ਇੰਦਰਾ ਅਵਾਸ ਯੋਜਨਾ -ਸ਼ਿਵ ਕੁਮਾਰ ਬਾਵਾ
Posted on:- 19-02-2014
ਮੇਰੇ ਸੀਨੇ ’ ਚ ਦਰਦ ਉੱਠਦਾ ਹੈ
ਜਦ ਸੜਕ ਕਿਨਾਰੇ ਖੜ੍ਹੇ ਨੰਗ ਧੜੰਗੇ ਬੱਚੇ
ਬੁੱਢੇ ਬੁੱਢੀਆਂ ਅਤੇ ਜਵਾਨੀ ਦੀ ਦਹਿਲੀਜ਼ ’ਤੇ ਪੁੱਜੀਆਂ ਮੁਟਿਆਰਾਂ
ਅੱਧ ਫਟੇ ਮੈਲੇ ਕੁਚੈਲੇ ਕਪੜਿਆਂ ’ਚ ਰਾਹ ਜਾਂਦੇ ਰਾਹੀਆਂ ਨੂੰ
ਭੁੱਖੀਆਂ ਅਣਭੋਲ ਮਸੂਮ ਅੱਖਾਂ ਨਾਲ ਤੱਕਦੀਆਂ ਹਨ ।
ਫਿਰ ਤੜਪਕੇ ਸੋਚਦਾ ਹਾਂ ਕਦੋਂ ਪੁੱਜੇਗੀ
ਪ੍ਰਧਾਨ ਮੰਤਰੀ ਦੇ ਦਫਤਰ ਤੋਂ ਇਹਨਾਂ ਲਈ ਫਾਈਲ ਵਿੱਚ ਪਈ
ਇੰਦਰਾ ਅਵਾਸ ਯੋਜਨਾ ਸਕੀਮ
ਜਿਸ ਵਿੱਚ ਇਨ੍ਹਾਂ ਲਈ ਸੁੰਦਰ ਘਰ ਹੀ ਨਹੀਂ ਬਣਾਏ ਗਏ
ਹੋਰ ਵੀ ਅਤਿਅੰਤ ਜ਼ਰੂਰੀ ਸਹੂਲਤਾਂ ਤੇ ਕਈ ਹੋਰ ਸਕੀਮਾਂ ਵੀ ਹਨ,
ਜੋ ਅਜੇ ਤੱਕ ਵੀ ਨਹੀਂ ਇਨ੍ਹਾਂ ਕੋਲ ਨਹੀਂ ਪੁੱਜੀਆਂ ।
ਘਰ ਘਰ ਵਿੱਦਿਆ ਦਾ ਪ੍ਰਸਾਰ ਕਰਨ ਵਾਲੇ ਆਗੂ
ਇਹਨਾਂ ਕੋਲ ਵੋਟਾਂ ਤੋਂ ਪਹਿਲਾਂ ਪੁੱਜਦੇ ਹਨ
ਬਸਤੀਆਂ ਵਿੱਚ ਸਕੂਲ ਖੋਲ੍ਹਣ ਦੇ ਲਾਰੇ
’ ਤੇ ਵੋਟਾਂ ਵਾਲੇ ਦਿਨ ਇਨ੍ਹਾਂ ਦੇ ਵੇਹਲੜ ਮਰਦਾਂ ਨੂੰ
ਸ਼ਰਾਬ ,ਭੁੱਕੀ ਤੇ ਚੰਦ ਕੁ ਰੁਪਿਆਂ ਨਾਲ ਖਰੀਦ ,
ਰਾਸ਼ਨ ਕਾਰਡ ਬਣਾਉਂਣ ਦੇ ਲਾਰੇ ਲਗਾ
ਮੁੜ ਪੰਜ ਸਾਲ ਬਾਅਦ ਮਿਲਦੇ ਹਨ।
ਨਾਅਰੇ ਫਿਰ ਗੂੰਜਦੇ ਹਨ
ਤੇ ਇਹ ਨਾਅਰੇ
ਬੁੱਢੇ ਬੁੱਢੀਆਂ ਦੇ ਕੰਨ ਤਾਂ ਪਾੜਦੇ ਹੀ ਹਨ
ਨੰਗ ਧੜੰਗੇ ਬੱਚਿਆਂ ਦੇ ਸ਼ੁਗਲ ਵੀ ਬਣਦੇ ਹਨ।
