ਪੁਕਾਰ ਪੰਜਾਬੀ ਦੀ –ਮਲਕੀਅਤ ਸਿੰਘ ਸੰਧੂ
Posted on:- 08-06-2014
ਆਲਮ ਫ਼ਾਜਿ਼ਲੋ ਪੁੱਤ ਬਿਬੇਕੀਓ ਵੇ,
ਦੱਸਣ ਲੱਗੀ ਹਾਂ ਥੋਨੂੰ ਮੈਂ ਆਪ ਦਾ ਦੁੱਖ।
ਮੇਰੇ ਆਪਣੇ ਪੁੱਤ ਕਪੁੱਤ ਬਣ ਗਏ,
ਭਿੱਟਣ ਲਗ ਪਏ ਆਪਣੀ ਮਾਂ ਦੀ ਕੁੱਖ।
ਨਾਰੀ ਨਚਦੀ ਜਿਹੜੀ ਬੇਪਰਦ ਹੋ ਕੇ,
ਲੱਭ ਸਕੇ ਨਾ ਮਾਂ-ਪਿਉ ਨਾਲ ਦੇ ਸੁਖ।
ਮੇਰੇ ਸ਼ਬਦਾਂ ਨੂੰ ਕਰਨ ਜੋ ਨਗਨ ਲੱਗੇ,
ਵੱਟੇ ਕੌਡੀਆਂ ਅੰਤ ਨੂੰ ਜਾਣਗੇ ਜੁਖ।
ਮੈਨੂੰ ਜਾਪਦੈ ਆਵਾ ਹੀ ਊਤ ਗਇਆ,
ਹੱਦ ਟੱਪ ਗਈ ਪਰਾਂ ਅਸ਼ਲੀਲਤਾ ਦੀ।
ਵਿਰਲਾ ਹੈ ਕੋਈ ਮਾਈ ਦਾ ਲਾਲ ਇੱਥੇ,
ਗੱਲ ਕਰੇ ਜੋ ਸਮਝ ਸੁਸ਼ੀਲਤਾ ਦੀ।
ਲੂਣ ਆਟੇ ‘ਚ ਵਾਂਗ ਫ਼ਨਕਾਰ ਅੱਜ ਦੇ,
ਕਹਿਣ ਬਾਤ ਜੋ ਹੌਸਲੇ ਬੀਰਤਾ ਦੀ।
ਸ਼ਬਦ ਲਚਰ ਤੇ ਬੋਲ ਨੇ ਬਾਂਸ ਪਾਟੇ,
ਬੋ ਮਾਰਦੀ ਵਿੱਚੋਂ ਮਲੀਨਤਾ ਦੀ।
ਮੇਰੀ ਨਬਜ਼ ‘ਤੇ ਹੱਥ ਤਾਂ ਰੱਖ ਵੇਖੋ,
‘ਏਡਜ’ ਵਰਗੇ ਮੈਂ ਦੁਖ ਸਹਾਰਦੀ ਹਾਂ।
ਲਹਿ ਗਈ ਲੋਈ ਤੋਂ ਕਰੇ ਵੀ ਕੀ ਕੋਈ,
ਤਾਹੀਓਂ ਪਿੱਟ ਦੁਹੱਥੜੀ ਮਾਰਦੀ ਹਾਂ।
ਵੇ ਮੈਂ ਗੁਰੂਆਂ ਫ਼ਕੀਰਾਂ ਦੀ ਅਦਬ-ਭਾਸ਼ਾ,
ਬਣੀ ਫਿਰਾਂ ਜੋ ਅੱਜ ਬਾਜ਼ਾਰ ਦੀ ਹਾਂ।
ਮੈਨੂੰ ਪਤਾ ਨਾ ਲਗੇ ਮੈਂ ਮਾਂ ਕੀਹਦੀ,
ਗੀਤਕਾਰਾਂ ਦੀ ਜਾਂ ਸਰਕਾਰ ਦੀ ਹਾਂ?
