ਚਰਨਜੀਤ ਸਿੰਘ ਪੰਨੂ ਦੀਆਂ ਦੋ ਰਚਨਾਵਾਂ
Posted on:- 04-05-2014
ਅਲੀ ਬਾਬਾ
ਅਲੀ ਬਾਬਾ ਤੇ ਡਾਕੂ ਚਾਲੀ,
ਨਿਕਲੇ ਪਾਕੇ ਸਾਂਝ ਭਿਆਲੀ।
ਭੂਤਮੰਡਲੀ ਠੱਗਾਂ ਦੀ ਡਾਢੀ,
ਰੰਗ-ਬਰੰਗੇ ਬਸਤਰਾਂ ਵਾਲੀ।
ਜੁਗਤ ਬਣਾਈ ਜਨਤਾ ਲੁੱਟੀਏ,
ਮੋਢੇ ਪਾ ਕੇ ਏ. ਕੇ. ਸੰਤਾਲੀ।
ਡਾਕੂਆਂ ਨਾਲ ਸੰਤਰੀ ਮਿਲਿਆ,
ਹੈਰੋਇਨ ਭੁੱਕੀ ਦਏ ਦਿਖਾਲੀ।
ਰਿਹਾ ਨਾ ਭੌਂਕਣ ਜੋਗਾ ਕੁੱਤਾ,
ਗੱਚਲ ਗੁੜ ਦੀ ਭੇਲੀ ਖਾ ਲੀ।
ਹਰਕਾਰੇ ਨੇ ਘੇਸਲ ਵੱਟਲੀ,
ਅੰਦਰ ਲੰਘੀ ਮਦ ਪਿਆਲੀ।
ਸਦਾਚਾਰ ਰਹਿ ਗਿਆ ਸੁੱਤਾ,
ਵਹਿਸ਼ੀਪੁਣੇ ਨੇ ਚਾਦਰ ਪਾ ਲੀ।
ਵਾੜ ਫਸਲ ਨੂੰ ਚੂੰਢ ਗੀ ਸਾਰਾ,
ਖੇਤਾਂ ਵਿੱਚ ਛੱਡ ਗਈ ਕੰਗਾਲੀ।
ਪੱਕੇ ਕਰ ਲਓ ਜਿੰਦੇ ਕੁੰਡੇ ਪੰਨੂ,
ਫਿਰ ਨਾ ਕਹਿਓ ਖਜ਼ਾਨਾ ਖਾਲੀ।
***
ਚੋਣਾਂ
ਚੋਰ ਬਾਜ਼ਾਰੀ ਵੋਟਾਂ ਦੀ ਹਾਵੀ,
ਰਾਮ-ਰਾਜ ਜਮਹੂਰੀਅਤ ਖਾਲੀ।
ਚਿੱਕੜ ਨਾਲ ਰੰਗਿਆ ਗਿੱਦੜ,
ਜੰਗਲ ਦੀ ਜਿਸ ਵਾਗ ਸੰਭਾਲੀ।
ਅਬਦਾਲੀ ਜਿਹਾ ਲੁਟੇਰਾ ਸਾ਼ਸਕ,
ਸੋਨ ਚਿੜੀ ਦਾ ਬਣਿਆ ਵਾਲੀ।
ਦੀਨ ਇਮਾਨ ਧਰਮ ਨਾ ਬਾਕੀ,
ਸ਼ਰਮ ਘੋਲ ਕੇ ਗੀਝੇ ਪਾ ਲੀ।
ਜਿਸਮ ਜ਼ਮੀਰਾਂ ਦੇ ਸੌਦੇ ਹੁੰਦੇ,
ਕਾਲੇ ਧੰਦੇ ਸਰਗਰਮ ਦਲਾਲੀ।
ਲੁੱਟਦੇ ਨੇ ਨਾਲੇ ਕੁੱਟਣਗੇ ਹੁਣ,
ਪੜਦੇ ਪਾ ਕੇ ਪੱਤ ਬਚਾਲੀ।
ਭਾੜਾ ਪਾ ਕੇ ਜਿੱਤੀਆਂ ਚੋਣਾਂ,
ਕੁਰਸੀ ਲੈ ਕੇ ਪਿੱਠ ਦਿਖਾਲੀ।
ਚਿੰਬੜੀ ਸਾਰੇ ਰਿਸ਼ਵਤਖੋਰੀ,
ਭ੍ਰਿਸ਼ਟਾਚਾਰ ਨੇ ਜੜ੍ਹ ਜੰਗਾਲੀ।
ਕੈਂਸਰ ਵਾਂਗ ਸੋਸਾਇਟੀ ਖਾਧੀ,
ਖੰਭ ਲਾ ਕੇ ਉੱਡਗੀ ਖੁਸ਼ਹਾਲੀ।
ਬਾਗ ਉਜੜਦਾ ਅੱਖਾਂ ਸਾਹਵੇਂ,
ਬੇਵਸ ਦਿੱਸੇ ਵਿਚਾਰਾ ਮਾਲੀ।
ਘੁੱਪ ਅੰਧੇਰਾ ਨਾ ਚਾਨਣ ਕਿਧਰੇ,
ਬੱਦਲਾਂ ਢੱਕਲੀ ਸੂਰਜ ਲਾਲੀ।
ਫਿਰ ਪਛਤਾਏ ਪੰਨੂ ਕੀ ਹੋਣਾ,
ਜੇ ਚੋਣਾਂ ਵੇਲੇ ਨਾ ਹੋਸ਼ ਸੰਭਾਲੀ।