ਜਗਤਾਰ ਸਾਲਮ ਦੀਆਂ ਕੁਝ ਗ਼ਜ਼ਲਾਂ
Posted on:- 31-01-2012
ਬਹੁਤ ਕੁਝ ਹੁੰਦੈ ਭਰੇ ਦਰਬਾਰ ਵਿੱਚ
ਜੋ ਨਹੀਂ ਛਪਦਾ ਕਿਸੇ ਅਖ਼ਬਾਰ ਵਿੱਚ
ਉਡਦਿਆਂ ਮਰਨਾ ਸ਼ਿਕਾਰੀ ਤੋਂ ਜਿਨ੍ਹਾਂ
ਮੈਂ ਵੀ ਸ਼ਾਮਲ ਹਾਂ ਉਸੇ ਹੀ ਡਾਰ ਵਿੱਚ
ਦੇਖਿਆ ਹੈ ਹਰ ਨਜ਼ਰ ਤੋਂ ਦੋਸਤੋ!
ਹੈ ਨਹੀਂ ਸਾਲਮ ਕਿਤੇ ਜਗਤਾਰ ਵਿੱਚ
ਚਾਰਦੀਵਾਰੀ ਨ ਬਣ ਜਾਵੇ ਕਿਤੇ
ਰੱਖਿਓ! ਬੂਹਾ ਕੋਈ ਦੀਵਾਰ ਵਿੱਚ
***
ਕਿਸੇ ਦੀ ਜਿੱਤ ਦਾ ਤੇ ਨਾ ਕਿਸੇ ਦੀ ਹਾਰ ਦਾ ਕਿੱਸਾ
ਸੁਣਾਵਾਂਗਾ ਤੁਹਾਨੂੰ ਅੱਜ ਮੈਂ ਜਗਤਾਰ ਦਾ ਕਿੱਸਾ
ਪੜ੍ਹੇ ਕਿੱਸੇ ਬੜੇ ਹੀ ਮੈਂ ਪਰੀਆਂ, ਬਾਦਸ਼ਾਹਾਂ ਦੇ
ਕਦੇ ਵੀ ਨਾ ਕਿਤੇ ਪੜ੍ਹਿਆ ਮੈਂ ਜ਼ਖ਼ਮੀ ਡਾਰ ਦਾ ਕਿੱਸਾ
ਖਰੀਦਣ ਵਾਸਤੇ ਤੁਰਿਆ ਸੀ ਕੀ ਕੀ ਵੇਚ ਆਇਆ ਹਾਂ
ਸੁਣਾ ਹੁੰਦਾ ਨਹੀਂ ਮੈਥੋਂ ਕਿ ਛੱਡ! ਬਾਜ਼ਾਰ ਦਾ ਕਿੱਸਾ
ਸੁਣਾਵਾਂਗਾ ਕਦੇ ਤੈਨੂੰ ਜਦੋਂ ਫ਼ੁਰਸਤ ਮਿਲੀ ਮੈਨੂੰ
ਕਿਤੇ ਲੰਮਾ ਹੈ ਉਸਦੀ ਜਿੱਤ ਤੋਂ ਮੇਰੀ ਹਾਰ ਦਾ ਕਿੱਸਾ
ਕਿਤੇ ਨਾ ਜ਼ਿਕਰ ਆਏਗਾ ਉਦ੍ਹੇ ਵਿੱਚ ਤੇਰਾ ਤੇ ਮੇਰਾ
ਲਿਖੇਗਾ ਕੋਈ ਦਰਬਾਰੀ ਜਦੋਂ ਦਰਬਾਰ ਦਾ ਕਿੱਸਾ
***
ਵੇਚ ਦੇਵਾਂ ਗੀਤ ਵਿਉਪਾਰੀ ਨਹੀਂ
ਮੈਂ ਕਵੀ ਹਾਂ ਕੋਈ ਦਰਬਾਰੀ ਨਹੀਂ
