ਭਾਂਬੜ
ਭਾਂਬੜ ਬਲਦੇ ਮੱਠੇ ਹੋ ਗਏ,
ਸੁੱਤੀ ਅਲਖ਼ ਜਗਾਵੋ ਨਾ।
ਜਾਣ ਬੁੱਝ ਕੇ ਬਲਦੀ ਉਤੇ,
ਤੇਲ ਦੇ ਬਾਟੇ ਪਾਵੋ ਨਾ ।
ਬੀਤ ਗਿਆ ਜੋ ਬੀਤ ਗਿਆ
ਕੀ ਉਹਨੂੰ ਪਛਤਾਉਦੇ ਹੋ,
ਸੂਲਾਂ ਵਿਨੇ੍ਹ ਸ਼ਬਦਾਂ ਵਾਲਾ
ਗੀਤ ਹੋਰ ਕੋਈ ਗਾਵੋ ਨਾ।
ਪੱਥਰ ਦਿਲ ਜਿਨ੍ਹਾਂ ਸੀ ਕੀਤੇ
ਉਹ ਵੀ ਏਥੋਂ ਤੁਰ ਗਏ ਨੇ,
ਅੰਗਿਆਰਾਂ ਦੇ ਫ਼ੁੱਲਾਂ ਵਾਲੀ
ਅਰਥੀ ਹੋਰ ਸਜਾਵੋ ਨਾ।
ਕੀਹ ਹੈ ਲੇਣਾ ਦੇਣਾ ਆਪਾਂ
ਆਪਣਾ ਆਪ ਸੰਭਾਲ ਲਵੋ,
ਗੁੰਝਲਦਾਰ ਬੁਝਾਰਤ ਵਾਲੇ
ਚੱਕਰ ਹੋਰ ਚਲਾਵੋ ਨਾ।
ਬੰਦਾ ਗ਼ਲਤੀ ਦਾ ਹੈ ਪੁਤਲਾ
ਸੱਭ `ਤੋਂ ਗ਼ਲਤੀ ਹੋ ਜਾਂਦੀ,
ਭੁੱਲ ਕੇ ਗ਼ਲਤੀ ਹੋ ਜਾਏ ਤਾਂ
ਅੁਸਦੇ ਸ਼ਗਨ ਮਨਾਵੋ ਨਾ।
ਦੋਸ਼ਾਂ ਨੂੰ ਤਾਂ ਦੋਸ਼ ਦਿਉਗੇ
ਕੀ ਆਖੋਗੇ , ਨਿਰਦੋਸ਼ਾਂ ਨੂੰ,
ਜੱਗ ਤੇ ਕੋਈ ਨਿਰਦੋਸ਼ ਨਹੀ
ਤਾਂ ਆਪਣੇ ਦੋਸ਼ ਲੁਕਾਵੋ ਨਾ।
ਆਰ.ਬੀ.ਸੋਹਲ
ਬਹੁੱਤ ਖੂਬਸੂਰਤ ਲਿਖਿਆ ਸਾਹਿਬ ਜੀ