ਮਾਰ ਦਿੱਤੇ ਜਾਣ ’ਤੇ ਵੀ ਜ਼ਿੰਦਾ ਹੈ ਲੇਖਕ
Posted on:- 24-02-2015
(ਪੱਤਰਕਾਰ, ਲੇਖਿਕਾ ਅਤੇ ਕਾਰਕੁੰਨ ਭਾਸ਼ਾ ਸਿੰਘ ਵਲੋਂ ਤਾਮਿਲ ਲੇਖਕ ਪੇਰੂਮਲ ਮੁਰੂਗਨ ਨਾਲ ਕੀਤੀ ਹਾਲੀਆ ਵਾਰਤਾਲਾਪ ’ਤੇ ਅਧਾਰਤ)
ਪੇਸ਼ਕਸ਼ : ਬੂਟਾ ਸਿੰਘ
‘‘ਹੁਣ ਵੀ ਮੇਰੇ ਦਿਮਾਗ ਵਿਚ 7-8 ਨਾਵਲ ਹਨ। ਕਈਆਂ ਦਾ ਤਾਂ ਪੂਰਾ ਨਕਸ਼ਾ ਵੀ ਤਿਆਰ ਹੈ। ਬਸ ਦੇਰ ਹੈ, ਉਨ੍ਹਾਂ ਨੂੰ ਉਤਾਰਨ ਦੀ। ਇਨ੍ਹਾਂ ਸਾਰੇ ਨਾਵਲਾਂ ਦੀ ਵਿਸਾ-ਵਸਤੂ ਇਕ ਤੋਂ ਵਧ ਕੇ ਇਕ ਹੈ। ਵੈਸੇ ਵੀ ਮੈਨੂੰ ਲਿਖਣ ਵਿਚ ਜ਼ਿਆਦਾ ਵਕਤ ਨਹੀਂ ਲੱਗਦਾ। ਤੁਹਾਨੂੰ ਪਤਾ ਹੈ, ਹੁਣੇ ਜਹੇ ਜਨਵਰੀ ਵਿਚ ਹੀ ਮੇਰੇ ਦੋ ਨਾਵਲ ਅਲਾਵਾਇਨ ਅਤੇ ਅਰਧਨਾਰੀ ਚੇਨਈ ਪੁਸਤਕ ਮੇਲੇ ਵਿਚ ਆਏ ਅਤੇ ਵਧੀਆ ਹੁੰਗਾਰਾ ਮਿਲਿਆ। ਇਹ ਦੋਨੋਂ ਨਾਵਲ ਮਾਦੋਰੂਬਾਗਨ ਦੀ ਅਗਲੀ ਕੜੀ ਹਨ।’’
ਇਹ ਦੱਸਦਾ ਹੋਇਆ 48 ਸਾਲਾ ਪੇਰੂਮਲ ਮੁਰੂਗਨ ਬਹੁਤ ਉਤਸ਼ਾਹ ਵਿਚ ਆ ਜਾਂਦਾ ਹੈ। ਉਸ ਦੇ ਨਾਲ ਬਿਤਾਏ ਕਰੀਬ ਤਿੰਨ ਘੰਟਿਆਂ ਵਿਚ ਮੁਰੂਗਨ ਸਿਰਫ਼ ਤੇ ਸਿਰਫ਼ ਆਪਣੀ ਲੇਖਣੀ ਬਾਰੇ ਪੂਰੀ ਤਰ੍ਹਾਂ ਖੁੱਭਕੇ ਦੱਸਦਾ ਰਿਹਾ। ਹਰ ਸਵਾਲ ਦਾ ਜਵਾਬ ਉਸ ਦੀ ਕਿਸੇ ਨਾਵਲ ਜਾਂ ਕਹਾਣੀ ’ਤੇ ਆ ਮੁੱਕਦਾ। ਉਹ ਆਪਣੇ ਰਚਨਾ ਸੰਸਾਰ ਬਾਰੇ ਜਿਵੇਂ ਵਹਾਅ ਨਾਲ ਬਿਆਨ ਕਰ ਰਿਹਾ ਸੀ ਉਸ ਨੂੰ ਦੇਖਕੇ ਯਕੀਨ ਹੀ ਨਹੀਂ ਸੀ ਆਉਦਾ ਕਿ ਮੈਂ ਤਾਮਿਲਨਾਡੂ ਦੇ ਉਸੇ ਚਰਚਿਤ ਲੇਖਕ ਦੇ ਅੱਗੇ ਬੈਠੀ ਹਾਂ ਜਿਸ ਨੇ ਆਪਣੇ ਲੇਖਕ ਦੀ ਮੌਤ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਓਪਰੇ ਬੰਦਿਆਂ ਨੂੰ ਮਿਲਣਾ ਬੰਦ ਕੀਤਾ ਹੋਇਆ ਹੈ ਅਤੇ ਖ਼ੁਦ ਨੂੰ ਆਪਣੇ ਪਰਿਵਾਰ ਤੇ ਜਾਣੂਆਂ ਦੇ ਦਾਇਰੇ ਵਿਚ ਕੈਦ ਕਰ ਰੱਖਿਆ ਹੈ।