ਪੱਥਰਾਂ ਤੋਂ ਵੀ ਕਿਤੇ ਭਾਰਾ ਹੈ ਇਹ
ਚੀਜ਼ ਹੌਕੇ ਤੋਂ ਕੋਈ ਭਾਰੀ ਨਹੀਂ
ਕੋਲ ਤੇਰੇ ਬਚਿਆ ਹੁੰਦਾ ਬਹੁਤ ਕੁਝ
ਚੀਕ ਪਰ ਤੂੰ ਵਕਤ ਸਿਰ ਮਾਰੀ ਨਹੀਂ
ਇਹ ਧੁਖ਼ੇਗੀ ਹਿੱਕ ਵਿਚ ਤੇਰੇ ਸਦਾ
ਲਾਟ ਬਣ ਜਾਵੇ ਉਹ ਚਿੰਗਾਰੀ ਨਹੀਂ
ਬਸ! ਤਰੀਕਾ ਬਦਲਿਆ ਹੈ ਲੜਨ ਦਾ
ਇਹ ਲੜਾਈ ਮੈਂ ਅਜੇ ਹਾਰੀ ਨਹੀਂ
***
ਏਸ ਤੋਂ ਪਹਿਲਾਂ ਕਵੀ ਨੂੰ ਮਾਰਦੇ
ਹੋ ਗਏ ਟੁਕੜੇ ਕਈ ਤਲਵਾਰ ਦੇ
ਲੋਕ ਤੁਰਦੇ ਨਾਲ ਤਾਂ ਕੁਝ ਹੋਰ ਸੀ
ਫੇਰ ਨਾ ਆਪਾਂ ਕਦੇ ਵੀ ਹਾਰਦੇ
ਫੇਰ ਸਾਲਮ ਨਾ ਕਿਤੇ ਹੋਵੇ ਕੋਈ
ਲੱਖ ਟੁਕੜੇ ਕਰ ਦਿਓ ਜਗਤਾਰ ਦੇ
ਚੀਜ਼ ਕੀ ਸੀ ਜਾਲ਼ ਇਹਨਾਂ ਸਾਮ੍ਹਣੇ
ਉਡਣ ਦੀ ਜੇ ਮਨ ’ਚ ਪੰਛੀ ਧਾਰਦੇ
ਆਪ ਰਾਖੀ ਰੱਖਣਾ ਅਪਣੀ ਖ਼ਰੇ
ਚੋਰ ਹੋਵੇ ਮਨ ’ਚ ਪਹਿਰੇਦਾਰ ਦੇ
ਧੁੱਪ ਛਾਂ ਵੀ ਮੁੱਲ ਵਿਕਦੀ ਸ਼ਹਿਰ ਵਿੱਚ
ਦੇਖ ਕੈਸੇ ਰੰਗ ਨੇ ਬਾਜ਼ਾਰ ਦੇ
***
ਪੌਣ ਕਦੇ ਵੀ ਕਿਧਰੇ ਵੀ ਵਗ ਸਕਦੀ ਹੈ
ਜੰਗਲ ਦੀ ਅੱਗ ਮਹਿਲਾਂ ਨੂੰ ਲੱਗ ਸਕਦੀ ਹੈ
ਇਹ ਅਗਨੀ ਜੋ ਕਾਹਲੀ ਹੈ ਕੁਝ ਸਾੜਨ ਨੂੰ
ਇਹ ਜੋਤੀ ਦੇ ਰੂਪ ’ਚ ਵੀ ਜਗ ਸਕਦੀ ਹੈ
ਹਰ ਬੰਦੇ ਦੇ ਸੀਨੇ ਵਿੱਚ ਹੈ ਚਿੰਗਾਰੀ
ਜੇ ਚਾਹੇ ਤਾਂ ਚਿੰਗਾਰੀ ਮਘ ਸਕਦੀ ਹੈ
ਕਿੱਥੇ ਕਿੱਥੇ ਜਾਨ ਬਚਾਵੇਂਗਾ ਸਾਲਮ!
