ਆਰ.ਬੀ.ਸੋਹਲ ਦੀਆਂ ਦੋ ਰਚਨਾਵਾਂ
Posted on:- 03-07-2014
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ
ਖੁਸ਼ਬੂ ਤੇਰੇ ਵਿਹੜੇ ਦੀ ਬਾਬਲ ਮੰਨ ਨੂੰ ਸਦਾ ਹੀ ਭਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਬਾਪੁ ਬੇਬੇ ਤਾਇਆਂ ਚਾਚਿਆਂ ਬੜਾ ਹੀ ਲਾਡ ਲਡਾਇਆ ਏ
ਸਾਰਿਆਂ ਨੇ ਮੈਨੂੰ ਹਿੱਕ ਨਾਲ ਲਾ ਕੇ ਗੋਦੀ ਵਿੱਚ ਖਿਡਾਇਆ ਏ
ਸਖੀਆਂ ਦੇ ਨਾਲ ਗਿੱਧਾ ਤੇ ਪੀਂਘਾ ਦੀ ਯਾਦ ਹੀ ਆਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਵਿਹੜੇ ਦੇ ਵਿੱਚ ਬੈਠੇ ਰਹਿੰਦੇ ,ਵਿੱਚ ਤੰਦੂਰਾਂ ਰੋਟੀ ਲਾਂਦੇ
ਆਂਡ-ਗੁਵਾੰਡ ਦਾ ਬਣਦਾ ਡੇਰਾ ਮਿਲਕੇ ਸਭ ਫਿਰ ਖਾਣਾ ਖਾਂਦੇ
ਆਂਦੀ ਮਹਿਕ ਹਵਾ ਦੀ ਪਿੰਡੋਂ ਮਿਲਣ ਦੀ ਤਾਂਗ ਵਧਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਨਾ ਕੋਈ ਫਿਕਰ ਨਾ ਫਾਕਾ ਹੁੰਦਾ ਪੰਛੀਆਂ ਵਾਂਗ ਆਜ਼ਾਦੀ ਸੀ
ਵੀਰਿਆਂ ਨੇ ਮੈਨੂੰ ਮਾਨ ਬਖਸ਼ਿਆ ਜਿਵੇਂ ਮੈ ਸਹਿਜ਼ਾਦੀ ਸੀ
ਖੈਰ ਹੋਏ ਸਦਾ ਦਮ ਉਹਨਾ ਦੇ ਨਿੱਤ ਮੈ ਪੀਰ ਮਨਾਉਂਦੀ ਏਂ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
ਰੱਖਿਆ ਨਾ ਘਰ ਰੱਖ ਸਕੇਗਾ ਰਾਜਾ ਹੈ ਜਾਂ ਰੰਕ ਹੋਵੇ
ਧੀ ਨੂੰ ਘਰ ਫਿਰ ਛੱਡਣਾ ਪੈਂਦਾ ਇੱਸ ਦੇ ਵਿੱਚ ਨਾ ਛੱਕ ਹੋਵੇ
ਸੋਰਿਆਂ ਦੇ ਘਰ ਵਸਨਾ ਹੁੰਦਾ ਇਹੋ ਰੀਤ ਕਹਾਉਂਦੀ ਏ
ਵਿੱਚ ਪ੍ਰਦੇਸਾਂ ਧੀ ਤੇਰੀ ਨੂੰ ਬਾਬਲ ਯਾਦ ਸਤਾਉਂਦੀ ਏ
***
ਕੀ ਦੱਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ ਨਾਲ
ਕੀ ਦੱਸਾਂ ਵੀਰਿਆ ਵੇ ਕੀ ਕੀ ਹੋਇਆ ਮੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਸੋਰਿਆਂ ਨੇ ਭੈਣ ਤੇਰੀ ਨਿੱਤ ਹੀ ਸਤਾਈ ਸੀ
ਕਢਦੇ ਸੀ ਗਾਲਾਂ ਨਾਲੇ ਭੰਨ ਦੇ ਕਲਾਈ ਸੀ
ਘੂਰ ਦੇ ਸੀ ਉਹਨੂੰ ਸਾਂਜ ਰਖਦੀ ਮੈ ਜਿਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਨਿੱਤ ਦਾ ਸ਼ਰਾਬੀ ਤੁਸਾਂ ਜਿਸ ਲੜ ਲਾਇਆ ਸੀ
ਚਾਅ ਸੀ ਬਥੇਰਾ ਜਦੋਂ ਮੈਨੂੰ ਡੋਲੇ ਪਇਆ ਸੀ
ਛੱਡ ਕੇ ਸਵੇਰਾ ਮੱਥਾ ਲਾਇਆ ਮੈ ਹਨੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਜੇਠ ਤੇ ਜਠਾਣੀ ਨਾਲ ਸੱਸ ਤਾਨੇ ਮਾਰਦੀ
ਕੰਮ ਨਈ ਮੁਕਾਇਆ ਰਹਿੰਦੀ ਨਿੱਤ ਮੈਨੂੰ ਤਾੜਦੀ
ਬਾਹਰ ਨਹੀਂ ਸੀ ਜਾਣ ਦਿੰਦੇ ਬੰਨ ਲਿਆ ਵੇਹੜੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਝਗੜੇ ਝ੍ਮੇੜਿਆ ਨੂੰ ਅੱਜ ਮੈਂ ਮੁਕਾ ਲਿਆ
ਸੁੱਟ ਕੇ ਮੈਂ ਤੇਲ ਅਜ ਹਥੀਂ ਲਾਂਬੂ ਲਾ ਲਿਆ
ਨਾਲ ਕਿਸੇ ਦੇ ਨਾਂ ਕਰੇ ਰੱਬ ਜੋ ਹੁੰਦੀ ਰਹੀ ਮੇਰੇ ਨਾਲ
ਦੱਸ ਦੁੱਖ ਸਾਂਝੇ ਕਰਾਂ ਕਿਹੜੇ ਕਿਹੜੇ ਤੇਰੇ ਨਾਲ
ਸੰਪਰਕ: +91 95968 98840