Thu, 21 November 2024
Your Visitor Number :-   7254692
SuhisaverSuhisaver Suhisaver

ਡਾ: ਗੁਰਮਿੰਦਰ ਸਿੱਧੂ ਦੀਆਂ ਕੁਝ ਰਚਨਾਵਾਂ

Posted on:- 16-07-2014




ਕੀ ਧਰਤੀ ਫਿਰ ਵਿਹਲ ਦਵੇਗੀ ?           
ਮੰਡੀਕਰਨ ਦੀਆਂ ਬਰੂਹਾਂ ਤੋਂ:

  ਲਓ ਫਿਰ ਸੋਨ-ਵਪਾਰੀ ਆ ਗਏ
  ਫਿਰ ਭਰਮਾਉਣ ਮਦਾਰੀ ਆ ਗਏ
  ਅਸੀਂ ਵੀ ਸਭ ਦਰਵਾਜ਼ੇ ਖੋਲ੍ਹੇ
  ਕੋਈ ਨਾ ਜਾਗੇ, ਕੋਈ ਨਾ ਬੋਲੇ
  ਜਾਂ ਫਿਰ ਪਹਿਰੇਦਾਰਾਂ ਨੂੰ ਅੰਧਰਾਤਾ ਹੋਇਆ
  ਜਾਂ ਕਿਸੇ ਸੂਰਜ ਨੂੰ ਗੰਢ ਬੰਨ੍ਹ ਕੇ
  ਅੰਨ੍ਹੇ ਖੂਹ ਦੇ ਵਿੱਚ ਲਟਕਾਇਆ
  ਕੀ ਇਤਿਹਾਸ ਫੇਰ ਤੋਂ
  ਜਾਵੇਗਾ ਦੁਹਰਾਇਆ ?
  ਕੀ ਕੋਈ ਵੀ ਲਫਜ਼ ਨਹੀਂ
  ਅਕਲਾਂ ਦਾ ਜਾਇਆ ?

    ਪਹਿਲਾਂ ਵੀ ਤਾਂ
  ਸਮਿਆਂ ਨੇ ਛਡਿਅੰਤਰ ਕੀਤੇ
  ੳਦੋਂ ਵੀ ਵਿਓਪਾਰੀ ਆਏ
  ਸੋਨ-ਚਿੜੀ ਦਾ ਸਾਰਾ ਸੋਨਾ ਲਾਹ ਕੇ ਲੈ ਗਏ
  ਅੰਗ ਵੀ ਨੋਚੇ, ਖੰਭ ਵੀ ਨੋਚੇ
  ਦਿਸਹੱਦਿਆਂ ਦੇ ਰੰਗ ਵੀ ਨੋਚੇ
  ਫਿਰ ਮਰ-ਜਿਊੜੇ ਅੱਗ ਵਿੱਚ ਨਾਹਤੇ
  ਆਪਣਾ ਆਪ ਮਸ਼ਾਲਾਂ ਕੀਤਾ
  ਦੇ ਕੇ ਅਰਘ ਲਹੂ ਆਪਣੇ ਦਾ
  ਆਪਣੇ ਹਿੱਸੇ ਦਾ ਚੰਦ ਖੋਹਿਆ
  ਤਕਦੀਰਾਂ ਦੇ ਬੋਹਲਾਂ ਉੱਤੇ ਹੱਕ ਟਿਕਾਏ
  ਸੋਨਚਿੜੀ ਦੇ ਸੁਆਸ ਬਚਾਏ
   ਪਰ ਕੁਝ ਲੋਕੀ
  ਜਿਹੜੇ ਸਰਵਣ-ਪੁੱਤ ਸਦੀਂਦੇ
  ਅੰਦਰੋਂ ਇਹਦੇ ਚੋਰ ਹੋ ਗਏ
   ਨੋਟਾਂ ਵੋਟਾਂ ਦੇ ਨਸ਼ਿਆਏ
   ਸਭ ਪੱਥਰ ਦੇ ਮੋਰ ਹੋ ਗਏ
  ਧਰਮਾਂ ਏਦਾਂ ਸੰਨ੍ਹਾਂ ਲਾਈਆਂ
  ਰਿਸ਼ਤਿਆਂ ਵਿੱਚ ਮਘੋਰ ਹੋ ਗਏ
  ਫਿਰ ਛਾਵਾਂ ਪੈ ਗਈਆਂ ਗਹਿਣੇ
  ਫਿਰ ਬਿਰਖਾਂ ਸਿਰ ਕਰਜ਼ ਹੋ ਗਏ
  ਭਰ-ਭਰ ਪੀਤੇ ਜਾਮ-ਅੰਗੂਰੀ
  ਫਿਰ ਜਾਏ ਅਲਗਰਜ਼ ਹੋ ਗਏ
  ਖੁਦ-ਦਾਰ ਨਹੀਂ, ਖੁਦਗ਼ਰਜ਼ ਹੋ ਗਏ
 