ਸਾਨੂੰ ਮਿਲਣ ਲਈ ਉਹ ਸਿਰਫ਼ ਇਸ ਕਰਕੇ ਰਾਜ਼ੀ ਹੋਇਆ ਕਿਉਕਿ ਅਸੀਂ ਹਜ਼ਾਰਾਂ ਕਿਲੋਮੀਟਰ ਦਿੱਲੀ ਤੋਂ ਉਥੇ ਸਿਰਫ਼ ਉਸ ਨੂੰ ਮਿਲਣ ਗਏ ਸੀ। ਹਾਲਾਂਕਿ ਜਦੋਂ ਫੋਨ ਉਪਰ ਅਸੀਂ ਉਸ ਨੂੰ ਮਿਲਣ ਦੀ ਖ਼ਵਾਇਸ਼ ਜ਼ਾਹਿਰ ਕੀਤੀ ਸੀ ਤਾਂ ਉਸ ਨੇ ਕਿਹਾ ਕਿ ਮਿਲੇ ਬਿਨਾ ਕੋਈ ਰਚਨਾਕਾਰ ਜ਼ਿੰਦਾ ਨਹੀਂ ਰਹਿ ਸਕਦਾ, ਪਰ ਹੁਣ ਹਾਲਾਤ ਚੰਗੇ ਨਹੀਂ ਹਨ। ਨਾਮਾਵਕਲ ਵਿਚ ਪੀ. ਮੁਰੂਗਨ ਦੇ ਨਿੱਕੇ ਜਹੇ ਘਰ ਨੇੜੇ ਪਹੁੰਚਕੇ ਇਸ ਦਾ ਅਹਿਸਾਸ ਹੋ ਗਿਆ। ਉਥੇ ਪੁਲਿਸ ਤਾਇਨਾਤ ਸੀ। ਉਸ ਦੀ ਪਤਨੀ ਤੇ ਦੋਵਾਂ ਬੱਚਿਆਂ ਦੇ ਚਿਹਰਿਆਂ ਉਪਰ ਜ਼ਬਰਦਸਤ ਤਣਾਓ ਸੀ। ਉਸ ਦੀ ਪਤਨੀ ਅਲਿਰਾਸੀ ਨੇ, ਜੋ ਖ਼ੁਦ ਤਾਮਿਲ ਸਾਹਿਤ ਦੀ ਲੈਕਚਰਾਰ ਤੇ ਕਵਿੱਤਰੀ ਹੈ, ਬਸ ਏਨਾ ਹੀ ਕਿਹਾ ਕਿ ਸਾਡੀ ਜ਼ਿੰਦਗੀ ਦਾ ਸਭ ਕੁਛ ਬਦਲ ਗਿਆ। ਅਗਲੀ ਕਿਤਾਬ ਬਾਰੇ ਪੁੱਛ ਜਾਣ ’ਤੇ ਮੁਰੂਗਨ ਬਹੁਤ ਬੋਝਲ ਆਵਾਜ਼ ਵਿਚ ਬੋਲਿਆ, ‘ਹੁਣ ਕਾਗਜ਼ ਨਹੀਂ ਮਨ ਉਪਰ ਲਿਖਾਂਗਾ, ਇਥੇ ਕਿਸੇ ਦਾ ਕੋਈ ਦਖ਼ਲ ਨਹੀਂ ਹੋ ਸਕਦਾ।’
ਕੋਇੰਬਤੂਰ (ਤਾਮਿਲਨਾਡੂ) ਤੋਂ ਕਰੀਬ 200 ਕਿਲੋਮੀਟਰ ਦੂਰ ਸਥਿਤ ਬੇਹੱਦ ਸ਼ਾਂਤ ਨਜ਼ਰ ਆਉਣ ਵਾਲਾ ਸ਼ਹਿਰ ਨਾਮਾਵਕਲ ਇਸ ਵਕਤ ਹਲਚਲ ਮਚੀ ਹੋਈ ਹੈ ਅਤੇ ਇਸ ਦਾ ਅਸਰ ਤਾਮਿਲਨਾਡੂ ਦੀ ਸਿਆਸਤ ਤੋਂ ਲੈ ਕੇ ਮੁਲਕ ਦੀ ਰਾਜਧਾਨੀ ਤੱਕ ਮਹਿਸਸ ਹੋ ਰਿਹਾ ਹੈ। ਪੀ.