ਮਾਸੂਮ ਅਣਭੋਲ ਮੁਟਿਆਰਾਂ ਤੇ ਪਤਨੀਆਂ ਦਾ ਖੋਅ ,
ਭੁੱਖੀਆਂ ਅਣਭੋਲ ਮਸੂਮ ਅੱਖਾਂ
ਇਸ ਬਾਰ ਫਿਰ ਤੱਕਦੀਆਂ ਹਨ ਨਵੇਂ ਚਿਹਰੇ
ਜੋ ਉਨ੍ਹਾਂ ਦੇ ਨਵੇਂ ਘਰ ਬਣਾਉਂਣ ਦੀਆਂ
ਗੱਲਾਂ ਕਰਕੇ ਸਰਕਾਰੀ ਸਹੂਲਤਾਂ ਦੇ ਪੁੱਲ ਬੰਨਦੇ ਹਨ
ਨੰਗ ਧੜੰਗੇ ਬੱਚੇ ਝੰਡੇ ਤੇ ਪਰਚੇ
ਆਪਣੇ ਝੋਪੜਿਆਂ ਤੇ ਬੇਖੌਫ ਲਗਾਉਂਦੇ ਹਨ ।
ਬੁੱਢੇ ਬੁੱਢੀਆਂ ਕਹਿਰ ਦੀ ਠੰਡ ’ਚ ਸੂੰਗੜਦੇ ਅਤੇ ਕੰਬਦੇ ਹਨ
ਤੇ ਵੇਹਲੜ ਮਰਦ ਮਹਿਬੂਬ ਆਗੂ ਦੀ ਦਾਰੂ ਪੀ
ਨਸ਼ੇ ਵਿੱਚ ਧੁੱਤ ਹੋ ਕੇ
ਅੱਧ ਫਟੇ ਮੈਲੇ ਕਚੈਲੇ ਕਪੜਿਆਂ ’ਚ ਰਾਹ ਜਾਂਦੇ ਰਾਹੀਆਂ ਨੂੰ
ਭੁੱਖੀਆਂ ਅਣਭੋਲ ਮਸੂਮ ਅੱਖਾਂ ਨਾਲ ਤੱਕਦੀ ਕੁੜੀ ਤੋਂ
ਦਬਕਾ ਮਾਰਕੇ ਪੁੱਛਦੈ
ਕਿ ਅੱਜ ਸ਼ਹਿਰ ਦੇ ਕਿਸੇ ਪੈਲਿਸ ਵਿੱਚ ਕੋਈ ਪ੍ਰੋਗਰਾਮ ਨਹੀਂ -
ਮਾਸੂਮ ਮਹਿਕ , ਨਾਂਹ ਕਹਿਕੇ ਸਿਰ ਹਿਲਾਉਂਦੀ ਹੈ ।
ਅੱਜ ਵੇਹਲੜ ਮਰਦ ਨੂੰ
ਆਪਣੇ ਦੁਆਲੇ ਪਏ ਨੰਗੇ ਭੁੱਖੇ ਬੱਚਿਆਂ ਦਾ ਕੋਈ ਫਿਕਰ ਨਹੀਂ
ਕਿਉਂਕਿ ਅੱਜ ਮੰਤਰੀ ਸਾਹਿਬ ਨੇ
ਇੰਦਰਾ ਅਵਾਸ ਯੋਜਨਾ ਸਕੀਮ ਤਹਿਤ
ਪੱਕਾ ਸੁੰਦਰ ਘਰ ਬਣਾਉਣ ਦੇ ਨਾਲ ਨਾਲ
ਆਪਣੀ ਅੱਧ ਬਚੀ ਸ਼ਰਾਬ ਵੀ ਪਿਲਾਈ ਹੈ ।
ਸਿਰਫ ਦੁੱਖ ਬੱਚਿਆਂ ,ਮੁਟਿਆਰ ਤੇ ਪਤਨੀ ਨੂੰ ਹੈ
ਜਿਹਨਾਂ ਨੂੰ ਸਾਰਾ ਦਿਨ ਸਾਰਾ ਸ਼ਹਿਰ
ਨੰਗੇ ਪੈਰੀਂ ਛਾਨਣ ਦੇ ਬਾਜਵੂਦ ਵੀ
ਪੇਟ ਭਰਨ ਲਈ ਕਿਤੋਂ ਵੀ ਜੂਠ ਨਹੀਂ ਮਿਲੀ।
ਸੰਪਰਕ: +91 95929 54007