  ਸੋਨਚਿੜੀ ਪਰ ਅਜੇ ਵੀ ਜਿਉਂਦੀ
   ਭਾਵੇਂ ਸਾਹ ਹਟਕੋਰਿਆਂ ਵਰਗੇ
   ਅੰਦਰ ਲੱਗੇ ਖੋਰਿਆਂ ਵਰਗੇ
   ਦੇਖਣ ਨੂੰ ਮਰਨਾਊ ਲੱਗਦੀ
   ਪਰ ਇਹ ਸ਼ਕਤੀਮਾਨ ਬੜੀ ਹੈ
   ਜਪ-ਤਪ ਇਹਦੇ ਲਹੂ 'ਚ ਰਚਿਆ
   ਜਿੰਦ ਇਹਦੀ ਬਲਵਾਨ ਬੜੀ ਹੈ
   ਹਟਕੋਰੇ ਹਾਸੇ ਬਣ ਸਕਦੇ
   ਏਸ ਚਿੜੀ ਵਿੱਚ ਜਾਨ ਬੜੀ ਹੈ
 
  ਪਰ ਲਓ ! ਫੇਰ ਵਪਾਰੀ ਆ ਗਏ
   ਖੇਡ੍ਹਾ ਪਾਉਣ ਮਦਾਰੀ ਆ ਗਏ
   ਸੀ.ਟੀ.ਬੀ.ਟੀ.,ਗੈਟ-ਸਮਝੌਤੇ
   ਵੱਡੀਆਂ ਮਾਲਾਂ, ਵੱਡੇ ਸੌਦੇ
   ਵਿਸ਼ਵ ਦੀ ਮੰਡੀ
   ਬਹੁਕੌਮੀ ਕੰਪਨੀਆਂ
   ਤੇ ਫਿਰ ਹੋਰ ਬੜਾ ਕੁਝ
   ਜਿੱਦਾਂ ਧੁੰਧੂਕਾਰਾ ਹੋਇਆ
   ਰਲ-ਗੱਡ ਜਿਹਾ ਨਜ਼ਾਰਾ ਹੋਇਆ
   ਸੋਨਚਿੜੀ ਦੀ ਇੱਕ ਅੱਖ ਫਰਕੇ
   ਦੂਜੀ ਅੱਖ ਪਥਰਾਈ ਹੋਈ
   ਹੰਝੂਆਂ ਵਿੱਚ ਨਹਾਈ ਹੋਈ
   
  ਕਿਧਰੇ ਵੀ ਕੋਈ ਜਗੇ ਨਾ ਬੱਤੀ
  ਕਿਧਰੇ ਵੀ ਕੋਈ ਸੁਰਤ ਨਾ ਜਾਗੇ
   ਸਹੀ ਗਲਤ ਦਾ ਪਤਾ ਨਾ ਲੱਗੇ
   ਆਪਣੇ ਅਤੇ ਪਰਾਏ
   ਸਭ ਚਿਹਰੇ ਧੁੰਧਲਾਏ
   ਸੋਨਚਿੜੀ ਹੈਰਾਨ ਬੜੀ ਹੈ
   ਗੁੰਮਸੁੰਮ ਪਰੇਸ਼ਾਨ ਖੜ੍ਹੀ ਹੈ
 
