Thu, 21 November 2024
Your Visitor Number :-   7253041
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ

Posted on:- 19-06-2014



ਚੰਨਾ ਹੋ ਗਿਆ ਤੂੰ ਓਹਲੇ ਨਹੀਂ ਕੀਤਾ ਤੂੰ ਉਜਾਲਾ

ਚੰਨਾ ਹੋ ਗਿਆ ਤੂੰ ਓਹਲੇ ਨਹੀਂ ਕੀਤਾ ਤੂੰ ਉਜਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਯਾਦਾਂ ਤੇਰੀਆਂ ‘ਚ ਮੇਰੇ ਕੈਦ ਰਹਿੰਦੇ ਨੇ ਖਿਆਲ
ਵੇ ਮੈਂ ਧੁੱਪਾਂ ਵਿੱਚ ਠਰਾਂ ਲੱਗੇ ਗਰਮ ਸਿਆਲ
ਦੁੱਖ ਦੱਸਾਂ ਵੇ ਮੈਂ ਕਿਨੂੰ ਧੱਰਾਂ ਬੁੱਲੀਆਂ ਤੇ ਤਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਚਾਵਾਂ ਮੇਰਿਆਂ ਦੀ ਥਾਵੇਂ ਵੇ ਤੂੰ ਰੱਖੇ ਨੇ ਅੰਗਾਰ
ਦੱਸ ਕਿਕਰਾਂ ਦੇ ਥੱਲੋਂ ਕੀਵੇਂ ਲੱਭਾਂ ਮੈਂ ਬਹਾਰ
ਤੇਰੇ ਇਸ਼ਕ ‘ਚ ਝੱਲੀ ਜੱਪਾਂ ਨਿੱਤ ਤੇਰੀ ਮਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਐਸਾ ਰੁੱਸਿਆ ਏਂ ਸਾਥੋਂ ਨਈ ਤੂੰ ਮੁੱਖੜਾ ਵਿਖਾਇਆ
ਹਾਸੇ ਲੈ ਗਿਆ ਏਂ ਨਾਲ ਸਾਨੂੰ ਰੋਣਾ ਤੂੰ ਥਮਾਇਆ
ਨੈਣੀਂ ਰੁਕੇ ਨਾ ਚਿਨਾਬ ਰਹੇ ਲਹੂ ‘ਚ ਉਬਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਸਾਡੀ ਖਤਾ ਵੀ ਨਾ ਦੱਸੀ ਨਾ ਹੀ ਬਖਸ਼ਿਆ ਸਾਨੂੰ
ਸ਼ੁਰੂ ਕੀਤੇ ਲੰਬੇ ਪੈਂਡੇ ਮੁੱੜ ਤੱਕਿਆ ਨਾ ਰਾਹ ਨੂੰ
ਜੇ ਤੂੰ ਲੈਣੀ ਨਈ ਸਾਰ ਦੇ ਜਾ ਜ਼ਹਿਰ ਪਿਆਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ


***

ਤੇਰੇ ਨੈਣਾਂ ਦਾ ਅੜੀਏ ਬਣ ਸੁਪਨਾ ਮੈਂ ਲੁਕ ਜਾਵਾਂ

ਤੇਰੇ ਨੈਣਾਂ ਦਾ ਅੜੀਏ ਬਣ ਸੁਪਨਾ ਮੈਂ ਲੁਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਜਦੋਂ ਖਾਬਾਂ ਵਿੱਚ ਆਵੇ ਤੈਨੂੰ ਮਸਤ ਬਣਾ ਜਾਵੇ
ਰਾਤੀਂ ਚੁੰਮ ਕੇ ਅਰਸ਼ਾਂ ਦੀ ਤੈਨੂੰ ਸੈਰ ਕਰ ਜਾਵੇ
ਤੇਰੀ ਨੀਂਦਰ ਟੁੱਟ ਜਾਵੇ ਰੱਬ ਮੰਨ ਕੇ ਝੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਸਾਡੇ ਬੁੱਝਦੇ ਦੀਵਿਆਂ ਨੂੰ ਕੋਈ ਚਿਣਗ ਵਿਖਾ ਜਾ ਤੂੰ
ਸਾਡੇ ਦਿੱਲ ਦਿਆਂ ਨੇਹਰਿਆਂ ਨੂੰ ਆ ਕੇ ਰੁਸ਼ਨਾ ਜਾ ਤੂੰ
ਹੰਝੂ ਬਣ ਕੇ ਅੱਖੀਆਂ ਦਾ ਬੁੱਲੀਆਂ ਉੱਤੇ ਰੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਤੇਰੀ ਸੋਚ ਦੇ ਖੰਭ ਲਾ ਕੇ ਅਸੀਂ ਅੰਬਰੀ ਚੜ ਜਾਈਏ
ਵਿੱਚ ਬੱਦਲਾਂ ਦੇ ਵੱਸ ਕੇ ਇੱਕ ਬੂੰਦ ‘ਚ ਜੜ ਜਾਈਏ
ਤੇਰੇ ਦਿੱਲ ਦੀਆਂ ਗਜ਼ਲਾਂ ਦੀ ਮੈਂ ਬਣ ਇੱਕ ਤੁੱਕ ਜਾਵਾਂ
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

