Thu, 21 November 2024
Your Visitor Number :-   7252297
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ

Posted on:- 20-07-2014



ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲੱਭੋ

ਰੁੜ ਕੇ ਨੈਣੀਂ ਸਮੁੰਦਰਾਂ ਕਦੇ ਕਿਨਾਰੇ ਨਾ ਲੱਭੋ
ਜੀਵਨ ਦੀ ਜੰਗ ਵਿੱਚ ਬਹੁੱਤੇ ਸਹਾਰੇ ਨਾ ਲੱਭੋ

ਜੇ ਟੁੱਟ ਜਾਉ ਟਹਿਣੀ ਤੇ ਰੱਸਾ ਪਿਆਰ ਵਾਲਾ,
ਜੋ ਲਏ ਸੀ ਇਕਠੇ ਪੀਂਘ ਦੇ ਹੁਲਾਰੇ ਨਾ ਲੱਭੋ

ਹਮਸਫਰ ਨਾਲ ਹੋਵੇ ਹਮੇਸ਼ਾਂ ਜਰੂਰੀ ਨਹੀਂ,
ਮਿਲੇ ਸੀ ਰਾਹ ਵਿੱਚ ਉਹ ਇਸ਼ਾਰੇ ਨਾ ਲੱਭੋ

ਥੱਕ ਟੁੱਟ ਜਾਓ ਰੁਕੋ ਨਾ ਕਦੇ ਮੰਜਲ ਤੀਕਰ,
ਆਸਾਂ ਦੇ ਲਈ ਕਦੇ ਵੀ ਪੈਂਡੇ ਹਾਰੇ ਨਾ ਲੱਭੋ

ਕਿਰ ਜਾਵਣ ਜੋ ਆਪੇ ਅਖੀਂਓਂ ਪਿਆਰ ਮੋਤੀ,
ਮਿੱਟੀ ਫੋਲ ਕੇ ਕਦੇ ਉਹ ਸਿਤਾਰੇ ਨਾ ਲੱਭੋ

ਇਸ਼ਕ ਵਿੱਚ ਵਫ਼ਾ ਦੀ ਹਮੇਸ਼ਾਂ ਤੋਂ ਜਿੱਤ ਹੋਈ,
ਮਹਿਬੂਬ ਲਈ ਕਦੇ ਵੀ ਝੂਠੇ ਲਾਰੇ ਨਾ ਲੱਭੋ

***

ਤੂੰ ਤਾਂ ਲੱਗਦੀ ਏਂ ਸ਼ਿਕਲ ਦੁਪਿਹਰ ਨੀ

ਤੂੰ ਤਾਂ ਲੱਗਦੀ ਏਂ ਸ਼ਿਕਲ ਦੁਪਿਹਰ ਨੀ
ਪੂੰਝੇ ਲੱਗਦੇ ਨਾ ਬਿੱਲੋ ਤੇਰੇ ਪੈਰ ਨੀ
ਅਸੀਂ ਅੱਗ ਦੀਆਂ ਲਪਟਾਂ ‘ਚ ਖੇਲਣਾ
ਸਾਨੂੰ ਮੰਨ ਲੈ ਤੂੰ ਅੱਜ ਦਿਲਦਾਰ ਨੀ

ਰਹਿੰਦਾ ਮੁੱਖ ਤੇ ਗੁਲਾਬ ਤੇਰੇ ਖਿੜਿਆ
ਤੇਰੇ ਹੋਠਾਂ ਤੋਂ ਸ਼ਬਾਬ ਜਾਂਦਾ ਰਿੜਿਆ
ਅਸੀਂ ਚੱਖ ਲੈਣਾ ਚਾਹੇ ਹੋਏ ਜਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿਲਦਾਰ ਨੀ

ਤੇਰਾ ਰੇਸ਼ਮੀ ਬਦਨ ਨੈਣ ਜ਼ਾਮ ਨੇ
ਤੈਨੂੰ ਮੰਨ ਲਿਆ ਸਾਕੀ ਹਰ ਸ਼ਾਮ ਨੇ
ਅਸੀਂ ਪੀਣੀ ਹੋਏ ਜਦੋਂ ਤੱਕ ਕਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿਲਦਾਰ ਨੀ