   ਜੇ ਫਿਰ ਵਰਤ ਗਈ ਕੋਈ ਹੋਣੀ
   ਜੇ ਫਿਰ ਮੁੜਕੇ ਪੈ ਗਏ ਸੰਗਲ
   ਜੇ ਖੁਸ਼ੀਆਂ ਨੂੰ ਪੈ ਗਈ ਦੰਦਲ
  ਆਉਂਦੀਆਂ ਨਸਲਾਂ ਨੂੰ ਫਿਰ
   ਕੀ ਜਵਾਬ ਦਿਆਂਗੇ ?
  ਕਿੰਜ ਸ਼ਹੀਦਾਂ ਨੂੰ ਫਿਰ
  ਅਸੀਂ ਹਿਸਾਬ ਦਿਆਂਗੇ?
  ਤਵਾਰੀਖ ਦੇ ਸਾਹਵੇਂ ਕਿੰਜ ਅੱਖਾਂ ਚੁੱਕਾਂਗੇ?
  ਕਿੱਦਾਂ ਖੁਦ ਨੂੰ ਮਾਫ ਕਰਾਂਗੇ?
  ਗਰਕਣ ਖਾਤਿਰ
  ਕੀ ਧਰਤੀ ਫਿਰ ਵਿਹਲ ਦਵੇਗੀ?
  ਕੀ ਧਰਤੀ ਫਿਰ ਵਿਹਲ ਦਵੇਗੀ?

***
 
ਦਿਲ ਦੇ ਮਹਿਲ ਵਿੱਚ ਆ ਕੇ ਤਾਂ ਦੇਖੋ !                  
 
ਦਿਲ ਦੇ  ਮਹਿਲ ਵਿੱਚ ਆ ਕੇ ਤਾਂ ਦੇਖੋ
ਜ਼ਖਮਾਂ ਦੀ  ਮਹਿਫਲ ਸਜਾ ਕੇ ਤਾਂ ਦੇਖੋ
ਏਦਾਂ   ਦਗੋਗੇ   ਕਿ   ਚਾਨਣ  ਬਣੋਗੇ
ਸ਼ਮ੍ਹਾ   ਨੂੰ   ਹੋਂਠ  ਛੁਹਾ  ਕੇ  ਤਾਂ ਦੇਖੋ
ਮੌਤ  ਦਾ  ਦੂਤ  ਵੀ   ਆਪਾ  ਭੁੱਲੇਗਾ
ਫਾਂਸੀ ਨੂੰ  ਹਿੱਕ  ਨਾਲ ਲਾ ਕੇ ਤਾਂ ਦੇਖੋ
ਅੱਖਾਂ 'ਚ  ਲਿਸ਼ਕਣ   ਲੱਗਣਗੇ  ਹੀਰੇ
ਹੰਝੂਆਂ  ਦੇ ਵਿੱਚ ਮੁਸਕੁਰਾ ਕੇ ਤਾਂ ਦੇਖੋ
ਰਾਤ   ਵੀ  ਸੱਜਰੀ-ਸੁਹਾਗਣ  ਬਣੇਗੀ
ਤਾਰਿਆਂ  ਦੀ  ਮੰਜੀ ਡਾਹ ਕੇ ਤਾਂ ਦੇਖੋ
ਜਗਮਗ  ਕਰੇਗਾ  ਹਿਰਾਸਿਆ  ਅੰਬਰ
ਸੂਰਜ  ਤੋਂ ਗ੍ਰਹਿਣ ਨੂੰ ਲਾਹ ਕੇ ਤਾਂ ਦੇਖੋ
ਉਦਾਸ  ਨਾ  ਹੋਵੋ  ਵਿਛੋੜੇ  'ਚ  ਮੇਰੇ
ਮੈਂ ਪਿੱਛੇ ਹਾਂ ਚਿਹਰਾ ਭੁਆ ਕੇ ਤਾਂ ਦੇਖੋ
ਹਰ ਬੂਹੇ 'ਤੇ  ਨਾਂ ਤੁਹਾਡਾ ਹੈ ਲਿਖਿਆ
ਮੇਰੀ  ਗਲੀ  ਫੇਰਾ  ਪਾ  ਕੇ  ਤਾਂ ਦੇਖੋ
ਨਗਮੇ  ਬਣਨਗੇ  ਦੱਬੇ  ਹੋਏ   ਹਉਕੇ
ਥੋੜ੍ਹਾ  ਜਿਹਾ  ਗੁਣਗੁਣਾ  ਕੇ  ਤਾਂ ਦੇਖੋ
ਮਹਿਕਣ  ਲੱਗੇਗਾ  ਗੀਤਾਂ  ਦਾ ਮਰੂਆ
ਦਰਦਾਂ  ਦੀ ਪਿਉਂਦ ਚੜ੍ਹਾ ਕੇ ਤਾਂ ਦੇਖੋ
ਦਿਲ ਦੇ ਮਹਿਲ ਵਿੱਚ ਆ ਕੇ ਤਾਂ ਦੇਖੋ!
ਜ਼ਖਮਾਂ ਦੀ ਮਹਿਫਲ ਸਜਾ ਕੇ ਤਾਂ ਦੇਖੋ!
***
      