ਬਣ ਨਾਗ ਮੈਂ ਜੁਲਫਾਂ ਦੇ ਗੋਰੇ ਮੁੱਖ ਨੂੰ ਚੁੰਮ ਲੈਂਦਾ
ਲੈ ਕੇ ਸ਼ਬਨਮ ਹੋਠਾਂ ਤੋਂ ਨਜ਼ਰਾਂ ਵਿੱਚ ਘੁੰਮ ਲੈਂਦਾ
ਛਡਾ ਸਾਥ ਅਗਰ ਤੇਰਾ ਉੱਸ ਦਿੰਨ ਮੈਂ ਮੁੱਕ ਜਾਵਾਂ  
ਬਿਖਰ ਜਾਵੇ ਨਾ ਕਿਧਰੇ ਪਲਕਾਂ ਵਿੱਚ ਸੁੱਕ ਜਾਵਾਂ

***

ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ

ਤੈਨੂੰ ਭੁੱਲਣ ਦੀ ਕੋਸ਼ਿਸ਼ ਮੈਂ ਬੜੀ ਕਰ ਰਿਹਾ ਹਾਂ I
ਪੁਰਾਣੇ ਖੱਤ ਤੇਰੇ ਅੱਜ ਵੀ ਮੈਂ ਪੜ ਰਿਹਾ ਹਾਂ  I

ਸੋਚਦਾ ਹਾਂ ਢੇਰੀ ਕਰ ਖਤਾਂ ਨੂੰ ਮੈਂ ਸਾੜ ਦੇਵਾਂ,
ਬਿਖਰ ਨਾ ਜਾਣ ਕਿਧਰੇ ਹਵਾ ਤੋਂ ਡਰ ਰਿਹਾ ਹਾਂ I

ਕਤਰਾ ਕਤਰਾ ਕਰਕੇ ਲਹੂ ਨੂੰ ਮੈਂ ਨਿਚੋੜ ਦੇਵਾਂ,  
ਰਹੇ ਨਾ ਨਿਸ਼ਾਨ ਕੋਈ ਦਿੱਲ ਤਲੀ ਤੇ ਧਰ ਰਿਹਾ ਹਾਂ I

ਐਨਾ ਸੋਖਾ ਨਹੀਂ ਕਿ ਇੰਝ ਹੀ ਤੈਨੂੰ ਮੈਂ ਭੁਲਾ ਦੇਵਾਂ,
ਬੂੰਦ-ਬੂੰਦ ਬਣਕੇ ਗਮਾਂ ਦੇ ਦਰਿਆ ‘ਚ ਹੜ ਰਿਹਾ ਹਾਂ I

ਮੁਖਾਲਿਫ ਹੈ ਹਵਾ ਥਿੜਕ ਜਾਣ ਨਾ ਕਿਧਰੇ ਪੈਰ ਮੇਰੇ,
ਸ਼ੁਕਦੇ ਤੁਫਾਨਾਂ ਨਾਲ ਅਜੇ ਵੀ ਮੈਂ ਲੜ ਰਿਹਾ ਹਾਂ I

ਸਾਰਥਿਕ ਸੋਚ ਵੀ ਮੇਰੀਆਂ ਲਿਖਤਾਂ ਦਾ ਆਧਾਰ ਬਣੇ,
ਸ਼ਾਇਰ ਕਵੀਆਂ ਨੂੰ ਲਗਾਤਾਰ ਮੈਂ ਪੜ ਰਿਹਾ ਹਾਂ I

ਰੋਕਿਆ ਜੋ ਰਸਤਾ ਉਹਨਾ ਪਥਰਾਂ ਦੀ ਆੜ ਨਾਲ ,
ਜਖਮਾਂ ਦੀਆਂ ਤਰੇੜਾਂ ਰਾਹੀਂ “ਸੋਹਲ” ਹੜ ਰਿਹਾ ਹਾਂ I

***

ਸਾਂਭ ਕੇ ਮੈਂ ਰੱਖਿਆ ਏ ਦਿਲ ਵਿੱਚ ਯਾਦਾਂ ਨੂੰ


ਸਾਂਭ ਕੇ ਮੈਂ ਰੱਖਿਆ ਏ ਦਿੱਲ ਵਿੱਚ ਯਾਦਾਂ ਨੂੰ
ਅਸਾਂ ਜੋ ਗੁਜ਼ਾਰੇ ਹੋਏ ਪਲਾਂ ਅਤੇ ਰਾਤਾਂ ਨੂੰ
ਝੂਠੇ ਤੇਰੇ ਵਾਧੇ ਅਤੇ ਝੂਠੇ ਇਜ਼ਹਾਰ ਸੀ
ਵਫ਼ਾ ਉੱਤੇ ਕੀਤਾ ਬੇ-ਵਫਾਈ ਵਾਲਾ ਵਾਰ ਸੀ