ਤੇਰੀ ਯਾਦ ‘ਚ ਹਰਫ ਅੱਜ ਖੋ ਗਏ
ਗੀਤ ਕਵਿਤਾ ਗਜਲ ਅੱਜ ਹੋ ਗਏ
ਸੋਹਲ ਰਹੇਗਾ ਹਮੇਸ਼ਾਂ ਤੇਰੇ ਸ਼ਹਿਰ ਨੀ
ਸਾਨੂੰ ਮੰਨ ਲੈ ਤੂੰ ਅੱਜ ਦਿਲਦਾਰ ਨੀ

***
ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ

ਦਿਲ ਦਾ ਹੁਣ ਇਹ ਤਾਣਾ-ਬਾਣਾ ਕਿਸ ਨੂੰ ਖੋਲ ਵਿਖਾਈਏ
ਦੁਨੀਆਂ ਵੀ ਤਾਂ ਆਪ ਨਿਮਾਣੀ ਕਿਸ ਨਾਲ ਦੁੱਖ ਵੰਡਾਈਏ

ਜ਼ਹਿਰੀ ਨਾਗ ਵੀ ਘੁਮਣ ਲੱਗ ਪਏ ਕੀਲਣ ਵਾਲੇ ਸੁੱਤੇ ਨੇ
ਡੰਗਣ ਬਾਜ਼ ਇਹ ਸ਼ਾਂਤ ਨਾ ਹੁੰਦੇ ਕਿਸਦੀ ਜਾਨ ਬਚਾਈਏ

ਕਰਮ ਸਰਪਨੀ ਦੁੱਖਾਂ ਦੀ ਹਰ ਜਨਮ ‘ਚ ਪਿੱਛਾ ਕਰਦੀ ਹੈ
ਹੱਸਦੇ ਹੱਸਦੇ ਜੀ ਲਈਏ ਕਿਓਂ ਜਿਉਂਦੇ ਜੀ ਮਰ ਜਾਈਏ

ਚਾਹਤ ਨੇ ਅੱਜ ਮਹਿਫਲ ਦੇ ਵਿੱਚ ਰੁਸਵਾ ਸਾਨੂੰ ਕੀਤਾ ਹੈ
ਸਾੜ ਕੇ ਰੱਖਤਾ ਨਾਜ਼ੁਕ ਦਿੱਲ ਨੂੰ ਗਮ ਵੀ ਉਸਦੇ ਖਾਈਏ

ਬੁੱਲਿਆਂ ਤੋਂ ਅੱਜ ਹਾਸੇ ਖੁੱਸੇ ਚਿਹਰੇ ਤੇ ਕੋਈ ਨੂਰ ਨਹੀਂ
ਜੀਵਨ ਹੈ ਸੰਗਰਾਮ ਸਮੁੰਦਰ ਹੱਸ ਕੇ ਹੁਣ ਤਰ ਜਾਈਏ