 ਸਾਡਾ ਚਿੜੀਆਂ ਦਾ ਚੰਬਾ ਵੇ !                            
ਕੁੜੀਆਂ : ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
           ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ…
           ਅਸੀਂ ਡਿੱਗ ਕੇ ਨਾ ਮਰ ਜਾਈਏ,ਬਾਬਲ ਖੰਭ ਤਕੜੇ ਕਰੀਂ
          ਅਸੀਂ ਜੀਂਦੀਆਂ ਨਾ ਸੜ ਜਾਈਏ,ਬਾਬਲ ਹੱਥ ਤਕੜੇ ਕਰੀਂ
ਬਾਬਲ:  ਧੀਆਂ ਧਿਰ ਕਮਜ਼ੋਰ ਬੱਚੀ ਕਿਵੇਂ ਖੰਭ ਤਕੜੇ ਕਰਾਂ?
           ਜੱਗ ਬਾਹਲਾ ਕਠੋਰ ਬੱਚੀ ਕਿਵੇਂ ਹੱਥ ਤਕੜੇ ਕਰਾਂ?
ਕੁੜੀਆਂ:  ਸਾਨੂੰ ਵਿਦਿਆ ਪੜ੍ਹਾ ਦੇ ਵੇ ! ਮੈਂ ਜੱਗ ਨੂੰ ਪਛਾਣ ਲਓੂਂ
           ਫਿਰ ਧੋਖਾ ਨਾ ਖਾਵਾਂਗੀ, ਚੰਗਾ ਮੰਦਾ ਜਾਣ  ਲਓੂਂ
           ਸਾਡੀ ਜੂਨ ਸੁਧਰ ਜਾਓੂ ,ਤੇਰਾ  ਜੱਸ ਨਿੱਤ ਗਾਣਾ
           ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
           ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ…
         
          ਮਾਏ ਦਾਜ ਨੀਂ ਜੋੜਦੀਏ, ਨੀਂ! ਇਕ ਮੇਰੀ ਅਰਜ਼ ਸੁਣੀਂ
           ਚੰਗਾ ਘਰ-ਵਰ ਟੋਲਦੀਏ, ਨੀਂ! ਇਕ ਮੇਰੀ ਅਰਜ਼ ਸੁਣੀਂ
 ਮਾਂ:      ਮੇਰੀ ਕੁਖ ਦੀਏ ਜਾਈਏ, ਨੀਂ! ਸਦਾ ਸੁਖੀ ਰਹਿ ਬੱਚੀਏ
           ਮਾਂ  ਤੈਥੋਂ ਸਦਕੇ ਨੀਂ ! ਮੁਖੋਂ  ਕੁਝ  ਕਹਿ  ਬੱਚੀਏ
 ਕੁੜੀਆਂ: ਗਹਿਣੇ ਅੱਖਰਾਂ ਦੇ ਪਾ ਦੇ ਨੀਂ! ਇਹਨਾਂ ਨਾਲ ਝੋਲ਼ ਭਰੀਂ
            ਹੱਥ ਅੱਡਾਂ ਨਾ ਕਿਸੇ ਮੂਹਰੇ, ਏਨੇ ਜੋਗੀ ਮੈਨੂੰ ਕਰੀਂ
          ਤੇਰਾ ਬਾਕੀ ਦਾ ਨਿੱਕ-ਸੁੱਕ ਨੀਂ! ਮੇਰੇ ਕੰਮ ਨਾ ਆਣਾ
          ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
           ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ…
        
