ਵਿਸਾਖੀ ਦੇ ਗੀਤ – ਡਾ. ਗੁਰਮਿੰਦਰ ਸਿੱਧੂ
Posted on:- 09-04-2014
ਜੱਟ ਦਾ ਗੀਤ
ਕਣਕ ਦੀਏ ਬੱਲੀਏ ਨੀਂ!...
ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ
ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ
ਘੁੰਡ ਹੁਣ ਚੁੱਕ ਰਤਾ ਸੋਨੇ ਦੀਏ ਡਾਲੀਏ!
ਖੜ੍ਹੇ ਤਿਰਹਾਏ ਅਸੀਂ ਨਖਰਿਆਂ ਵਾਲੀਏ!
ਤ੍ਰੇਲ ਵਿੱਚ ਭਿੱਜੀ ਹੋਈ ਸੰਦਲੀ ਸਵੇਰ ਦੇ
ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ
ਤੇਰੇ ਲਈ ਹਿੱਕ 'ਤੇ,ਸਿਆੜ ਡੂੰਘੇ ਲਾਏ ਨੇ
ਕੱਕਰੇ ਸਿਆਲ ਅਸੀਂ ਅੱਖਾਂ 'ਚ ਲੰਘਾਏ ਨੇ
ਹੁਣ ਸਾਡੇ ਹਾੜ੍ਹਾਂ 'ਚ,ਸੁਗੰਧੀਆਂ ਖਿਲੇਰ ਦੇ
ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ
ਝੂਮ-ਝੂਮ ਸੋਹਣੀਏ ਹੁਲ੍ਹਾਰੇ ਜਦੋਂ ਖਾਵੇਂ ਤੂੰ
ਖੁਸ਼ੀਆਂ ਦਾ ਪਾਣੀ ਸੁੱਕੇ ਨੈਣਾਂ 'ਚ ਲਿਆਵੇਂ ਤੂੰ
ਪੈਰਾਂ ਦਿਆਂ ਛਾਲਿਆਂ 'ਚ ਮੰਜ਼ਿਲਾਂ ਬਿਖੇਰ ਦੇ
ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ
ਪੱਲੇ ਵਿੱਚ ਗੋਰੇ ਗੋਰੇ ਦਾਣੇ ਜੋ ਲੁਕਾਏ ਤੂੰ
ਇੰਜ ਲੱਗੇ ਅਰਸ਼ਾਂ ਤੋਂ ਤਾਰੇ ਨੇ ਚੁਰਾਏ ਤੂੰ
ਸੱਖਣਿਆਂ ਬੋਹਲਾਂ ਨੂੰ, ਤੂੰ ਤਾਰਿਆਂ ਦੇ ਢੇਰ ਦੇ
ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ
ਤੇਰੀ ਨੀਂ ਉਡੀਕ ਵਿੱਚ,ਹੀਰ ਖੜ੍ਹੀ ਹੋਏਗੀ
ਆਪਾਂ ਘਰ ਚੱਲਾਂਗੇ, ਬਰੂਹੀਂ ਤੇਲ ਚੋਏਗੀ
ਉਹਦੇ ਪਾਟੇ ਹੱਥਾਂ ਨੂੰ, ਤੂੰ ਸੁੱਖਾਂ ਦੀ ਚੰਗੇਰ ਦੇ
ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ
ਕਣਕ ਦੀਏ ਬੱਲੀਏ ਨੀਂ!ਮੋਤੀ ਹੁਣ ਕੇਰ ਦੇ
ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ..।
***
ਜੱਟੀ ਲਈ ਗੀਤ
ਸੁਣ ਪਾਟੀਏ ਚੁੰਨੀਏ ਨੀਂ!...
ਸੁਣ ਪਾਟੀਏ ਚੁੰਨੀਏ ਨੀਂ!
ਰੁੱਤ ਵਿਸਾਖ ਦੀ ਆਈ
ਚੱਲ ਸ਼ਗਨ ਮਨਾ ਲੈ ਨੀਂ!
ਖੇਤੋਂ ਆਇਐ ਮਾਹੀ....
ਹੁਣ ਭੁੱਲ ਜਾ ਤੱਤੀਏ ਨੀਂ!
ਪੀਆ ਵਿਹੂਣੀਆਂ ਰਾਤਾਂ
ਭੁੱਲ ਜਾ ਦਿਨ ਭੱਠ ਵਰਗੇ
ਕੱਕਰ ਸਿੰਜੀਆਂ ਰਾਤਾਂ
ਚੱਲ ਥਾਲ 'ਚ ਪਾ ਲੈ ਨੀਂ!