ਮੁਰੂਗਨ ਦੇ ਤਾਮਿਲ ਨਾਵਲ ਮਾਦੋਰੂਬਾਗਨ (2010) ਦਾ 2014 ’ਚ ਅੰਗਰੇਜ਼ੀ ਵਿਚ ਤਰਜਮਾ ਪੇਂਗੂਇਨ ਪ੍ਰਕਾਸ਼ਨ ਵਲੋਂ ਵਨ ਪਾਰਟ ਵੂਮੈਨ ਨਾਂ ਨਾਲ ਛਪਿਆ। ਰਾਤੋ-ਰਾਤ ਇਸ ਉਪਰ ਹੈਰਾਤਅੰਗੇਜ਼ ਢੰਗ ਨਾਲ ਹਿੰਦੂਤਵੀ ਅਤੇ ਜਾਤੀਵਾਦੀ ਸਿਆਸਤ ਗਰਮਾ ਗਈ। ਨਿਸ਼ਚੇ ਹੀ ਇਸ ਦਾ ਸਬੰਧ ਸੂਬੇ ਵਿਚ ਭਾਜਪਾ ਅਤੇ ਅੱਤਵਾਦੀ ਹਿੰਦੂਤਵੀ ਜਥੇਬੰਦੀਆਂ ਵਲੋਂ ਫਿਰਕੂ-ਜਾਤਪਾਤੀ ਪਾਲਾਬੰਦੀ ਤੇਜ਼ ਕਰਨ ਦੀ ਕਵਾਇਦ ਨਾਲ ਹੈ। ਇਹ ਮੁਹਿੰਮ ਵੱਟੋ-ਐਪ ਉਪਰ ਸ਼ਰੂ ਹੋਈ। ਇਸ ਦੀ ਸ਼ੁਰੂਆਤ ਗਾੳੂਂਡਰ ਜਾਤ (ਜਿਸ ਨਾਲ ਖ਼ੁਦ ਪੀ. ਮੁਰੂਗਨ ਤੁਅੱਲਕ ਰੱਖਦਾ ਹੈ) ਦੀ ਪਾਰਟੀ ਕੋਂਗੂਨਾਡੂ ਮਕਲਕਛੀ ਨੇ ਕੀਤੀ। ਜਿਸ ਦਾ ਸੂਬੇ ਵਿਚ ਭਾਜਪਾ ਨਾਲ ਚੋਣ ਗੱਠਜੋੜ ਹੈ। ਇਸ ਪਾਰਟੀ ਤੇ ਅੱਤਵਾਦੀ ਜਥੇਬੰਦੀ ਹਿੰਦੂ ਮੁਨਾਨੀ ਤੇ ਭਾਜਪਾ ਨੇ ਮਿਲਕੇ ਨਾਮਾਕਲ ਤੋਂ ਲੈ ਕੇ ਚੇਨਈ ਤੱਕ ਲੇਖਕ ਅਤੇ ਉਸ ਦੀ ਕਿਤਾਬ ਨੂੰ ਨਿਸ਼ਾਨਾ ਬਣਾਕੇ ਹੱਲਾ ਬੋਲ ਦਿੱਤਾ। ਮੁਕਾਮੀ ਪ੍ਰਸ਼ਾਸਨ ਨੇ ਇਨ੍ਹ੍ਹਾਂ ਅੱਤਵਾਦੀ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ, ਲੇਖਕ ਮੁਰੂਗਨ ਨੂੰ ਤਿੰਨ ਮੀਟਿੰਗਾਂ (ਜਨਵਰੀ 7, 9 ਅਤੇ 12) ਵਿਚ ਸੱਦਕੇ ਉਸ ਉਪਰ ਕਿਤਾਬ ਵਾਪਸ ਲੈਣ ਲਈ ਦਬਾਅ ਪਾਇਆ। ਇਸ ਡਰਾਉਣ-ਧਮਕਾਉਣ ਦੇ ਲੰਮੇ ਸਿਲਸਿਲੇ ਤੋਂ ਪ੍ਰੇਸ਼ਾਨ ਪੇਰੂਮਲ ਨੇ 14 ਜਨਵਰੀ ਨੂੰ ਫੇਸਬੁੱਕ ਉਪਰ ਲਿਖਿਆ, ‘ਲੇਖਕ ਪੇਰੂਮਲ ਮੁਰੂਗਨ ਮਰ ਗਿਆ। ਉਹ ਭਗਵਾਨ ਨਹੀਂ ਹੈ, ਲਿਹਾਜ਼ਾ ਉਹ ਖ਼ੁਦ ਨੂੰ ਮੁੜ ਜਿੳੂਂਦਾ ਨਹੀਂ ਕਰ ਸਕਦਾ। ਉਸ ਦਾ ਪੁਨਰ-ਜਨਮ ਵਿਚ ਵੀ ਯਕੀਨ ਨਹੀਂ। ਅੱਗੇ ਤੋਂ ਪੇਰੂਮਲ ਮੁਰੂਗਨ ਸਿਰਫ਼ ਇਕ ਅਧਿਆਪਕ ਦੇ ਤੌਰ ’ਤੇ ਹੀ ਜ਼ਿੰਦਾ ਰਹੇਗਾ, ਜੋ ਉਹ ਹਮੇਸ਼ਾ ਰਿਹਾ ਹੈ।’