ਢਿੱਡੋਂ ਜੰਮਿਆਂ ਹੱਥੋਂ ਬਦਨਾਮ ਹੋ ਕੇ,
ਮਾਣ ਹੁੰਦਿਆਂ ਮੈਂ ਬੇਮਾਣ ਹੋਈ।
ਸੌਤੀਲੇ ਲਗ ਪਏ ਮਿਹਣੇ ਵੇ ਦੇਣ ਮੈਨੂੰ,
ਕਹਿਣ “ਮਾਸੀ ਨੂੰ ਕਿਹੀ ਲੰਗੜਾਣ ਹੋਈ?”
ਗੀਤਕਾਰਾਂ ਨੇ ਕੁੱਢਰ ਬਣਾ ਦਿੱਤੀ,
‘ਬਾਣੀ’ ਵਿਚ ਜੋ ਮੈਂ ਮਹਾਨ ਹੋਈ।
ਖੋਟੀ ਕੌਡੀਓਂ ਬਣੀ ਮੈਂ ਵਿਚ ਗੀਤੀਂ,
ਨੀਮ ਕੁੱਲ ਹਕੀਮ ਨੇ ਜਾਨ ਕੋਹੀ।
ਵੇ ਮੈਂ ਸ਼ੇਰ-ਇ-ਪੰਜਾਬ ਦੀ ਮਾਂ ਬੋਲੀ,
‘ਧਿਆਨ ਸਿੰਘ’ ਜਿਹੇ ‘ਡੋਗਰੇ’ ਹੋਏ ਪੈਦਾ।
ਸ਼ਬਦ ਤੋੜ ਮਰੋੜ ਕੇ ਜੋੜ ਦਿੰਦੇ,
ਪੜ੍ਹਿਆ-ਘੋਖਿਆ ਸਾਹਿਤ ਦਾ ਨਹੀਂ ਕ਼ਾਇਦਾ।
ਮਨ ‘ਚ ਆਏ ਖਿ਼ਆਲ ਨੂੰ ਲਿਖ ਛਡਦੇ,
ਸਭਿਆਚਾਰ ਦਾ ਸੋਚ ਨਾ ਲੈਣ ਜਾਇਜ਼ਾ।
ਲੱਖ ਲਾਹਨਤਾਂ ਇਹੋ ਜਿਹੇ ਪੁੱਤਰਾਂ ਨੂੰ,
ਜਿਹੜੇ ਹੋਣ ਵੇ ਮਾਂ ਲਈ ਬੇਫ਼ਾਇਦਾ।
ਕਰਾਂ ਅਰਜ਼ ਵੇ ‘ਯਮਲਿਆ’ ਫੇਰ ਆ ਜਾ,
ਸੁਣਨਾ ਚਾਹਾਂ ਆਵਾਜ਼ ਮੈਂ ਸੱਚ ਦੀ ਹਾਂ।
‘ਭਾਈ ਵੀਰ ਸਿੰਘ’ ਜੀ ਦੀ ਸੋਚ ਉੱਤੇ,
ਪਹਿਰਾ ਅੱਠੋ ਹੀ ਪਹਿਰ ਦਾ ਰਖਦੀ ਹਾਂ।
‘ਮੋਹਨ ਸਿੰਘ’ ਦੀ ਕ਼ਲਮ ਦੀ ਨੋਕ ਉੱਤੇ,
ਅਤੇ ‘ਸਫ਼ਰੀ’ ਦੇ ਗੀਤਾਂ ਵਿਚ ਜਚਦੀ ਹਾਂ।
ਪਿੰਡ ‘ਅਲਕੜਾ’ ‘ਸੰਧੂ ਮਲਕੀਤ’ ਉੱਤੇ,
ਹੱਥ ਰਹਿਮ ਦੇ ਕਰਮ ਦਾ ਰਖਦੀ ਹਾਂ।