***

ਕੀ ਕਰਾਂ ਮੈਂ ਸਿਫਤ ਪੰਜਾਬ ਦੀ

ਕੀ ਕਰਾਂ ਮੈਂ ਸਿਫਤ ਪੰਜਾਬ ਦੀ
ਪਿੰਡਾ ,ਸ਼ਹਿਰਾਂ ਤੇ ਖੁਸ਼ਬੂ ਹੈ ਆਬ ਦੀ

ਲੰਬੇ ਗਭਰੂ ,ਸੋਹਣੀਆਂ ਮੁਟਿਆਰਾਂ
ਗਿੱਧਾ ਪਾਵਣ ਉੱਡ ਉੱਡ ਨਾਰਾਂ

ਮੰਦਰ ,ਮਸੀਤਾਂ ,ਗੁਰੂਦੁਵਾਰੇ ,
ਜਿੱਥੇ ਮਿਲਣ ਪਿਆਰ ਨਾਲ ਸਾਰੇ

ਮਾਝੇ ,ਮਾਲਵੇ ,ਦੁਆਬੇ ਭਰਾਵਾਂ
ਤੋਂ ਮੈਂ ਵਾਰੀ ਵਾਰੀ ਸਦਕੇ ਜਾਵਾਂ

ਜਦੋਂ ਚੜਨ ਅਸਮਾਨੀਂ ਗੁੱਡੀਆਂ
ਬੱਚੇ ਖੇਲਣ ਪਾ ਪਾ ਲੁੱਡੀਆਂ

ਜਦੋਂ ਲਗਦੇ ਨੇ ਇਥੇ ਮੇਲੇ
ਖੂਸ਼ੀਆਂ ਮਾਨਣ ਲੋਕ ਉਸ ਵੇਲੇ

ਧਰਤੀ ਰੀਝਾਂ ਨਾਲ ਹੈ ਜੋਈ
ਇਥੇ ਹੁੰਦੀ ਫਸਲ ਨਰੋਈ !

ਸੰਤਾਂ ,ਗੁਰੂਆਂ ਪੀਰਾਂ ਦਾ ਡੇਰਾ
ਇਹ ਸੋਹਣਾ ਪੰਜਾਬ ਹੈ ਮੇਰਾ
ਇਹ ਸੋਹਣਾ ਪੰਜਾਬ ਹੈ ਮੇਰਾ
****

ਸਾਡੀ ਗਲੀ ਵਿਚੋਂ ਜਾਨ ਕੇ ਤੂੰ ਲੰਘਣਾ ਵੇ

ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਘਣਾ ਵੇ
ਸਾਨੂੰ ਵੇਖ ਕੇ ਤੂੰ ਨੀਵੀਂ ਪਾ ਕੇ ਸੰਗਨਾਂ ਵੇ
ਸਾਹਮਣੇ ਦੁਕਾਨ ਤੇ ਤੂੰ ਸੋਦੇ ਦੇ ਬਹਾਨੇ
ਕਦੀ ਬੂਹੇ ਅੱਗੇ ਆ ਕੇ ਸਾਡੇ ਖੰਗਣਾ ਵੇ

ਸਾਹਮਣੇ ਚੁਬਾਰੇ ਉੱਤੇ ਗੁਡੀਆਂ ਉਡਾਵੇਂ
ਖੇਡ ਦੇ ਬਹਾਨੇ ਵੇ ਤੂੰ ਮੈਂਨੂੰ ਵੇਖੀ ਜਾਵੇਂ
ਪਤੰਗ ਨੂੰ ਛੁਡਾਦੇ ਮੇਰੇ ਵੀਰ ਨੂੰ ਤੂੰ ਬੋਲੇਂ
ਜਾਨ ਬੁਝ ਕੇ ਦਰੇੰਕ ਸਾਡੀ ਟੰਗਣਾ ਵੇ

ਸਾਰਾ ਸਾਰਾ ਦਿੰਨ ਵੇ ਤੂੰ ਕੋਠੇ ਉੱਤੇ ਬਹਿੰਨਾ ਏਂ
ਸਾਡੇ ਘਰ ਵੱਲ ਵੇ ਤੂੰ ਤੱਕਦਾ ਹੀ ਰਹਿਨਾਂ ਏਂ
ਮੈਂਨੂੰ ਵੇਖ ਕੇ ਤੂੰ ਥੋੜਾ ਹੱਥ ਨੂੰ ਹਿਲਾਵੇਂ
ਹੱਥ ਜੋੜ ਕੇ ਤੂੰ ਪਿਆਰ ਮੇਰਾ ਮੰਗਣਾ ਏਂ

ਹਾਸੇ ਹਾਸੇ ਵਿੱਚ ਮੈਂਨੂੰ ਪਤਾ ਨੀ ਕੀ ਹੋ ਗਿਆ
ਤੇਰਿਆਂ ਖਿਆਲਾਂ ਵਿੱਚ ਦਿੱਲ ਮੇਰਾ ਖੋ ਗਿਆ
ਤੇਰੇ ਵਾਂਗ ਹਾਲ ਹੁਣ ਹੋ ਗਿਆ ਏ ਮੇਰਾ
ਰੂਹ ਨੂੰ ਤੇਰੇ ਹੀ ਪਿਆਰ “ਸੋਹਲ” ਰੰਗਨਾ ਵੇ
ਸਾਡੀ ਗਲੀ ਵਿਚੋ ਜਾਨ ਕੇ ਤੂੰ ਲੰਘਣਾ ਵੇ
ਸਾਨੂੰ ਵੇਖ ਕੇ ਤੂੰ ਨੀਵੀਂ ਪਾ ਕੇ ਸੰਗਨਾਂ ਵੇ

