ਕੱਲ੍ਹ ਫਿਰ ਅੰਬਰ ਫਟਿਆ -ਡਾ.ਅਮਰਜੀਤ ਟਾਂਡਾ
Posted on:- 15-06-2014
ਕੱਲ੍ਹ ਫ਼ਿਰ ਅੰਬਰ ਫਟਿਆ
ਭਰਦੇ ਜ਼ਖ਼ਮ ਛਿੱਲੇ ਗਏ-
ਇਨਸਾਨੀਅਤ ਦੇ ਸੂਰਜ ਤੇ ਮਨੁੱਖਤਾ ਦੇ ਸਹਾਰੇ
ਦੇ ਮਹਾਨ ਸ਼ਹੀਦੀ ਦਿਵਸ 'ਤੇ
ਅੰਨ੍ਹੀ ਅੱਗ ਫਿਰ ਵਰ੍ਹੀ
ਭਰਾਵਾਂ ਨੇ ਭਰਾਵਾਂ ਦੀ ਪੱਗ ਰੋਲੀ
ਤਲਵਾਰਾਂ ਨੱਚੀਆਂ
ਜੱਗ ਹੱਸਿਆ- ਦੂਰ ਖੜ੍ਹਾ
ਮਨ ਝੰਜੋੜੇ ਗਏ, ਤਨ ਵਲੂੰਧਰੇ ਗਏ
ਕੌਮ ਦੀ ਮਾਂ ਰੋਈ-
ਭੈਣਾਂ ਦੀਆਂ ਪਲਕਾਂ ਚੋਈਆਂ
ਸਿਰਾਂ ਨੇ ਆਪਣੀਆਂ ਹੀ ਬਾਹਵਾਂ ਸਿਰਾਂ ਤੇ ਵਾਰ ਕੀਤੇ
ਕਦੋਂ ਮੁੱਕੇਗਾ
ਇਹ ਤਲਵਾਰਾਂ, ਬਰਛਿਆਂ ਤੇ ਗੋਲੀਆਂ ਦਾ ਪਹਿਰਾ
ਕਦੋਂ ਤਖ਼ਤ-ਏ-ਅਕਾਲ ਲਹੂ ਤੋਂ ਭਿੱਜਣੋਂ ਬਚੇਗਾ
ਕਲਮਾਂ ਵੀ ਕੀ ਕਰਨ
ਤੜਫ਼ ਤੜਫ਼ ਹਵਾਵਾਂ ਨੂੰ ਹੀ ਕਹਿ ਸਕਦੀਆਂ ਨੇ
ਨਜ਼ਰ ਕੱਲੇ ਪੰਜਾਬ ਨੂੰ ਨਹੀਂ ਸਾਰੀ ਕੌਮ ਨੂੰ ਲੱਗੀ ਹੈ
ਕਿਹਨੂੰ ਕਹੀਏ ਕਿ ਹਰਫ਼ਾਂ ਦੀ ਵੀ ਗੱਲ ਸੁਣੋ
ਬਿਰਖ ਕੀ ਕਹਿ ਰਹੇ ਹਨ
ਨਿਪੱਤਰੀਆਂ ਡਾਲੀਆਂ ਦੇ ਜਿਸਮਾਂ ਲਈ ਪੱਤ ਲੱਭੋ
ਕਰੂੰਬਲਾਂ ਨੂੰ ਫੁੱਲ ਬਣ ਲੈਣ ਦਿਓ
ਸਮੇਂ ਨੂੰ ਰੁੱਖਾਂ ਦੀ ਉਮਰ ਲਾਓ
ਬੰਦਿਆਂ ਨੇ ਇਨਸਾਨੀਅਤ ਨੂੰ ਫਿਰ ਮਿੱਟੀ 'ਚ ਰੋਲਿਆ
ਸ਼ਰੇਆਮ ਇਨਸਾਨੀਅਤ ਤਲਵਾਰਾਂ ਬਰਛਿਆਂ ਚ ਬੇਇੱਜ਼ਤ ਹੋਈ
ਕਿਸੇ ਨੇ ਵੀ ਕਿਸੇ ਦੀ ਪੁਕਾਰ ਨਾ ਸੁਣੀ
ਸੱਚੇ ਪਾਤਸ਼ਾਹ ਸੁਰਖ਼ ਤਵੀ ਤੇ ਮੱਚਦਾ ਰਿਹਾ-
ਤੇਰੇ ਸਿੱਖਾਂ ਚੋਂ ਕਿਸੇ ਨੇ ਤਵੀ ਹੇਠੋਂ ਝੁਲਕਾ ਪਰ੍ਹੇ ਨਾ ਵਗ੍ਹਾ ਮਾਰਿਆ, ਅੱਗ ਤੇ ਪਾਣੀ ਨਾ ਪਾਇਆ