ਬੀਮਾਰੀ ਤਾਂ ਘਰ ਬੈਠੇ ਲੱਗ ਸਕਦੀ ਹੈ
***
ਸਮਝ ਨਹੀਂ ਆਉਂਦੀ ਇਸ ਅੰਦਰ ਕੈਸੀ ਖ਼ਾਹਿਸ਼ ਜਾਗੀ
ਕੀ ਆਈ ਖ਼ਬਰੇ ਮਨ ਵਿੱਚ ਤਲਵਾਰ ਲਿਆਇਆ ਰਾਗ਼ੀ
ਮੈਨੂੰ ਇਉਂ ਲਗਦੈ ਜਿਉਂ ਮੇਰੇ ਅੰਦਰ ਹੈ ਰੂਹ ਦਾਗ਼ੀ
ਮੇਰੇ ਸਾਵੇਂ ਬੰਦਾ ਮੋਇਆ ਫਿਰ ਵੀ ਰੂਹ ਨਾ ਜਾਗੀ
ਇਹ ਕੀ ਹੋਇਆ ਆਖ਼ਰ ਨੂੰ ਉਹ ਜਾ ਬਣਿਆ ਦਰਬਾਰੀ
ਜਿਸ ਬੰਦੇ ਨੇ ਤਨ ਮਨ ਤੋਂ ਬਣਨਾ ਚਾਹਿਆ ਸੀ ਬਾਗ਼ੀ
ਐਸਾ ਕੀ ਸੀ ਉਸਦੀ ਹਿੱਕ ’ਚ ਜਿਸਨੇ ਜੀਣ ਨ ਦਿੱਤਾ
ਆਖ਼ਰ ਨੂੰ ਜੋ ਅਪਣੀ ਹਿੱਕ ’ਚ ਆਪੇ ਗੋਲੀ ਦਾਗੀ
ਡਰਦੇ ਡਰਦੇ ਪਹਿਰੇ ਉੱਤੇ ਗੱਲਾਂ ਕਰਨ ਸਿਪਾਹੀ
ਭਜ ਜਾਵਾਂਗੇ ਯਾਰੋ! ਜੇਕਰ ਏਧਰ ਆਏ ਬਾਗ਼ੀ
***
ਮੈਨੂੰ ਜੋ ਪੀੜਾ ਉਹ ਤੈਨੂੰ ਤਾਂ ਹੋਵੇ
ਜੇ ਤੇਰੀ ਗਰਦਨ ਆਰੇ ਹੇਠਾਂ ਹੋਵੇ
ਡਰ ਕੇ ਦੌੜ ਰਿਹੈਂ ਤੂੰ ਇੰਨਾ ਜਿਸ ਕੋਲੋਂ
ਦੇਖੀਂ ਕਿਧਰੇ ਉਹ ਤੇਰੀ ਹੀ ਛਾਂ ਹੋਵੇ
ਹਰ ਵਰਕੇ ਨੂੰ ਇਉਂ ਨਾ ਅੱਗ ’ਚ ਸੁੱਟਿਆ ਕਰ
ਵਰਕੇ ਉੱਤੇ ਖ਼ਬਰੇ ਤੇਰਾ ਨਾਂ ਹੋਵੇ
ਰਾਜੇ ਨੇ ਤਾਂ ਅਪਣੀ ਰਜ਼ਾ ’ਚ ਰਹਿਣਾ ਹੈ
ਤੇਰੀ ਭਾਵੇਂ ਨਾਂਹ ਹੋਵੇ ਜਾਂ ਹਾਂ ਹੋਵੇ
ਪਹਿਲਾਂ ਘਰ ਭਰਿਆ ਮੈਂ ਸਾਜ ਸਮਾਨ ਨਾਲ
ਹੁਣ ਲੱਭਾਂ ਜੇ ਮੇਰੇ ਖਾਤਰ ਥਾਂ ਹੋਵੇ