ਲੇਖਕ ਦੇ ਇਨ੍ਹਾਂ ਡੂੰਘੀ ਪੀੜ ਅਤੇ ਵਿਰੋਧ ਨਾਲ ਲਬਰੇਜ਼ ਲਫ਼ਜ਼ਾਂ ਨੇ ਸਾਹਿਤਕ ਜਗਤ ਵਿਚ ਹਲਚਲ ਮਚਾ ਦਿੱਤੀ। ਪੂਰੇ ਮੁਲਕ ਵਿਚ ਉੁਸ ਦੇ ਹੱਕ ਵਿਚ ਲੇਖਕ, ਕਲਾਕਾਰ, ਬੁੱਧੀਜੀਵੀ ਆਵਾਜ਼ ਉਠਾਉਣ ਲੱਗੇ। ਚੇਨਈ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੇ ਮਦਰਾਸ ਹਾਈਕੋਰਟ ਵਿਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਗ਼ੈਰਸੰਵਿਧਾਨਕ ਮੀਟਿੰਗਾਂ ਵਿਚ ਮਾਦੋਰੂਬਾਗਨ ਅਤੇ ਵਨ ਪਾਰਟ ਵੂਮੈਨ ਕਿਤਾਬ ਬਾਰੇ ਲਏ ਗਏ ਫ਼ੈਸਲਿਆਂ ਨੂੰ ਖ਼ਾਰਜ ਕਰਨ ਦੀ ਅਪੀਲ ਕੀਤੀ ਤੇ ਵਿਚਾਰ-ਪ੍ਰਗਟਾਵੇ ਦੀ ਆਜ਼ਾਦੀ ਨੂੰ ਬਚਾਉਣ ਦੀ ਮੰਗ ਕੀਤੀ ਗਈ। ਚੇਨਈ, ਬੰਗਲੌਰ ਤੋਂ ਲੈ ਕੇ ਦਿੱਲੀ, ਜੈਪੂਰ, ਕੋਲਕਾਤਾ ਤੱਕ ਇਨ੍ਹਾਂ ਥਾਵਾਂ ’ਤੇ ਕਿਤਾਬ ਮਾਦੋਰੂਬਾਗਨ ਦਾ ਪਾਠ ਕੀਤਾ ਗਿਆ। ਤਮਾਮ ਜ਼ਬਾਨਾਂ ਦੇ ਲੇਖਕ ਮੁਰੂਗਨ ਦੇ ਹੱਕ ਵਿਚ ਖੜ੍ਹੇ ਹੋਏ ਅਤੇ ‘ਮੈਂ ਮੁਰੂਗਨ ਹਾਂ’ ਵਰਗੀਆਂ ਮੁਹਿੰਮਾਂ ਵੀ ਚਲਾਈਆਂ ਗਈਆਂ।
ਇੰਞ ਨਾਮਾਕਲ ਸ਼ਹਿਰ ਇਸ ਵਕਤ ਚਰਚਾ ਵਿਚ ਹੈ। ਕਿਤਾਬ ਮਾਦੋਰੂਬਾਗਲ ਅਤੇ ਉਸ ਦੇ ਅੰਗਰੇਜ਼ੀ ਅਨੁਵਾਦ ਵਨ ਪਾਰਟ ਵੂਮੈਨ ਨੂੰ ਕੋਇਬੰਤੂਰ ਸ਼ਹਿਰ ਵਿਚ ਦੋ ਘੰਟੇ ਭਾਲਣ ’ਚ ਨਾਕਾਮ ਰਹਿਣ ’ਤੇ ਸਮਝ ਆਇਆ ਕਿ ਕਿਸੇ ਕਿਤਾਬ ਉਪਰ ਅਣਐਲਾਨੀ ਪਾਬੰਦੀ ਕਿਵੇਂ ਲਗਾਈ ਜਾਂਦੀ ਹੈ। ਹਾਲਾਂਕਿ ਇਕ ਕਿਤਾਬ-ਵਿਕਰੇਤਾ ਅਨੁਸਾਰ, ਇਸ ਹੰਗਾਮੇ ਕਾਰਨ ਮੁਰੂਗਨ ਦੀ ਇਹ ਕਿਤਾਬ ਅਤੇ ਨਾਮਾਕਲ ਸ਼ਹਿਰ ਕੁਲ ਆਲਮ ਵਿਚ ਮਸ਼ਹੂਰ ਹੋ ਗਏ। ਬੇਹੱਦ ਹਲੀਮੀ ਨਾਲ ਗੱਲ ਕਰਨ ਵਾਲਾ ਪੀ. ਮੁਰੂਗਨ ਇਨ੍ਹਾਂ ਤਮਾਮ ਗੱਲਾਂ ਤੋਂ ਜਾਣੂ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਲੇਖਣੀ ਉਪਰ ਗਹਿਰਾਇਆ ਸੰਕਟ ਛੇਤੀ ਕੀਤਿਆਂ ਮੁੱਕਣ ਵਾਲਾ ਨਹੀਂ ਹੈ। ਜਾਤ ਬਾਰੇ ਉਹ ਕਹਿੰਦਾ ਹੈ ਕਿ ਇਹ ਮੇਰੇ ਲਈ ਤਾਂ ਵੱਡਾ ਮੁੱਦਾ ਨਹੀਂ ਹੈ ਲੇਕਿਨ ਸਮਾਜ ਵਿਚ ਵੱਡਾ ਮੁੱਦਾ ਹੈ। ਇਸ ਵਿੱਚੋਂ ਅਸੀਂ ਕਿਵੇਂ ਨਿਕਲ ਸਕਦੇ ਹਾਂ, ਇਹ ਕੋਈ ਨਹੀਂ ਜਾਣ ਸਕਿਆ। ਹਾਲਾਂਕਿ ਇਹ ਪੇਰੀਆਰ ਦੀ ਧਰਤੀ ਹੈ, ਉਸ ਵਲੋਂ ਜਾਤਾਪਾਤ, ਬਾ੍ਰਹਮਣਵਾਦ ਅਤੇ ਅੰਧਵਿਸ਼ਵਾਸ ਦੇ ਖਿਲਾਫ਼ ਇਤਿਹਾਸਕ ਅੰਦੋਲਨ ਦੇ ਬਾਵਜੂਦ ਜਾਤਪਾਤ ਲੋਕਾਂ ਨੂੰ ਜਥੇਬੰਦ ਕਰਨ ਦਾ ਸਭ ਤੋਂ ਵੱਡਾ ਸੰਦ ਬਣੀ ਹੋਈ ਹੈ। ਮੈਂ 2013 ਵਿਚ ਪੂਕਲੀ (ਅਰਥੀ) ਨਾਵਲ ਅੰਤਰਜਾਤੀ ਵਿਆਹ ਉਪਰ ਹੋਣ ਵਾਲੀ ਸਿਆਸਤ ਉਪਰ ਹੀ ਲਿਖਿਆ ਸੀ ਜੋ ਤਾਮਿਲਨਾਡੂ ਵਿਚ ਅੰਤਰਜਾਤੀ ਵਿਆਹ ਕਰਨ ਤੋਂ ਪਿੱਛੋਂ ਮਾਰੇ ਗਏ ਦਲਿਤ ਨੌਜਵਾਨ ਇਲਾਵਰਸਨ ਅਤੇ ਉਸ ਦੀ ਪਤਨੀ ਨੂੰ ਸਮਰਪਿਤ ਕੀਤਾ ਗਿਆ ਸੀ। ਇਹ ਕਿਤਾਬ ਵੀ ਅੰਗਰੇਜ਼ੀ ਵਿਚ ਅਨੁਵਾਦ ਹੋ ਰਹੀ ਹੈ।
