Thu, 21 November 2024
Your Visitor Number :-   7255563
SuhisaverSuhisaver Suhisaver

ਉਡੀਕ - ਜਸਮੇਰ ਸਿੰਘ ਲਾਲ

Posted on:- 18-05-2012



ਮੈਂ ਇੱਕ  ਅਜਿਹਾ ਸੰਗੀਤ ਦਾ ਸਾਜ਼ ਹਾਂ
ਜਿਸ ਦੀਆਂ ਤਾਰਾਂ ਨੂੰ ਵਰ੍ਹਿਆਂ ਤੋਂ ਕਿਸੇ ਨੇ ਛੇੜਿਆ ਨਹੀਂ ...

ਕੀ ਕੋਈ ਹੈ ?
ਕਿ ਜਿਸ ਨੂੰ ਸੁਰਾਂ ਦੀ ਸੋਝ੍ਹੀ ਹੋਵੇ, ਓਹ ਆਵੇ , ਮੈਨੂੰ ਵਜਾ ਲਵੇ ...
ਇਸ ਉੱਪਰ  ਆਪਣੇ  ਗੀਤਾਂ ਦਾ ਇੱਕ ਅਨਹਦ ਨਾਦ ਛੇੜ ਲਵੇ
ਅਤੇ ਮੈਂ  ਉਸਦੇ ਨਾਦ ਉੱਪਰ ਨੱਚ ਕੇ ਵੇਖ ਲਵਾਂ..
ਜਿਊ ਕੇ ਵੇਖ ਲਵਾਂ ....!

ਮੈਂ ਇੱਕ  ਅਜਿਹੇ ਬਾਂਸ ਦੀ ਪੋਰੀ ਹਾਂ
ਸੀਨੇ ਵਿੱਚ ਸ਼ੇਕ ਪੁਆਈ ਇੱਕ ਵੰਝਲੀ ਜੇਹੀ...

ਕੀ ਕੋਈ ਹੈ ?
ਜਿਸਦੇ  ਬੁੱਲ੍ਹ ਫ਼ਰਕ ਰਹੇ ਹੋਣ ...
ਓਹ ਆਵੇ ਮੇਰੇ ਛੇਕਾਂ ਨੂੰ ਚੁੰਮ ਲਵੇ,
ਇੱਕ ਮਰਹਮ ਦੀ ਤਰ੍ਹਾਂ...
ਮੈਨੂੰ ਵਜਾ ਲਵੇ ਤੇ ਆਪਣੀਆਂ ਹੂਕਾਂ ਨੂੰ ਖਿਲਾਰ ਲਵੇ
ਸੰਨਾਟੇ ਦੀ ਸੁੰਨ ਵਿੱਚ ...



ਅਤੇ ਮੈਂ  ਉਸਦੀ ਵੇਦਨਾ ਵਿੱਚ ਫੜਕ ਕੇ ਵੇਖ ਲਵਾਂ ...
ਵਿਗਸ ਕੇ ਵੇਖ ਲਵਾਂ ..
ਤੜਫ਼ ਕੇ ਵੇਖ ਲਵਾਂ...!

ਮੈਂ ਇੱਕ ਅਜੇਹੀ ਪੱਟੀ ਹਾਂ ਰੀਝਾਂ ਦੀ,
ਆਪਣੇ ਪੱਲੂ  ਉੱਪਰ  ਘੁੰਗਰੂਆਂ ਦੇ ਸੁਪਨੇ ਜੜਾਈ ਬੈਠੀ....


ਕੀ ਕੋਈ ਹੈ ?
ਜਿਸਦੇ ਪੈਰਾਂ ਵਿੱਚ ਅੱਚੋਤਾਈ ਹੋਵੇ
 ਜੀਵਨ- ਰਾਹਾਂ ਉੱਪਰ ਨੱਚਣ ਦੀ ਤੜਫ  ਹੋਵੇ ...
ਓਹ ਆਵੇ....
ਆਪਣੇ ਤਾਂਡਵ ਨਾਚ ਦਾ ਝੂੰਮਰ ਨੱਚ ਕੇ ਵੇਖ ਲਵੇ  
ਅਤੇ ਮੈਂ ਉਸਦੀ ਲੋਰ ਵਿੱਚ ਛਣਕ ਕੇ ਵੇਖ ਲਵਾਂ ...
ਛੰਨ ਛਨਾ ਕੇ ਵੇਖ ਲਵਾਂ...  