         ਸਾਨੂੰ ਵਿਦਿਆ ਪੜ੍ਹਾ ਦੇ ਵੇ! ਬਾਬਲ ਤੇਰਾ ਪੁੰਨ ਹੋਵੇ
         ਜੀਣ-ਜੋਗੀਆਂ ਬਣਾ ਦੇ ਵੇ!ਬਾਬਲ ਤੇਰਾ ਪੁੰਨ ਹੋਵੇ
         ਫਿਰ ਬਣ ਪਰਦੇਸਣਾਂ ਵੇ! ਤੇਰੇ ਘਰੋਂ ਤੁਰ ਜਾਣਾ
        ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ…
        ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..


 ***
       ਸਾਡੀ ਵੀ ਦਿਲਦਾਰੀ ਦੇਖੀਂ                                                         
ਸਾਡੀ ਵੀ ਦਿਲਦਾਰੀ ਦੇਖੀਂ, ਚੰਦ ਨੂੰ  ਕੱਤਿਆ ਚਾਵਾਂ ਨਾਲ
ਰਿਸ਼ਮਾਂ ਦੇ ਛਬਦਾਰ ਗਲੋਟੇ, ਭਰ ਗਈ ਝੋਲ ਦੁਆਵਾਂ ਨਾਲ

ਨਾ ਸਾਡੇ ਰੰਗਾਂ ਵਿੱਚ ਭਟਕਣ, ਨਾ ਕੋਈ ਖੁਸ਼ਬੂ ਦਾ ਦਰਪਣ
ਫਿਰ ਵੀ ਪੱਕਿਆਂ ਬਿਰਖਾਂ ਹੇਠੋਂ ਹੋਈਆਂ ਸੱਤ ਬਲਾਵਾਂ ਨਾਲ
 
ਉੱਚੜੀ ਬਹੁਤ ਅਟਾਰੀ ਤੇਰੀ, ਅੱਖ ਸਾਡੀ ਨੱਕੇ ਤੋਂ ਨਿਕੇਰੀ
ਕਿੰਜ ਤੱਕਦੇ,ਹਾਇ ਕੀਕਣ ਤੱਕਦੇ,ਤੈਨੂੰ ਅਲਪ ਵਿਧਾਵਾਂ ਨਾਲ
 
ਨਾ ਹੱਥ ਵਿੱਚ ਅੱਖਰਾਂ ਦੀ ਡੋਈ,ਨਾ ਸਿਰ 'ਤੇ ਫੱਕਰਾਂ ਦੀ ਲੋਈ
ਮੇਲੇ  ਵਿੱਚ ਗੁਆਚ ਗਏ  ਹਾਂ, ਰੱਖਿਆ ਨਾ ਸਿਰਨਾਵਾਂ ਨਾਲ
 
ਤੱਤੀ ਰੇਤ, ਪਿਘਲਿਆ ਸਿੱਕਾ, ਜਦ ਬਣਿਆ ਮੱਥੇ ਦਾ ਟਿੱਕਾ
ਸਾਥੋਂ  ਉੱਚਾ ਹੋ  ਕੇ  ਤੁਰਿਆ ,ਪੈੜਾਂ  ਦਾ  ਪਰਛਾਵਾਂ  ਨਾਲ
 

Comments

ਆਰ.ਬੀ.ਸੋਹਲ

ਗੁਰਮਿੰਦਰ ਜੀ ਬਹੁੱਤ ਖੂਬਸੂਰਤ ਲਿਖਿਆ ਹੈ .......

ਡਾ: ਗੁਰਮਿੰਦਰ ਸਿੱਧ

ਇਸ ਹੌਸਲਾ ਅਫਜ਼ਾਈ ਲਈ ਬੇਹੱਦ ਧੰਨਵਾਦੀ ਹਾਂ ਸੋਹਲ ਸਾਹਿਬ

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