂ ਸਮਝੌਤਾ ਨਹੀਂ ਕਰਾਂਗਾ
ਅਤੇ ਅੰਤ ਤੱਕ ਮੈਂ ਲੜਾਂਗਾ
ਮੈਂ ਲੜਾਂਗਾ
***
ਇੰਤੀਫਾਦਾ* - ਪੀਟਰ ਬੋਲਾਟਾ
ਫਲਸਤੀਨ ਦੀ ਧਰਤੀ ਕੰਬਦੀ ਰਹੀ
ਜਦੋਂ ਤੱਕ ਕਿ ਆਖਰੀ ਪੱਥਰ
ਕੱਢ ਨਾ ਲਿਆ ਗਿਆ
ਅਤੇ ਤੁਸੀਂ ਉਨ੍ਹਾਂ ਨੂੰ
ਇਕੱਠਾ ਨਾ ਕਰ ਲਿਆ
ਜਿਵੇਂ ਦੂਸਰੇ ਮਾਸੂਮ ਬੱਚਿਆਂ ਨੇ
ਫੁੱਲ ਤੋੜ ਲਏ
ਤੁਹਾਡੇ ਪੱਥਰ ‘ਤੇ
ਲ਼ਾਲ ਖੂਨ ਉੱਗਿਆ
ਵਰ੍ਹਿਆਂ ਦੀ ਸਾਜ਼ਿਸ਼ ਵਿਰੁੱਧ
ਤੁਹਾਡੀ ਹਰ ਸਾਹ ਖੋਹ ਲੈਣ ਦੀ
ਸਾਜ਼ਿਸ਼ ਦੇ ਵਿਰੁੱਧ
ਪਾਬੰਦੀ
ਜਦੋਂ ਤੱਕ ਤੁਸੀਂ ਸਾਹ ਲੈਣਾ ਬੰਦ ਨਹੀਂ ਕਰ ਦਿੰਦੇ
ਹਰ ਸਾਹ ਇਕ ਯੁੱਧ ਹੈ।
ਜਿਵੇਂ ਤੁਸੀਂ ਹੰਝੂ ਗੈਸ ਦੇ ਧੂੰਏਂ ‘ਚ ਘੁੱਟਦੇ ਹੋ
ਤੁਹਾਡੇ ਆਪਣੇ ਘਰ
ਆਪਣੀਆਂ ਗਲੀਆਂ
ਆਪਣੀ ਫੁੱਲਵਾੜੀ
ਮੌਤ ਦੀ ਕੋਠੜੀ ਹੈ
ਤੁਸੀਂ ਕਿਹਾ ਬਹੁਤ ਹੋ ਗਿਆ
ਅਤੇ ਧਰਤੀ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ
ਗੜੇ ਵਰਸਾਉਣੇ ਸ਼ੁਰੂ ਕਰ ਦਿੱਤੇ
ਪਾਪੀ ਦੇਸ਼ ਦੇ ਵਿਰੁੱਧ
ਕਬਜਾ ਅਧਿਕਾਰੀ ਨੂੰ ਇਕ ਪੱਥਰ ਲੱਗਿਆ
ਉਸਨੂੰ ਜੋਰ ਨਾਲ ਕਿਸੇ ਨੇ ਮਾਰਿਆ ਸੀ
ਇਕ ਆਮ ਆਦਮੀ ਨੇ
ਜੋ ਮਾਰਨਾ ਚਾਹੂੰਦਾ ਸੀ
ਮਾਣ ਨਾਲ ਖੜਾ ਹੋ ਕੇ
ਝੁੱਕ ਕੇ ਨਹੀਂ ਜਿਊਣਾ
ਤੁਸੀਂ ਆਪਣੀ ਜ਼ਿੰਦਗੀ ਨੂੰ
ਉਨ੍ਹਾਂ ਹੀ ਪਿਆਰ ਕਰਦੇ ਹੋ
ਕਿ ਲੜ ਸਕੋ
ਪਾਬੰਦੀਆਂ ਵਿਰੁੱਧ
ਜਿਵੇਂ ਤੁਸੀਂ ਹਮੇਸ਼ਾ ਕਰਦੇ ਹੋ
ਮਰਿਆਦਾ ਨਾਲ
ਹੁਣ ਤੁਸੀਂ ਆਪਣਾ ਬੰਧਨ ਤੋੜ ਰਹੇ ਹੋ
ਤੁਹਾਨੂੰ ਸਨਮਾਣ ਮਿਲਣਾ ਹੀ ਹੈ
*ਬਗਾਵਤ
***
ਫਲਸਤੀਨ ਲਈ - ਫਦਵਾ ਤੂਕਨ
ਮਹਾਨ ਓ, ਮਹਾਨ ਦੇਸ਼
ਦੂਰੀਆਂ ਠਹਿਰ ਸਕਦੀਆਂ ਨੇ
ਅਤੇ ਬਦਲ ਸਕਦੀਆਂ ਨੇ
ਪੀੜਾਂ ਦੀਆਂ ਉਦਾਸ ਰਾਤਾਂ ‘ਚ
ਪਰ ਉਹ ਸਮਰੱਥ ਨਹੀਂ ਹਨ
ਅਤੇ ਬਹੁਤ ਛੋਟੀਆਂ ਹਨ
ਤੇਰੇ ਤੇਜ ਨੂੰ ਨਸ਼ਟ ਕਰਨ ਲਈ
ਕਿਉਂਕਿ ਤੇਰੀਆਂ ਟੁੱਟੀਆਂ ਹੋਈਆਂ ਆਸਾਂ ‘ਚ
ਤੇਰੇ ਸਲੀਬ ਚੜੇ ਹੋਏ ਭਵਿੱਖ ‘ਚ
ਤੇਰੇ ਚੁਰਾ ਲਏ ਗਏ ਹਾਸੇ ‘ਚ
ਤੇਰੇ ਬੱਚੇ ਮੁਸਕਰਾਉਂਦੇ ਹਨ
ਤਬਾਹ ਹੋਏ ਘਰਾਂ, ਮਕਾਨਾਂ ਅਤੇ ਸਜਾਵਾਂ ‘ਚ
ਖੂਨ ਲਿਬੜੀਅ ਦੀਵਾਰਾਂ ‘ਚ
ਜ਼ਿੰਦਗੀ ਅਤੇ ਮੌਤ ਦੀ ਥਰਥਰਾਹਟ ‘ਚ
ਓ ਮਹਾਨ ਦੇਸ਼
ਓ ਮੇਰੀ ਗਹਿਰੀ ਪੀੜਾ
ਅਤੇ ਮੇਰਾ ਇਕੱਲਾ ਪਿਆਰ
ਅਨੁਵਾਦ:ਮਨਦੀਪ
ਸੰਪਰਕ: +91 98764 42052