ਤਿਰੁਚੇਂਗੋੜ ਪਿੰਡ ਦੇ ਇਕ ਗ਼ਰੀਬ ਬੇਜ਼ਮੀਨੇ ਟੱਬਰ ਵਿਚ ਜਨਮਿਆ ਮੁਰੂਗਨ ਖਾਨਦਾਨ ਦਾ ਪਹਿਲਾ ਪੜ੍ਹਿਆ-ਲਿਖਿਆ ਬੰਦਾ ਸੀ। ਇਸੇ ਪਿੰਡ ਦੇ ਅਰਧਨਾਰੀਸ਼ਵਰ ਮੰਦਰ ਦੀ ਇਕ ਪ੍ਰਥਾ ਦਾ ਜ਼ਿਕਰ ਉਸਨੇ ਆਪਣੇ ਨਾਵਲ ਮਾਦੋਰੂਬਾਗਨ ਵਿਚ ਕੀਤਾ ਹੈ ਜਿਸ ਵਿਚ ਬੇਔਲਾਦ ਔਰਤਾਂ ਨੂੰ ਸਹਿਮਤੀ ਨਾਲ ਕਿਸੇ ‘ਦੇਵਤਾ’ ਨਾਲ ਜਿਸਮਾਨੀ ਸਬੰਧ ਬਣਾਉਣ ਦੀ ਖੁੱਲ੍ਹ ਹੁੰਦੀ ਹੈ। ਨਾਵਲ ਦੇ ਇਸੇ ਹਿੱਸੇ ਨੂੰ ਇੱਥੋਂ ਦੀਆਂ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਤੇ ਉਨ੍ਹਾਂ ਦੇ ਚਾਲ-ਚੱਲਣ ਉਪਰ ਸਵਾਲ ਉਠਾਉਣ ਵਾਲਾ ਗਰਦਾਨਕੇ ਸਾਰੇ ਹਿੰਦੂਆਂ ਨੂੰ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਕਸਾਇਆ ਗਿਆ। ਇਸ ਵਿਵਾਦ ਬਾਰੇ ਪੀ.ਮੁਰੂਗਨ ਸਿੱਧਾ ਕਹਿਣ ਦੀ ਥਾਂ ਕਹਿੰਦਾ ਹੈ, ‘ਮੇਰੇ ਸਾਰੇ ਨਾਵਲ ਜ਼ਮੀਨੀ ਹਕੀਕਤ ਉਪਰ ਅਧਾਰਤ ਹਨ। ਸਾਹਿਤ ਵਿਚ ਕਲਪਨਾ ਦਾ ਪੁਟ ਹੁੰਦਾ ਹੈ, ਪਰ ਮੇਰਾ ਹਕੀਕਤ ਤੋਂ ਜੁਦਾ ਹੋ ਕੇ ਲਿਖਣ ਵਿਚ ਯਕੀਨ ਨਹੀਂ।’
ਹੁਣ ਤਕ 35 ਕਿਤਾਬਾਂ ਲਿਖ ਚੁੱਕਾ ਮੁਰੂਗਨ ਪੇਰੀਆਰ, ਮਾਰਕਸ ਅਤੇ ਅੰਬੇਡਕਰ ਦੀ ਵਿਚਾਰਧਾਰਾ ਤੋਂ ਡੂੰਘਾ ਪ੍ਰਭਾਵਿਤ ਹੈ। ਹਾਲਾਂਕਿ ਉਹ ਕਿਸੇ ਖੱਬੀ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਪਰ ਖ਼ੁਦ ਨੂੰ ਮਾਰਕਸਵਾਦੀ ਮੰਨਦਾ ਹੈ। ਆਪਣੇ ਨਾਵਲਾਂ ਵਿਚ ਉਸ ਨੂੰ ਸਭ ਤੋਂ ਪਿਆਰਾ ਹੈ ਸੀਜਨਜ਼ ਆਫ ਪਾਮ, ਜਿਸ ਵਿਚ ਉਸ ਨੇ ਇਕ ਦਲਿਤ ਅਰੁੰਧਤਿਆਰ ਬੇਜ਼ਮੀਨੇ ਬੰਧੂਆ ਮਜ਼ਦੂਰ ਦੀ ਦਾਸਤਾਂ ਬਿਆਨ ਕੀਤੀ ਹੈ। ਉਹ ਹੁਣ ਤਕ ਨੌ ਨਾਵਲ ਲਿਖ ਚੁੱਕਾ ਹੈ ਜਿਨ੍ਹਾਂ ਵਿੱਚੋਂ ਪੰਜ ਪਿਛਲੇ ਸਾਲ ਹੀ ਛਪੇ ਹਨ।