***
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

ਕੱਲੀ ਛੱਡ ਕੇ ਨਾ ਜਾਵੀਂ ਸਦਾ ਤੇਰੇ ਨਾਲ ਹੋਵਾਂ
ਤੈਨੂੰ ਨੈਣਾਂ ‘ਚ ਉਤਾਰਾਂ ਬੂਹਾ ਪਲਕਾਂ ਦਾ ਢੋਵਾਂ
ਮੰਗਾਂ ਰੱਬ ਤੋਂ ਦੁਵਾਵਾਂ ਵੱਖ ਕਦੀ ਵੀ ਨਾ ਹੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

ਤੂੰ ਹੈ ਮੇਰੀ ਜਿੰਦ ਜਾਨ ਤੇਰੇ ਉੱਤੇ ਬੜਾ ਮਾਣ
ਦਿਲ ਕਦਮਾਂ ‘ਚ ਰੱਖਾਂ ਬਣ ਮੇਰਾ ਮਹਿਮਾਨ
ਤੇਰਾ ਕਰਾਂ ਮੈਂ ਦੀਦਾਰ ਸਦਾ ਰਾਹਾਂ ‘ਚ ਖਲੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

ਜਿੰਦ ਤੇਰੇ ਲੇਖੇ ਲਾਈ ਵੇ ਤੂੰ ਤੋੜ ਨਿਭਾਈੰ
ਰੱਬ ਮੰਨ ਲਿਆ ਤੈਨੂੰ ਭੁੱਲੀ ਰੱਬ ਦੀ ਖੁਦਾਈ
ਸਾਰੇ ਦੁੱਖ ਸੁੱਖ ਆਪਣੇ ਮੈਂ ਤੇਰੇ ਅੱਗੇ ਰੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

ਇੱਕ ਪੱਲ ਦਾ ਵਿਛੋੜਾ ਵੀ ਮੈਂ ਕਦੇ ਨਾ ਸਹਾਰਾਂ
ਤੇਰੇ ਕਦਮਾਂ ‘ਚ ਝੁਕ ਪਾ ਲਈਆਂ ਮੈਂ ਬਹਾਰਾਂ
ਲੱਗ ਜਾਵੇ ਨਾ ਨਜਰ ਤੈਨੂੰ ਜਗ ਤੋਂ ਲਕੋਵਾਂ  
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

ਦੋ ਜਿਸਮ ਹੈ ਭਾਵੇਂ ਰੂਹਾਂ ਇੱਕ ਹੋ ਕੇ ਰਹਿਣਾ  
ਹੋਏ ਦੁੱਖ ਤਕਲੀਫ਼ ਦੋਹਾਂ ਰਲ ਕੇ ਹੀ ਸਹਿਣਾ  
ਧਾਗੇ ਸਾਹਾਂ ਵਾਲੇ ਵਿੱਚ ਹੁਣ ਤੈਨੂੰ ਮੈਂ ਪਰੋਵਾਂ
ਜਾਨ ਨਿਕਲੇ ਜਦੋਂ ਵੇ ਬਾਂਹਾਂ ਤੇਰੀਆਂ ‘ਚ ਹੋਵਾਂ

***

ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ

ਮੈਂਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ
ਮੈਂ ਤਾਂ ਹਰ ਸਾਹ ਦੇ ਉੱਤੇ ਤੇਰਾ ਨਾਮ ਲਿਖਿਆ
ਰਹਿੰਦੇ ਕਾਬੂ ਚ’ ਨਾ ਮੇਰੇ ਜਜਬਾਤ ਸੋਹਣੀਏ

ਜਿਥੇ ਧਰੇਂਗੀ ਤੂੰ ਪੈਰ ਓਥੇ ਤਲੀਆਂ ਵਿਛਾਵਾਂਗਾ
ਰਾਹਾਂ ਦਿਆਂ ਕੰਡਿਆਂ ਨੂੰ ਪਾਸੇ ਮੈਂ ਲਗਾਵਾਂਗਾ  
ਤੇਰੇ ਵਰਗਾ ਨਾ ਮੈਂਨੂੰ ਕੋਈ ਹੋਰ ਦਿਸਦਾ
ਕਰੂਂ ਜਿੰਦਗੀ ਚ’ ਤੇਰੀ ਮੈਂ ਬਹਾਰ ਸੋਹਣੀਏ

