ਡਾ. ਅਮਰਜੀਤ ਟਾਂਡਾ ਦੀਆਂ ਦੋ ਗ਼ਜ਼ਲਾਂ
Posted on:- 28-04-2014
--ਉਦਾਸ ਹੋਏ ਸ਼ਹਿਰ ਤੋਂ--
ਉਦਾਸ ਹੋਏ ਸ਼ਹਿਰ ਤੋਂ ਰਾਹਵਾਂ ਨੂੰ ਖ਼ਤ ਲਿਖਿਆ
ਖੜ੍ਹੀਆਂ ਸਨ ਦੋ ਪਹਿਰ ਛਾਵਾਂ ਨੂੰ ਖ਼ਤ ਲਿਖਿਆ
ਸ਼ੋਰ ਵਿਚ ਹਵਾ ਜ਼ੋਰ ਵਿਚ ਇੰਜ਼ ਨਾ ਗੁੰਮ ਜਾਣਾ
ਰਾਤਾਂ ਚ ਸੁਪਨੇ ਬਹੁਤ ਨੇ ਭਰਾਵਾਂ ਨੂੰ ਖ਼ਤ ਲਿਖਿਆ
ਅੰਗਿਆਰਾਂ ਤੇ ਨੱਚਣ ਦਾ ਤੂੰ ਕਰ ਅਜੇ ਅਭਿਆਸ
ਜੋ ਨਹੀਂ ਅਜੇ ਧੁਖਦੀਆਂ ਥਾਵਾਂ ਨੂੰ ਖ਼ਤ ਲਿਖਿਆ
ਨਾਲ ਤੇਰੇ ਨਾ ਹੁਣ ਦੋਸਤੀ ਫ਼ਾਸਲੇ ਗਵਾਹ ਕਹਿੰਦੇ
ਲੋਕ ਦਰਿਆ ਬਣ ਟੁਰੀਆਂ ਬਾਹਵਾਂ ਨੂੰ ਖ਼ਤ ਲਿਖਿਆ
ਸੜ੍ਹ ਰਹੇ ਹਨ ਜੋ ਰੁੱਖ ਖੜ੍ਹੇ ਕਦੇ ਤਾਂ ਬੋਲਣਗੇ
ਗਵਾਹ ਨੇ ਵਗਦੇ ਕਾਫ਼ਲੇ ਚਾਹਵਾਂ ਨੂੰ ਖ਼ਤ ਲਿਖਿਆ
ਰੁੜ੍ਹ ਜਾਂਦੇ ਨੇ ਪਲੀਂ ਤਖ਼ਤ ਲੋਕ ਦਰਿਆਵਾਂ ਵਿਚ
ਉਡੀਕਾਂ ਨੂੰ ਦਰੀਂ ਸਜਾ ਮਾਵਾਂ ਨੂੰ ਖ਼ਤ ਲਿਖਿਆ
***
--ਇਹ ਚੰਨ ਚਾਨਣੀ--
ਇਹ ਚੰਨ ਚਾਨਣੀ ਸੀ ਜਾਂ ਕੋਈ ਰਾਤ ਸੀ
ਪੜ੍ਹੀ ਵਾਂਗ ਕਿਤਾਬ ਤੇਰੀ ਮੁਲਾਕਾਤ ਸੀ
ਪੜ੍ਹਿਆ ਅੰਬਰ ਥਾਲ ਬਗਾਬਤ ਲਿਖੀ ਸੀ
ਹਨੇਰਾ ਓਹਲੇ ਕੀਤਾ ਨਵੀਂ ਪਰਭਾਤ ਸੀ
ਉੱਚੀਆਂ ਛੱਲਾਂ ਤੋਂ ਹੈ ਸਾਗਰ ਵਰਜਿਆ
ਗੁਫਤਗੂ ਚ ਕਿਰਦੀ ਕੱਲ ਕਾਇਨਾਤ ਸੀ
ਭੁੱਖਾਂ ਹੁਣ ਨਾ ਬੁਝਦੀਆਂ ਨਾਹਰੇ ਪੇਟ ਪਾ
ਘਰ ਘਰ ਗਲੀ ਚੁਰਾਹੇ ਛਿੜ੍ਹੀ ਗੱਲਬਾਤ ਸੀ
ਚਿੜ੍ਹੀਆਂ ਕੀ ਨਾ ਕਰਨ ਜੇ ਲੜ੍ਹ ਮਰਨ ਨਾ
ਆਲ੍ਹਣਿਆਂ ਵਿਚ ਵੀ ਮਚੀ ਅੱਗ ਲਾਟ ਸੀ
ਮੇਚਦੇ ਵੀ ਨਾ ਕਫ਼ਨ ਮਿਲੇ ਕਬਰਾਂ ਤੱਕ
ਨੰਗੀ ਤੇ ਕੁਰਲਾਂਦੀ ਸ਼ਹਿਰ ਸ਼ਹਿਰ ਲਾਸ਼ ਸੀ