ਗੱਲਬਾਤ ਦੌਰਾਨ ਬੇਸ਼ਮੁਾਰ ਲੋਕਾਂ ਦਾ ਆਉਣ-ਜਾਣ ਬਣਿਆ ਰਿਹਾ। ਪੇਰੀਆਰ ਦੇ ਪੈਰੋਕਾਰ ਦ੍ਰਾਵਿੜ ਕੜਾਗਮ ਦੇ ਵਾਲੰਟੀਅਰਾਂ ਦਾ ਜੱਥਾ ਕਾਲੀ ਵਰਦੀ ’ਚ ਲੇਖਕ ਦੇ ਨਾਲ ਮੁਸਤੈਦੀ ਨਾਲ ਤਾਇਨਾਤ ਸੀ। ਮੁਰੂਗਲ ਹੁਣ ਇਸ ਵਿਵਾਦ ਬਾਰੇ ਕੁਝ ਬੋਲਣਾ ਨਹੀਂ ਚਾਹੁੰਦਾ, ਉਹ ਸੰਕਟ ਟਲ ਜਾਣ ਦਾ ਖ਼ਾਮੋਸ਼ੀ ਨਾਲ ਇੰਤਜ਼ਾਰ ਕਰਨਾ ਚਾਹੁੰਦਾ ਹੈ। ਉਥੇ ਅੰਨਾਡੀਐੱਮਕੇ ਦੀ ਸਰਕਾਰ ਹੈ ਅਤੇ ਉਹ ਹਿੰਦੂਤਵੀ ਜਥੇਬੰਦੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ। ਡੀ.ਐੱਮ.ਕੇ. ਆਗੂ ਸਟਾਲਿਨ ਲੇਖਕ ਦੇ ਹੱਕ ’ਚ ਬਿਆਨ ਦੇਣ ਤੱਕ ਮਹਿਦੂਦ ਰਿਹਾ, ਖੱਬੇਪੱਖੀ ਹਮਾਇਤ ’ਚ ਤਾਂ ਹਨ ਪਰ ਮੁਰੂਗਨ ਦੀ ਖ਼ਾਮੋਸ਼ੀ ਉਨ੍ਹਾਂ ਦੇ ਕਈ ਸਾਥੀਆਂ ਨੂੰ ਚੁੱਭਦੀ ਹੈ। ਤਾਮਿਲ ਲੇਖਿਕਾ ਵਾਸੰਤੀ ਕਹਿੰਦੀ ਹੈ ਕਿ ਮੁਰੂਗਨ ਨੂੰ ਇੰਞ ਹਥਿਆਰ ਨਹੀਂ ਸੁੱਟਣੇ ਚਾਹੀਦੇ। ਹਾਲਾਂਕਿ ਚੇਨਈ ਦੀ ਔਰਤ ਕਾਰਕੁਨ ਕੇ.ਮੰਜੁਲਾ ਦਾ ਕਹਿਣਾ ਹੈ ਕਿ ਅਸੀਂ ਮੁਰੂਗਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਬੇਔਲਾਦ ਔਰਤ ਦੇ ਦੁੱਭਰ ਹਾਲਾਤ ਸਾਹਮਣੇ ਲਿਆਂਦੇ ਹਨ। ਮੁਰੂਗਨ ਦੇ ਸਹਿਕਰਮੀ ਪ੍ਰੋਫੈਸਰ ਮੁਤੂਸਵਾਮੀ ਦਾ ਮੰਨਣਾ ਹੈ ਕਿ ਇਸ ਪੂਰੇ ਪ੍ਰਸੰਗ ਵਿਚ ਜਿੱਤ ਲੇਖਕ ਦੀ ਹੋਈ ਹੈ। ਉਸ ਦੀ ਲੇਖਣੀ ਜਿੱਤੀ ਹੈ। ਪੂਰੇ ਮੁਲਕ ਅਤੇ ਆਲਮ ਵਿਚ ਲੋਕਾਂ ਦਾ ਲੇਖਕ ਦੇ ਹੱਕ ’ਚ ਖੜ੍ਹਨਾ ਇਸ ਦਾ ਸਬੂਤ ਹੈ।
