ਭੁੱਖ -ਜਸਵੀਰ ਮੰਗੂਵਾਲ
Posted on:- 05-05-2012
ਮੈਨੂੰ ਕਾਲੀ ਕਲੂਟੀ, ਸਰਵਾੜ੍ਹ ਜਿਹੇ ਵਾਲਾਂ ਵਾਲੀ ਨੂੰ
ਤੁਸੀ ਪੁੱਛਦੇ ਹੋ ਮੈਂ ਕੌਣ ਹਾਂ?
ਹਜ਼ੂਰ; ਮੈਂ ਭੁੱਖ ਹਾਂ ਉਰਫ ਭੁੱਖਮਰੀ
ਮੈਂ ਕੁਦਰਤੀ ਆਫਤਾਂ ਜਮ੍ਹਾਂਖੋਰਾਂ, ਮੁਨਾਫੇਖੋਰਾਂ
ਦੇ ਗੁਦਾਮਾਂ ਅਤੇ ਸਰਮਾਏਦਾਰੀ ਦੀ ਛਾਂ ਹੇਠ
ਮੈਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ
ਗੁਰੂ ਪੈਗੰਬਰਾਂ ਦੀ ਧਰਤੀ ਭਾਰਤ ਸਮੇਤ
ਸੈਂਕੜੇ ਦੇਸ਼ਾਂ ਵਿੱਚ ਨਿੱਤ ਵੱਧ ਫੁੱਲ ਰਹੀ ਹਾਂ
ਮੈਂ ਤੁਹਾਡੇ ਮਹਿਲਾਂ ਪਿਛਲੀ ਬਸਤੀ ਵਿੱਚ
ਅੱਟਣਾਂ ਬਿਆਈਆਂ ਵਾਲੇ ਪੈਰਾਂ ਵਾਲਿਆਂ
ਖੰਘ, ਟੀ .ਬੀ ਦਮੇ ਨਾਲ ਪੀੜਤ ਲੋਕਾਈ ਦੀਆਂ
ਧਸੀਆਂ ਬੇਆਸ ਅੱਖਾਂ 'ਚ ਵਾਸ ਕਰਦੀ ਹਾਂ
ਤੁਸੀਂ ਮੈਨੂੰ ਵਿਆਹ-ਸਵਾਗਤੀ ਸਮਾਰੋਹਾਂ
ਸਟਿਪਰ ਕਲੱਬਾਂ 'ਚ ਜਦੋਂ ਚਾਹੋ ਮਿਲ ਸਕਦੇ ਹੋ
ਸ਼ੁੱਧ ਟਰੇਡ ਮਾਰਕ ਤੇ ਸੰਤੁਲਿਤ ਭੋਜਨ ਦੇ
ਅਰਥਾਂ ਤੋਂ ਅਣਜਾਣ ਸਦਾ ਵਿਦਮਾਨ ਹਾਂ
ਮੈਂ ਰੈਸਟੋਰੈਂਟਾਂ ਦੇ ਪਿਛਵਾੜੇ ਸੁੱਟੀ ਜੂਠ 'ਚ
ਗੁਰਦੇ ਖੂਨ ਵੇਚਦੇ ਰਿਕਸ਼ਾ ਖਿੱਚਦੇ ਮਜ਼ਦੂਰ 'ਚ
ਵੀਹ ਰੁਪਏ 'ਚ ਵੇਚੀ ਦੋ ਸਾਲਾਂ ਦੀ ਧੀ ਦੇ ਸੌਦੇ 'ਚ
ਦਸ ਰੁਪਏ ਵਿੱਚ ਵੇਚੀ, ਆਪਣੀ ਦੇਹ ਦੀ ਮਜ਼ਬੂਰੀ 'ਚ
ਮੈਂ ਹਾਜ਼ਰ ਨਾਜ਼ਰ ਹਾਂ
ਮੈਂ ਸਦੀਆਂ ਤੋ ਜੰਗਲਾਂ 'ਚ, ਢੋਰ ਪਸ਼ੂਆ ਵਾਂਗ ਵੱਸਦੇ
ਆਦਿਵਾਸੀਆਂ ਦੇ ਛੱਤੜਿਆਂ 'ਚ, ਉੱਗੀ ਉੱਲੀ ਵਾਂਗ ਜੰਮੀ ਹੋਈ ਹਾਂ
ਤੁਸੀਂ ਉਨ੍ਹਾਂ ਨੂੰ ਏਨੀ ਭੁੱਖਮਰੀ ਬਖਸ਼ੀ ਹੈ
ਕਿ ਉਹ ਹੁਣ ਤੁਹਾਡੇ ਤੇ ਟੁੱਟ ਕੇ ਪੈ ਜਾਣਗੇ ਭੁੱਖੇ ਸ਼ੇਰਾਂ ਵਾਂਗ
ਉਹ ਤੁਹਾਡਾ ਮਾਸ ਆਂਦਰਾਂ ਹੀ ਨਹੀਂ
ਸਗੋਂ ਹੱਡ ਤੱਕ ਖਾ ਜਾਣਗੇ
ਹੁਣ ਤੁਸੀਂ ਮੈਨੂੰ ਜਦ ਵੀ ਮਿਲਣਾ ਹੋਵੇ
ਕਿਸੇ ਗੁਰੀਲੇ ਦੀ ਬੰਦੂਕ 'ਚੋਂ ਨਿਕਲੀ
ਲਾਟ ਵਿੱਚ ਮਿਲ ਸਕਦੇ ਹੋ
ਇਹ ਨਾ ਭੁੱਲ ਕਿ ਮੈਂ ਤੁਹਾਡੇ ਫੌਜੀ ਦਸਤਿਆਂ,
ਕੋਬਰਾ, ਗਰੀਨਹੰਟ ਅਪਰੇਸ਼ਨਾਂ ਸਾਮਵਾਦੀ ਕੰਜ ਪਹਿਨੀ
ਨੁਕਰਾਂ ਦੇ ਸੱਪਾਂ ਨੂੰ ਸਰਾਲ੍ਹ ਵਾਂਗ ਨਿਗਲ ਜਾਵਾਂਗੀ
ਹਾਂ ਮੈਂ ਭੁੱਖ ਹਾਂ ਤੇ ਤੁਸੀਂ ਸੁਣਿਆ ਹੋਵੇਗਾ
ਕਿ ਭੁੱਖ ਮੌਤੋਂ ਵੀ ਬੁਰੀ ਹੁੰਦੀ ਹੈ
ਹਾਂ ਮੌਤੋਂ ਵੀ ਬੁਰੀ ਹੁੰਦੀ ਹੈ...
Avtar Gill
Jasvir bahut khoob