ਤੱਤੀ ਰੇਤ ਹੇਠ ਬਲਦਾ ਰਿਹਾ- ਕਿਸੇ ਨੇ ਰੇਤ ਪਾਉਂਦੇ ਹੱਥ ਤਲਵਾਰ ਨਾਲ ਨਾ ਵੱਢੇ
ਦੇਗ 'ਚ ਉਬਲਦਾ ਰਿਹਾ ਸੰਸਾਰ- ਕਿਸੇ ਨੇ ਵੀ ਦੇਗ ਨਾ ਮੂਧੀ ਕੀਤੀ-
ਤੇਰਾ ਦਰ ਲਹੂ ਨਾਲ ਫਿਰ ਭਿੱਜਿਆ
ਮੈਨੂੰ ਐਤਕੀਂ ਬਹੁਤ ਆਸਾਂ ਸਨ ਤੇਰੇ ਸਜਾਏ ਸਿੱਖਾਂ 'ਤੇ
ਕੀ ਹੋ ਰਿਹਾ ਹੈ ਤੇਰੇ ਅੰਬਰਸਰ ਦਾ ਹਾਲ
ਕਿਉਂ ਨਹੀਂ ਕਿਤੇ ਦਫ਼ਨ ਹੁੰਦੀਆਂ ਮੇਰੇ ਪੰਜਾਬ ਚੋਂ
ਗਰਮ ਹਵਾਵਾਂ
ਕਿਉਂ ਆਏ ਰਹਿੰਦੇ ਹਨ-ਤੂਫਾਨ ਰਾਵੀ ਝਨ੍ਹਾਂ ਦੇ ਪਾਣੀਆਂ 'ਚ
ਥੱਕ ਗਏ ਹਨ ਮੇਰੇ ਉੱਜੜੇ ਘਰ-ਦਰਾਂ ਲਈ ਦੀਵੇ ਮੰਗਦੇ
ਆਪਣੇ ਘਰਾਂ 'ਤੋਂ ਦੂਰ
ਅਸੀਂ ਬਦੇਸ਼ਾਂ ਚ ਜਲਾਵਤਨ ਹੋਏ ਬੈਠੇ ਹਾਂ -
ਸੁੰਨ੍ਹਾ ਹੋਇਆ ਘਰ ਬਾਰ ਦੱਸ ਕਿਹਨੂੰ ਚੰਗਾ ਲਗਦਾ ਹੈ
ਗੱਭਰੂਆਂ ਦੇ ਟੋਲੇ ਓਦਾਂ ਨਹੀਂ ਸਮਝਦੇ-ਜੁਆਨੀ ਗੁਆ ਰਹੇ ਹਨ-
ਹਾਕਮ ਨੂੰ ਓਦਾਂ ਕੋਈ ਚਿੰਤਾ ਨਹੀਂ ਹੈ -ਆਪਣੀ ਕੌਮ ਦੀ-
ਬੇਗੁਨਾਹ ਪਲ ਭਰ ਸੌਣ ਤਾਂ ਕਿਸ ਧਰਵਾਸ 'ਤੇ ?
ਮਾਂਵਾਂ ਦੇ ਹੱਥ ਕਿਸ ਸਿਰ ਨੂੰ ਪਲੋਸਣ
ਘਰ ਦਾ ਹੀ ਚੌਧਰੀ ਔਰੰਗਾ ਬਣ ਬੈਠਾ ਹੈ-
ਆਪਣੇ ਸਿਪਾਹੀਆਂ ਦੇ ਸਿਰ 'ਤੇ
ਸੱਚ ਜੇ ਬੋਲਦਾ ਹੈ ਤਾਂ -ਜੇਲ੍ਹ ਮਿਲਦੀ ਹੈ-
ਸਲਾਖਾਂ ਜੇ ਰੋਂਦੀਆਂ ਹਨ ਤਾਂ ਤਸੀਹੇ ਮਿਲਦੇ ਨੇ
ਰਾਜ, ਅਦਾਲਤ ਦੇ ਅੱਖੀਂ ਨੀਲਾ ਥੋਥਾ ਪਿਆ ਹੋਇਆ ਹੈ
ਫਰਿਆਦ ਵੀ ਕੁਝ ਕੀ ਕਰੇ -ਜੰਗਲ ਦੇ ਰਾਜ 'ਚ -
ਬੇਸਹਾਰਾ ਤਾਰੀਖ ਦੇ ਵਰਕੇ ਵੀ ਵਿਆਕੁਲ ਹੋ ਗਏ ਨੇ
ਤੂੰ ਕਹੇਂਗਾ ਮੈਂਨੂੰ ਕੀ-
ਕੀ ਮੈਂ ਜ਼ਬਰ ਜ਼ਿਨਾਹ 'ਚ ਲਿਤਾੜੇ ਜਾਂਦੇ ਲੋਕ ਖੜ੍ਹਾ ਤੱਕਦਾ ਰਹਾਂ?
ਕੀ ਕਲਮ ਕੁਰਲਾਵੇ ਵੀ ਨਾ