ਜ਼ਿੰਦਗੀ !
ਕਦੀ ਮੇਰੇ ਕੋਲ ,  ਇੱਕ ਵਾਰੀ    ਆ ਤੇ ਸਹੀ !
ਬਾਂਹ ਵਿੱਚ  ਬਾਂਹ, ਮੇਰੇ  ਤੂੰ ਕਦੀ   ਪਾ ਤੇ ਸਹੀ !

ਤੂੰ ਦੋ ਪੈਰ ਮੇਰੇ ਨਾਲ ਇੱਕ  ਵਾਰ  ਤੁਰ ਕੇ ਤਾਂ ਵੇਖ !
ਜੇ ਤੂੰ ਕਿੱਕਲੀ ਨਾਂ ਪਾਉਣ ਲੱਗ ਜਾਵੇਂ ਤਾਂ ਮੇਰਾ ਜੁੰਮਾਂ !!

ਮੈਂ  ਉਸ ਨੂੰ ਉਡੀਕ ਰਿਹਾਂ ਹਾਂ ਓਸ ਗੀਤ ਨੂੰ  ..
ਉਸ ਹੂਕ ਨੂੰ ...
ਓਸ ਹਮਰਾਹੀ ਨੂੰ...
ਮੈਂ  ਜਿਸਦਾ  ਸਾਜ਼ ਹਾਂ ,
ਜਿਸਦੀ ਵੰਝਲੀ ਹਾਂ ...
ਜਿਸਦੇ  ਜੀਵਨ ਨਾਚ ਦੇ ਘੁੰਗਰੂ ਹਾਂ
ਜਿਸਦੀ  ਵਰ੍ਹਿਆਂ ਭਰੀ ਉਡੀਕ ਹਾਂ ....!

ਤੂੰ ਇੱਕ ਵਾਰੀ ਆ ਤੇ ਸਹੀ ...
ਜੇ ਕਦੇ ਮੁੜ ਕੇ ਜਾਣ ਦੀ ਸੋਚ ਵੀ ਜਾਵੇਂ  ਤਾਂ ਮੇਰਾ ਜੁੰਮਾਂ...

ਈ ਮੇਲ: [email protected]

Comments

Hardeep Kaur

Udeek... Bohat hi dil khichvi te dard bhari kavita..

JASMER SINGH LALL

Dear friends, this is the publication of my first ever poem written by me. This is also a first ever publication of a piece of literature produced by me in any of the media outside the face book. So I am very pleased. I hope I will keep on sharing my other poems with you in future My special thanks go to the Suhi Saver staff members who made it possible.

diljeet

bhoot khob jasmer ji

Hardeep Kaur

ਇਹ ਤੁਹਾਡੀ ਪਹਿਲੀ ਕਵਿਤਾ ਹੈ ਫਿਰ ਵੀ ਤੁਸੀ ਏਨੇ ਉਚ ਦਰਜ਼ੇ ਦੀ ਕਵੀਤਾ ਲਿਖੀ ਹੈ..ਲਾਹਜਵਾਬ.. ਅੰਤਾਂ ਦੀ ਪਿਆਸ ਝਲਕ ਰਹੀ ਹੈ ਇਸ ਕਵਿਤਾ ਚੋਂ ਜਿਵੇ ਕਿਸੇ ਪਿਆਸੇ ਨੂੰ ਪਾਣੀ ਦੀ ਤਲਾਸ਼ ਹੋਏ ਤੇ ਉਹ ਸਮੰਦਰ ਚ ਬੈਠਾ ਹੋਇਆ ਵੀ ਆਪਣੀ ਪਿਆਸਾ ਹੀ ਹੋਏ| ਤੁਹਾਡੀ ਇਹ ਕਵਿਤਾ ਬਹੁਤ ਹੀ ਦਿਲ ਟੁੰਬਮੀ ਤੇ ਕਾਲਜੇ ਨੂੰ ਚੀਰਦੀ ਹੋਈ ਤੀਰ ਵਾਂਗ ਨਿਕਲ ਜਾਂਦੀ ਹੈ ਤੇ ਇੱਕ ਮਿੱਠਾ ਮਿੱਠਾ ਜਿਹਾ ਦਰਦ ਦੇ ਜਾਂਦੀ ਹੈ, ਰੱਬ ਤੁਹਾਨੂੰ ਤੱਰਕੀਆਂ ਬਖਸ਼ੇ ਇਹੀ ਦਿਲੀ ਦੂਆ ਹੈ ਮੇਰੀ.. ਹਰਦੀਪ ਕੌਰ