ਮੁੱਖ ਤੇਰਾ ਰਹਾਂ ਹਰ ਵੇਲੇ ਮੈਂ ਨਿਹਾਰਦਾ  
ਨੈਨ ਮੇਰੇ ਪਿਆਸੇ ਦਿਲ ਭੁੱਖਾ ਪਿਆਰ ਦਾ
ਬਾਹਾਂ ਤੇਰੀਆਂ ਚ’ ਲੰਗੇ ਮੇਰੀ ਸਾਰੀ ਰਾਤ ਨੀ
ਹੋਵੇ ਜੁਲਫਾਂ ਦੇ ਥਲੇ ਪਰਬਾਤ ਸੋਹਣੀਏ

ਤੇਰੇ ਕਦਮਾਂ ਚ’ ਸਦਾ ਲਈ ਮੈਂ ਡੇਰਾ ਲਾ ਲਿਆ
ਕਰਾਂ ਸਜਦਾ ਮੈਂ ਪਿਆਰ ਦਾ ਵਿਛੋਣਾ ਪਾ ਲਿਆ
ਅੱਜ ਦਿਲ ਨਾਲ ਦਿੱਲ ਦੀ ਮੈਂ ਤਾਰ ਜੋੜ ਕੇ
ਕਰਾਂ ਰੀਜ਼ ਨਾਲ ਤੇਰਾ ਮੈਂ ਸ਼ਿੰਗਾਰ ਸੋਹਣੀਏ

ਮੈਨੂੰ ਤੇਰੇ ਨਾਲ ਬੜਾ ਹੀ ਪਿਆਰ ਸੋਹਣੀਏ
ਦੇਵਾਂ ਜਿੰਦ ਜਾਨ ਤੇਰੇ ਉੱਤੋਂ ਵਾਰ ਸੋਹਣੀਏ

***

ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ

ਸਾਨੂੰ ਵੇਖ ਕੇ ਤੂੰ ਨਜ਼ਰਾਂ ਨੂੰ ਫੇਰ ਲਿਆ
ਤੇਰੇ ਬਿਨਾ ਸਾਨੂੰ ਦੁੱਖਾਂ ਨੇ ਘੇਰ ਲਿਆ
ਚਾਨਣੀ ਰਾਤ ਨਾ ਬਿਨਾ ਕਦੇ ਚੰਨ ਹੋਈ
ਉਝੜੇ ਦਿਲ ਨੂੰ ਨਾ ਏਥੇ ਵਸਾਵੇ ਕੋਈ

ਕਿਹੜੀ ਸ਼ੈ ਤੇ ਤੂੰ ਕਰਦਾਂ ਗਰੂਰ ਅੜਿਆ
ਆਪਣੇ ਛਡ ਕੇ ਤੂੰ ਹੋਰਨਾਂ ਦਾ ਲੜ ਫੜਿਆ
ਠੋਕਰ ਮਾਰ ਕੇ ਲੋਕਾਂ ਦਿਲ ਤੋੜ ਦੇਣਾ
ਕੜੀ ਪੱਲ ਦਾ ਪਰੋਨਾ ਸਦਾ ਨਹੀਂ ਰਹਿਣਾ

ਹਰ ਵੇਲਾ ਅਸੀਂ ਹੱਸ ਕੇ ਗੁਜ਼ਾਰ ਲਈਏ
ਇੱਕ ਦੂਜੇ ਤੋਂ ਜਾਨਾਂ ਅਸੀਂ ਵਾਰ ਦਈਏ
ਸੁਣਨਾ ਤੇ ਸੁਣਾਉਣ ਅਸੀਂ ਸਦਾ ਜਰੀਏ
ਦਿਲ ਹਾਰ ਕੇ ਇਸ਼ਕ ਨੂੰ ਜਵਾਨ ਕਰੀਏ