ਤਾਮਿਲ ਸਾਹਿਤ ਦੇ ਜੁਝਾਰੂ ਇਤਿਹਾਸ ਵਿਚ ਪਹਿਲੀ ਦਫ਼ਾ ਕਿਸੇ ਲੇਖਕ ਨੇ ਆਪਣੇ ਲੇਖਕ ਦੀ ਮੌਤ ਦਾ ਐਲਾਨ ਕੀਤਾ ਹੈ। ਹਾਲਾਂਕਿ ਇਸ ਨੂੰ ਵੀ ਵਿਰੋਧ ਦੇ ਉਸ ਅਮਰ ਸਿਲਸਿਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਸ ਵਿਚ ਤਾਮਿਲ ਦੇ ਕਵੀ ਭਾਰਤੀਆਰ ਨੇ ਕਿਹਾ ਸੀ, ‘ਜੇ ਇਕ ਬੰਦੇ ਕੋਲ ਖਾਣ ਲਈ ਅੰਨ ਨਹੀਂ ਤਾਂ ਅਸੀਂ ਉਸ ਦੁਨੀਆ ਨੂੰ ਜਲਾ ਦਿਆਂਗੇ।’
ਮਾਦੋਰੂਬਾਗਨ ਉਪਰ ਹੰਗਾਮਾ ਕਿਉਂ
ਇਹ ਨਾਵਲ ਕੋਂਗੂ ਅੰਚਲ ਵਿਚ ਇਕ ਬੇਔਲਾਦ ਕਿਸਾਨ ਜੋੜੇ ਪੋਨਾ ਪਤਨੀ ਅਤੇ ਕਾਲੀ ਪਤੀ ਦੀ ਦਾਸਤਾਂ ਹੈ, ਜਿਨ੍ਹਾਂ ਦਾ ਆਪਸ ਵਿਚ ਬਹੁਤ ਪਿਆਰ ਹੈ। ਇਸ ਪਿਆਰ ਉਪਰ ਔਲਾਦ ਨਾ ਹੋਣ ਦੀ ਵਜਾ੍ਹ ਨਾਲ ਸਮਾਜ ਤੇ ਟੱਬਰ ਦੇ ਤਾਅਨੇ ਅਤੇ ਦਬਾਅ ਕਿਵੇਂ ਕਹਿਰ ਵਰਤਾਉਦੇ ਹਨ, ਇਸ ਦਾ ਟੁੰਬਵਾਂ ਚਿਤਰਣ ਨਾਵਲ ਵਿਚ ਹੈ। ਇਸ ਵਿਚ ਤਿਰੁਚੇਂਗੋੜੂ ਸਥਿਤ ਸ਼ਿਵ ਦੇ ਅਰਧਨਾਰੀਸ਼ਵਰ ਮੰਦਰ ਵਿਚ ਹਰ ਸਾਲ ਲੱਗਣ ਵਾਲੇ ਇਕ 14 ਦਿਨ ਲੰਮੇ ਮੇਲੇ ਦਾ ਜ਼ਿਕਰ ਹੈ ਜਿਸ ਵਿਚ ਮਾਨਤਾ ਹੈ ਕਿ ਛੇਕੜਲੇ ਦਿਨ ਮੇਲੇ ਵਿਚ ਹਾਜ਼ਰ ਸਾਰੇ ਮਰਦ ਦੇਵਤੇ ਬਣ ਗਏ ਮੰਨੇ ਜਾਂਦੇ ਹਨ ਅਤੇ ਬੇਔਲਾਦ ਔਰਤਾਂ ਕਿਸੇ ਵੀ ਦੇਵਤਾ ਨਾਲ ਹਮਬਿਸਤਰ ਹੋਕੇ ਔਲਾਦ ਪਾ ਸਕਦੀਆਂ ਹਨ। ਮਾਨਤਾ ਦੇ ਅਨੁਸਾਰ ਐਸੀ ਔਲਾਦ ਨੂੰ ਦੇਵਤੇ ਦਾ ਪ੍ਰਸਾਦ ਮੰਨਿਆ ਜਾਂਦਾ ਹੈ। ਇਸ ਤ੍ਰਾਸਦਿਕ ਨਾਵਲ ਵਿਚ ਨਾਇਕਾ ਇਥੇ ਜਾਂਦੀ ਹੈ। ਇਸੇ ਹਿੱਸੇ ਉਪਰ ਹਿੰਦੂਤਵੀ ਜਥੇਬੰਦੀਆਂ ਨੇ ਕਹਿਰ ਵਰਤਾਇਆ ਹੈ।
Mandeep/Varinder Diwana
ਸਭਨਾ ਇਨਸਾਫਪਸੰਦ ਅਗਾਹਵਧੂ ਲੋਕਾ ਨੂੰ ਇਹਨਾ ਹਿਦੂਤਵੀ, ਪਿਛਾਖੜੀ ਹਮਲਿਆ ਦਾ ਵਿਰੋਧ ਕਰਨਾ ਚਾਹੀਦਾ ਹੈ