surjeet kaur

ਛੁਪੇ ਰੁਸਤਮ ਜਸਮੇਰ ਸਿੰਘ ਲਾਲ ਜੀ ਹਨ ਪ੍ਰਮਾਤਮਾ ਅੱਗੇ ਦੋਵੇਂ ਹਥ ਜੋੜ ਕੇ ਅਰਦਾਸ ਕਰਦੀ ਹਾਂ ਕਿ ਇਹਨਾ ਦੀ ਕਲਮ ਇਸ ਤਰਾਂ ਹੀ ਲਿਖੀ ਜਾਵੇ, ਲਿਖੀ ਜਾਵੇ .......

Jasmer Singh Lall

ਸੁਰਜੀਤ ਜੀਓ ਤੁਹਾਡੇ ਵਲੋਂ ਵਡਿਆਏ ਜਾਣਾ ਇੱਕ ਅਮੁੱਲਾ ਆਸ਼ੀਰਵਾਦ ਹੈ ਅਤੇ ਤੁਹਾਡੀ ਅਰਦਾਸ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਜ਼ਿੰਦਗੀ ਮੇਰੇ ਕੋਲੋਂ ਹਰ ਇੱਕ ਓਹ ਸੇਵਾ ਕਰਵਾ ਲਵੇ ਜੋ ਇਸ ਨੂੰ ਚੰਗਾ ਭਾਵੇ ! ਮੇਰੀ ਤਲੀ ਉੱਤੇ ਚਾਨਣ ਧਰ ਦੇਵੇ ਜਿਸ ਵਿੱਚੋਂ ਮੈਂ ਆਪਣੀ ਕਲਮ ਡੁਬੋ ਕੇ ਹਨ੍ਹੇਰੇ ਨੂੰ ਦੂਰ ਕਰਨ ਲਈ ਹਮੇਸ਼ਾ ਰੋਸ਼ਨੀ ਦੇ ਅੱਖਰ ਲਿਖਦਾ ਰਹਾਂ ! ਤੁਹਾਡੇ ਸੁਖਦ ਸ਼ਬਦਾਂ ਲਈ ਦਿਲੋਂ ਧੰਨਬਾਦ !

Avtar Sidhu

ਕਮਾਲ ਦੇ ਲਫਜਾਂ ਚ ਪਰੋਈ ਕਵਿਤਾ ਜਜ੍ਬਾ ਹੇ ਇਕ ਪਿਆਸ ,ਬਜਾਉਣ ਦਾ ,ਉਮੀਦ ਨੂੰ ਸਿਰੇ ਚੜਦੀ ਦੇਖਣ ਦਾ ,ਮਨੁਖ ਅੰਦਰ ਅਥਾ ਤਾਕਤ ਦਾ ਜਨਮ ਹੁੰਦਾ ਜੇ ਉਸ ਨੂੰ ਆਪਣੇ ਸੁਪਨਿਆ ,ਉਮੀਦ ,ਤੇ ਆਸਾ ਦੀ ਪੂਰਤੀ ਹੁੰਦੀ ਦਿਸੇ ,ਪਿਆਰੀ ਕਿਰਤ ਹੇ ਮੁਬਾਰਕ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