ਰਹਿੰਦੀ ਥੋੜੇ ਦਿਨ ਹੀ ਇਥੇ ਬਹਾਰ ਚੰਨਾਂ
ਲਈਏ ਜਿੰਦਗੀ ਨੂੰ ਮਿਲਕੇ ਸੰਵਾਰ ਚੰਨਾ
ਅਸੀਂ ਇਸ਼ਕ ਏ ਹਕੀਕੀ ਕਮਾ ਲਈਏ
ਵੱਖ ਹੋਈਏ ਨਾ ਸਦਾ ਅਸੀਂ ਕੋਲ ਰਹੀਏ

***
ਇਸ਼ਕੇ ਦਾ ਅਸੀਂ ਬੂਟਾ ਲਾਇਆ

ਇਸ਼ਕੇ ਦਾ ਅਸੀਂ ਬੂਟਾ ਲਾਇਆ
ਵਾਂਗ ਰਾਂਜੇ ਦੇ ਜੋਗ ਕਮਾਇਆ
ਵਿੱਚ ਥੱਲਾਂ ਦੇ ਸੜ ਕੇ ਰਹਿ ਗਏ
ਰੋਗ ਅਵੱਲਾ ਜਿੰਦ ਨੂੰ ਲਾਇਆ

ਸੁੱਖ ਚੈਨ ਸਾਡਾ ਲੁੱਟ ਕੇ ਲੈ ਗਿਆ
ਤੁਰਦਾ ਫਿਰਦਾ ਉਠਦਾ ਬਹਿ ਗਿਆ
ਕਦੀ ਹਸਾਇਆ ਕਦੀ ਰੁਲਾਇਆ
ਇਸਨੇ ਗਲੀਆਂ ਵਿੱਚ ਘੁਮਾਇਆ

ਖਾਣਾ ਪੀਣਾ ਭੁਲਾਇਆ ਇਸਨੇ
ਕੱਖਾਂ ਵਾਂਗ ਰੁਲਾਇਆ ਇਸਨੇ
ਕੰਨੀਂ ਮੁੰਦਰਾਂ ਪੈਰੀਂ ਘੁੰਗਰੂ
ਬੁੱਲੇ ਵਾਂਗ ਨਚਾਇਆ ਇਸਨੇ

ਇਸ਼ਕ ਹਕੀਕੀ ਨਹੀਂ ਕਰਨਾ ਸੋਖਾ
ਯਾਰ ਦੇ ਪਿਛੇ ਮਰਨਾ ਔਖਾ
ਵਿੱਚ ਸਮੁੰਦਰਾਂ ਰੁੜ ਜਾਣਾ ਏਂ
ਕਚਿਆਂ ਉੱਤੇ ਤਰਨਾ ਔਖਾ

ਤਾਨੇ ਮਿਹਣੇ ਜਰਨੇ ਪੈਂਦੇ
ਤੋਹਮਤਾਂ ਸਿਰ ਤੇ ਧਰਨੇ ਪੈਂਦੇ
ਸੋਚ ਕੇ ਬੂਟਾ ਲਾਇਓ ਯਾਰੋ
ਮੁਸ਼ਕਲ ਨਾਲ ਇਹ ਸਿੰਜਨੇ ਪੈਂਦੇ

***

ਅੱਖੀਆਂ ਨੂੰ ਸਮਝਾ ਲੈ ਵੇ ਕੀ ਕਰੀ ਜਾਂਦੀਆਂ

ਅੱਖੀਆਂ ਨੂੰ ਸਮਝਾ ਲੈ ਵੇ ਕੀ ਕਰੀ ਜਾਂਦੀਆਂ
ਇਹ ਚੰਦਰੀਆਂ ਨੈਣ ਮੇਰੇ ਨਾਲ ਲੜੀ ਜਾਂਦੀਆਂ

ਦੋਸ਼ ਇਹਨਾ ਦਾ ਹੱਰ ਦੱਮ ਅੜਿਆ
ਦਿਲ ਤੇ ਝੱਲਣਾ ਪੈਂਦਾ ਵੇ
ਤਕਨੋ ਇਹ ਕਦੀ ਬਾਜ ਨਾ ਆਵਣ
ਜਾਨ ਤੇ ਸਹਿਣਾ ਪੈਂਦਾ ਵੇ