ਅੰਬਰ ਲਹਿੰਦਾ ਵਿਹੜੇ
ਘੁੱਟ ਹਿੱਕ ਨਾਲ ਲਾ ਲੈ ਨੀਂ!
ਤਾਰੇ ਲਿਆਇਐ ਜਿਹੜੇ
ਝਾਂਜਰ ਬਣਵਾ ਲੈ ਨੀਂ !
ਟੁੱਟ ਗਏ ਜਿਹਦੇ ਮਣਕੇ
ਗਿੱਧੇ ਵਿੱਚ ਜਿਹੜੀ ਨੀਂ!
ਸਭ ਤੋਂ ਵਧਕੇ ਛਣਕੇ
ਨੱਚ ਧਰਤੀ ਪੁੱਟਣੀ ਐ
ਬੋਲੀ ਜਦ ਜੱਟ ਨੇ ਪਾਈ
ਚੱਲ ਸ਼ਗਨ ਮਨਾ ਲੈ ਨੀਂ!
ਖੇਤੋਂ ਆਇਐ ਮਾਹੀ....
***
ਵਿਸਾਖੀ ਤੋਂ ਬਾਅਦ…..
ਕਿਹੜਾ ਲੰਘਿਆ ਬੋਹਲਾਂ ਵਿੱਚੋਂ ?
ਟੁੱਟ ਗਿਆ ਦਾਣਾ ਦਾਣਾ ਵੇ ਹੋ !
ਕਿਹੜਾ ਹੱਸਿਆ ਮੰਡੀ ਦੇ ਵਿੱਚ?
ਲੁੱਟ ਲਿਆ ਦਾਣਾ ਦਾਣਾ ਵੇ ਹੋ !
ਖਾਲੀ ਹੱਥੀਂ ਆਇਆ ਮੈਂ ਸ਼ਹਿਰੋਂ
ਰੋਇਆ ਮੇਰਾ ਲਾਣਾ ਵੇ ਹੋ !
ਨਾ ਮੈਂ ਲਿਆਇਆ ਖੇਡ-ਖਿਡੌਣੇ
ਨਾ ਕੋਈ ਬਸਤਰ-ਬਾਣਾ ਵੇ ਹੋ !
ਲੱਛੀ ਦੇ ਬੰਦ ਬਣੇ ਨਾ ਮੈਥੋਂ
ਔਖਾ ਬੋਲ ਪੁਗਾਣਾ ਵੇ ਹੋ !
'ਮਿੱਠੀ' ਲੈ ਕੇ ਵੀ ਨਹੀਂ ਮੰਨਦਾ
ਅੱਜ ਤਾਂ ਪੁੱਤਰ ਰਾਣਾ ਵੇ ਹੋ !
ਕੋਠਾ ਅਗਲਾ ਮੀਂਹ ਨਹੀਂ ਕੱਟਦਾ
ਧੀ ਦਾ ਕਾਜ ਰਚਾਣਾ ਵੇ ਹੋ !
ਕੱਲ੍ਹ ਹੋਇਆ ਮਿੱਟੀ ਵਿੱਚ ਮਿੱਟੀ
ਅੱਜ ਹੰਝੂਆਂ ਵਿੱਚ ਨਾਹਣਾ ਵੇ ਹੋ !
ਕੋਈ ਪੁੱਛੇ ਜੋਕਾਂ ਤਾਂਈਂ
ਕਿੰਨਾ ਖੂਨ ਪਚਾਣਾ ਵੇ ਹੋ ?
ਹਾੜ੍ਹਾ ਵੇ ਲੋਕਾ!ਬਹੁੜੀ ਵੇ ਪਿੰਡਾ!
ਵੈਰੀ ਕਿੰਜ ਪਛਾਣਾਂ ਵੇ ਹੋ ?
ਹੁਣ ਅਸੀਂ ਆਪਣੇ ਸੂਰਜ ਖੋਹਣੇ
ਨ੍ਹੇਰਾ ਦੂਰ ਭਜਾਣਾ ਵੇ ਹੋ
ਹੁਣ ਅਸੀਂ ਲਾਉਣੀ ਧਮਕ ਨਗਾਰੇ
ਸੁੱਤਾ ਮੁਲਕ ਜਗਾਣਾ ਵੇ ਹੋ !
rose
good