ਗੱਲ ਸੁਣ ਲੈ ਧੀਏ ਮੇਰੀਏ –ਮਲਕੀਅਤ ਸਿੰਘ ਸੰਧੂ
Posted on:- 13-06-2014
ਗੱਲ ਸੁਣ ਲੈ ਧੀਏ ਮੇਰੀਏ! ਵਗੀ ਹਵਾ ਗਲੀਜ਼ੋ-ਗੰਧਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।
ਹੁਣ ਕਦਮ-ਕਦਮ ‘ਤੇ ਉਲਝਣਾਂ, ਇਹ ਸਮਾ ਹੈ ਬਚ ਕੇ ਰਹਿਣ ਦਾ।
ਤੂੰ ਢੰਗ ਸਚਿਆਰਾ ਸਿੱਖ ਲੈ ਕਿਤੇ ਖੜ੍ਹਨ ਜਾਂ ਉੱਠਣ-ਬਹਿਣ ਦਾ।
ਪਹਿਚਾਣ ਘਟੀ ਇਨਸਾਨ ਦੀ ਵਿਚ ਦੁਨੀਆਂ ਰੰਗ ਬਰੰਗਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।
ਅੱਜ ਪਹਿਲਾਂ ਵਾਲ਼ਾ ਅਦਬ ਤੇ ਸਤਿਕਾਰ ਧੀਆਂ ਦਾ ਨਾ ਰਿਹੈ।
ਹੁਣ ਪਰ੍ਹੇ ਨਜ਼ਰ ਤੋਂ ਬੇਟੀਆਂ ਦੇ ਖ਼ਤਰਾ ਸਿਰ ਮੰਡਰਾ ਰਿਹੈ।
ਹਰ ਗਲ਼ੀ-ਗਲ਼ੀ, ਹਰ ਮੋੜ ‘ਤੇ ਸੁਣ ਰਹੀ ਫ਼ਰੇਬੀ ਵੰਝਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।
ਕਈ ਧੋਖੇਬਾਜ਼-ਬਹੁਰੂਪੀਏ ਬਣ ਬਾਜ਼ ਨੇ ਮੰਡਰਾ ਰਹੇ।
ਘੁੱਗੀਆਂ ‘ਤੇ ਝਪਟ ਚਲਾਉਣ ਲਈ ਨੇ ਤਿੱਖੀ ਨਜ਼ਰ ਟਿਕਾ ਰਹੇ।
ਇਹਨਾਂ ਨੂੰ ਥਾਪੀ ਦੇ ਰਹੀ ਲੋਫ਼ਰ ਗਾਇਕਾਂ ਦੀ ਮੰਡਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।
ਅੱਜ ਪਹਿਲਾਂ ਨਾਲੋਂ ਧੀਆਂ ਦੇ ਸਿਰ ਵਧੀਆਂ ਜਿ਼ੰਮੇਵਾਰੀਆਂ।
ਭੈਣਾਂ ਦਾ ਸਦਕਾ ਕਾਇਮ ਨੇ ਵੀਰਾਂ ਦੀਆਂ ਸਰਦਾਰੀਆਂ।
ਧੀਆਂ ਦੇ ਹੀ ਹੱਥ-ਵੱਸ ਹੈ ਮਾਪਿਆਂ ਦੀ ਸੁੱਚੀ ਕੰਬਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।
ਇਉਂ ਜਾਪਦੈ, ਮੁੜ ਫੇਰ ਤੋਂ ‘ਦੈਂਤਾਂ’ ਨੇ ਸਾਂਭੇ ਮੋਰਚੇ।
ਸ਼ਕਤੀ ਵਰਤ ਕੇ ਆਪਣੀ ‘ਦੇਵਾਂ’ ਦੇ ਗੜ੍ਹ ਵੀ ਤੋੜ’ਤੇ।
ਕੁਹਰਾਮ ਹੀ ਮੱਚ ਜਾਊ ‘ਸੰਧੂ’ ਜੇ ਨਾ ‘ਚੰਡੀ’ ਸੰਭਲੀ।
ਇਹ ਸਭਿਆਚਾਰ ਪੰਜਾਬ ਦਾ ਨਿੱਤ ਹੁੰਦਾ ਜਾਂਦੈ ਜੰਗਲੀ।