ਤੀਰ ਇਹਨਾਂ ਦੇ ਚੁੱਬਾਂ ਦੇਵਣ
ਸੂਲਾਂ ਕੋਲੋਂ ਵੱਧਕੇ ਵੇ
ਜਾਨ ਜਿਗਰ ਦੀ ਕੀ ਪ੍ਰਵਾਹ ਏ
ਪੀੜਾ ਦੇਵਣ ਰੱਜਕੇ ਵੇ

ਜਦ ਵੀ ਦਿੱਲ ਦੀਆਂ ਗੱਲਾਂ ਸੱਜਣਾ
ਬੁਲੀਆਂ ਉੱਤੇ ਆਵਣ ਵੇ
ਇਹਨਾ ਕੋਲੋਂ ਰਹਿ ਨਹੀਂ ਹੁੰਦਾ
ਬਾਰ ਬਾਰ ਸੁਨਾਵਣ ਵੇ

ਤਾਕ ਸਦਾ ਮਾਹੀ ਦੀ ਰਹਿੰਦੀ
ਤੱਕਨੋ ਕਦੀ ਨਾ ਥੱਕਣ ਵੇ
ਨੀਂਦਰ ਚੈਨ ਭੁਲਾਇਆ ਇਸਨੇ
ਆਸ ਸਦਾ ਇਹ ਰੱਖਣ ਵੇ

ਕਦੀ ਹਸਾਵਣ ਕਦੀ ਰੁਲਾਵਣ
ਨਿੱਤ ਰਹਿੰਦੀਆਂ ਅੱੜ ਕੇ ਵੇ
ਦਿਲ ਦੀ ਦਿਲ ਨਾਲ ਸਾਂਝ ਬਣਾਵਣ
ਪਹਾੜਾ ਪਿਆਰ ਦਾ ਪੜ ਕੇ ਵੇ

 ***
ਇੱਕ ਕੁੜੀ ਹੁਸਨਾਂ ਦੀ ਮਲਿਕਾ

ਇੱਕ ਕੁੜੀ ਹੁਸਨਾਂ ਦੀ ਮਲਿਕਾ
ਖਾਬਾਂ ਦੇ ਵਿੱਚ ਆ ਜਾਂਦੀ
ਜ਼ੁਲਫ਼ਾਂ ਉਹ ਕਰਦੀ ਏ ਛਾਂ
ਗਲਵਕੜੀ ਉਹ ਪਾ ਜਾਂਦੀ

ਮੁੱਖੜਾ ਉਸਦਾ ਚਮਕਾਂ ਮਾਰੇ
ਮੱਥੇ ਟਿਕਾ ਸਜਦਾ ਏ
ਪੈਰ ਉਹ ਪਾਉਂਦੀ ਮੇਰੇ ਵੇਹੜੇ
ਆਂਗਨ ਨੂੰ ਚਮਕਾ ਜਾਂਦੀ

ਜਦ ਉਹ ਹਸਦੀ
ਖਿੜ ਦੀਆਂ ਕਲੀਆਂ
ਫੁਲਾਂ ਤੇ ਮਹਿਕ ਵੀ ਆ ਜਾਂਦੀ
ਉਸਦੇ ਹੋਠਾਂ ਦੀ ਸਾਨੂੰ ਲਾਲੀ
ਅਮ੍ਰਿਤ ਰਸ ਪਿਲਾ ਜਾਂਦੀ

ਚੱਲ ਕੇ ਉਹ ਨਾਗਿਨ ਦੀ ਚਾਲ
ਝਾਂਜਰ ਨੂੰ ਛਨਕਾ ਜਾਵੇ
ਉਸਦੇ ਬੋਲ ਮੈਨੂੰ ਚੰਗੇ ਲਗਣ
ਸੁਹਾਨਾ ਮਹੋਲ ਬਣਾ ਜਾਦੀ
ਇੱਕ ਕੁੜੀ ਹੁਸਨਾਂ ਦੀ ਮਲਿਕਾ
ਖਾਬਾਂ ਦੇ ਵਿੱਚ ਆ ਜਾਂਦੀ


ਸੰਪਰਕ: +91 95968 98840
ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