ਸਮਿਆਂ ਨੂੰ ਬਦਲਣ ਬਾਰੇ ਮੈਂ ਫਿਰ ਸੋਚਾਂ
ਜੇ ਸੋਚਣ ਦਾ ਮੇਰੇ ਕੋਲ ਸਮਾਂ ਹੋਵੇ
***
ਕੀ ਦੱਸਾਂ ਤੈਨੂੰ ਇਹ ਖੇਡ ਹੈ ਜੋਰਾਂ ਦੀ
ਰਾਖੀ ਕਰਨ ਸਿਪਾਹੀ ਏਥੇ ਚੋਰਾਂ ਦੀ
ਰਾਜੇ ਨਾਲ ਨਹੀਂ ਲੜਦਾ ਕੋਈ ਰਾਜਾ
ਫ਼ੌਜਾਂ ਨਾਲ ਲੜਾਈ ਹੈ ਕਮਜ਼ੋਰਾਂ ਦੀ
ਜੰਗਲ ਨੂੰ ਹੱਥੀਂ ਅੱਗ ਲਾ ਕੇ ਇਹ ਬੰਦਾ
ਗੱਲਾਂ ਕਰਦਾ ਹੈ ਚਿੜੀਆਂ ਤੇ ਮੋਰਾਂ ਦੀ
ਢਾਲ ਨਹੀਂ ਤਲਵਾਰ ਨਹੀਂ ਤੇ ਗਾਲ੍ਹ ਨਹੀਂ
ਇਕਜੁਟਤਾ ਹੀ ਤਾਕਤ ਹੈ ਕਮਜ਼ੋਰਾਂ ਦੀ
ਅਪਣੇ ਹਿੱਸੇ ਦੀ ਵੀ ਯਾਰੋ! ਲੜਨੀ ਹੈ
ਨਾਲ ਲੜਾਈ ਲੜਨੀ ਆਪਾਂ ਹੋਰਾਂ ਦੀ
***
ਆਪਾ ਜਤਾਉਣ ਖਾਤਰ ਨਾ ਹੀ ਡਰਾਉਣ ਖਾਤਰ
ਮਾਰੀ ਹੈ ਚੀਕ ਮੈਂ ਤਾਂ ਖ਼ੁਦ ਨੂੰ ਬਚਾਉਣ ਖਾਤਰ
ਦੱਸੋ! ਕੀ ਹੋਰ ਲੈਣਾ ਦੱਸੋ! ਕੀ ਰਹਿ ਗਿਆ ਹੈ
ਦਿੰਦੇ ਨੇ ਖ਼ੂਨ ਲੋਕੀਂ ਅਗਨੀ ਬਝਾਉਣ ਖਾਤਰ
ਪਹਿਲਾਂ ਮੈਂ ਜ਼ਖ਼ਮ ਲੱਭਾਂ ਮਗਰੋਂ ਧੁਖਾਂ ਤਪਾ, ਫਿਰ
ਕੋਈ ਖ਼ਿਆਲ ਲੱਭੇ ਕਵਿਤਾ ਬਣਾਉਣ ਖਾਤਰ
ਹੌਕਾ ਜੇ ਭਰ ਲਿਆ ਤਾਂ ਇਹ ਕੀ ਕਸੂਰ ਹੋਇਆ
ਕੁਝ ਹੋਰ ਆਖ ਦਿੰਦੇ ਇਲਜ਼ਾਮ ਲਾਉਣ ਖਾਤਰ
ਦੀਵੇ ਦੀ ਰੌਸ਼ਨੀ ਤੋਂ ਡਰਦਾ ਸੀ ਬਹੁਤ ਉਹ ਵੀ
ਆਇਆ ਸੀ ਰਾਤ ਜਿਹੜਾ ਮੈਨੂੰ ਡਰਾਉਣ ਖਾਤਰ
Vinod Mittal Samana
Saalam G Bahut khoob. . .