ਦਿੱਲ ਦਰਵਾਜੇ ਅਸੀਂ ਤੇਰੇ ਲਈ ਖੋਲੇ ਸੀ
ਕਦੇ ਮਾੜਾ ਸੋਚਿਆ ਨਾ ਕਦੇ ਮੰਦਾ ਬੋਲੇ ਸੀ
ਸਦਮਾਂ ਤੂੰ ਦਿੱਤਾ ਅਸੀਂ ਦਿਲ ਉੱਤੇ ਜ਼ਰ ਗਏ
ਤੂੰ ਤਾਂ ਮੁੱਲ ਲਾਇਆ ਹੁਣ ਹੁਸਨ ਬਜ਼ਾਰ ਨੀ

ਸੋਚਿਆ ਕਦੇ ਸੀ ਦੇਵੇਂ ਅਰਘ ਤੂੰ ਚੰਨ ਨੂੰ
ਛਾਨਣੀ ‘ਚੋਂ ਵੇਖ ਲਵੇਂ ਮੋਹ ਮੇਰੇ ਮੰਨ ਨੂੰ
ਲੰਘ ਗਏ ਨੇ ਅੱਜ ਕਈ ਕਰਵਾ ਤੇ ਚੋਥ ਨੀ
ਹੰਝੂਆਂ ਨੂੰ ਸਾਡੇ ਤੂੰ ਤਾਂ ਕਰ ਗਈਏਂ ਖਾਰ ਨੀ

ਮਿੱਟੀ ਦੇ ਖਿਡੋਣੇ ਵਾਂਗੂ ਦਿੱਲ ਤੇਰਾ ਢਾਉਣਗੇ
ਮਾਰਕੇ ਉਹ ਠੇਡਾ ਫਿਰ ਨਜ਼ਰ ਨਾ ਆਉਣਗੇ
ਟੁੱਟ ਜਾਣਾ ਦਿੱਲ ਤੇਰਾ ਹੋਣਾ ਚੂਰ ਚੂਰ ਨੀ
ਲੱਗਣਾ ਪਤਾ ਕੀ ਤੈਨੂੰ ਹੁੰਦਾ ਇਕਰਾਰ ਨੀ

ਤੇਰੇ ਲਈ ਤਾਂ “ਸੋਹਲ” ਕਈ ਛੱਡ ਤੇ ਨਜ਼ਾਰੇ ਨੀ
ਤੋੜ ਗਈ ਏਂ ਪੀਂਘ ਕਿੱਦਾਂ ਲਈਏ ਹੁਲਾਰੇ ਨੀ
ਜ਼ਖਮ ਤੂੰ ਦਿੱਤੇ ਬਦੋ ਬਦੀ ਰਿਸ ਪੈਣਗੇ
ਇੱਕ ਹੋਵੇ ਗਿਣਲਾਂ ਪਰ ਦੁਖੜੇ ਹਜ਼ਾਰ ਨੀ

***

ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ

ਜੋਗੀ ਬਣਕੇ ਪਿੰਡ ਸਾਡੇ ਵਿੱਚ ਕਿਸਨੇ ਫੇਰਾ ਪਾਇਆ
ਦਿਲ ਦੀ ਬੰਜਰ ਧਰਤੀ ਉੱਤੇ ਕਿਸਨੇ ਮੀਂਹ ਵਰਸਾਇਆ

ਅਖੀਆਂ ਵਿਚੋਂ ਕਿਰਕੇ ਮੋਤੀ ਪਲਕਾਂ ਤੇ ਹੀ ਸੁੱਕਦੇ ਸੀ
ਪਿਘਲ ਗਏ ਬੁਲੀਆਂ ਤੇ ਡਿੱਗੇ ਕਿਸਨੇ ਨੀਰ ਵਹਾਇਆ

ਤੁਫਾਨ ਗਮਾਂ ਦੇ ਜ਼ਿਹਨ ਮੇਰੇ ਵਿੱਚ ਸਦਾ ਹੀ ਸ਼ੁਕਦੇ ਰਹਿੰਦੇ ਨੇ
ਇੰਝ ਲੱਗਦਾ ਹੁਣ ਥਮ ਗਏ ਨੇ ਅੱਜ ਕਿਸਨੇ ਰੂਪ ਵਿਖਾਇਆ

ਬਿਰਹਾ ਪੰਛੀ ਮੰਨ ਮੇਰੇ ਵਿੱਚ ਗੀਤ ਗਮਾਂ ਦਾ ਗਾਉਂਦਾ ਏ
ਦਸਤਕ ਦਿੱਲ ਦਰਵਾਜ਼ੇ ਦੇ ਕੇ ਕਿਸਨੇ ਆਣ ਉਡਾਇਆ

ਜ਼ਖ਼ਮ ਜੁਦਾਈ ਵਾਲੇ ਲੱਗਦਾ ਰਿਸਨੋਂ ਵੀ ਕੁਝ ਘਟ ਗਏ ਨੇ
ਪੀੜਾ ਵੀ ਹੁਣ ਘਟਦੀ ਜਾਪੇ ਕਿਸਨੇ ਮਰਹਮ ਲਗਾਇਆ


ਸੰਪਰਕ:  +91 95968 98840
ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