Thu, 21 November 2024
Your Visitor Number :-   7252222
SuhisaverSuhisaver Suhisaver

ਭਾਜਪਾ ਦੇ ਹਨੂਮਾਨ ਤਿੰਨ ਦਲਿਤ ‘ਰਾਮ’

Posted on:- 24-04-2014

ਮੂਲ ਲੇਖਕ: ਆਨੰਦ ਤੈਲਤੁਮੜੇ
ਪੇਸ਼ਕਸ਼: ਬੂਟਾ ਸਿੰਘ
ਸੰਪਰਕ: +91 94634 74342



ਡਾ. ਅੰਬੇਡਕਰ ਦਾ ਝੰਡਾ ਚੁੱਕਣ ਦੇ ਦਾਅਵੇਦਾਰ ਤਿੰਨ ਦਲਿਤ ਰਾਮਾਂ - ਰਾਮਦਾਸ ਆਠਵਲੇ, ਰਾਮ ਵਿਲਾਸ ਪਾਸਵਾਨ ਅਤੇ ਰਾਮ ਰਾਜ (ਜਿਸ ਨੇ ਕੁਝ ਵਰ੍ਹੇ ਪਹਿਲਾਂ ਆਪਣਾ ਨਾਂ ਬਦਲਕੇ ਉਦਿਤ ਰਾਜ ਰੱਖ ਲਿਆ ਸੀ), ਨੇ ਸੱਤਾ ਦੇ ਟੁਕੜਿਆਂ ਦੀ ਉਮੀਦ ’ਚ ਪੂਰੀ ਬੇਸ਼ਰਮੀ ਨਾਲ ਰੀਂਗਦੇ ਹੋਏ ਆਪਣਾ ਠੇਲਾ ਭਾਜਪਾ ਦੇ ਰਥ ਨਾਲ ਟੋਚਨ ਕਰ ਲਿਆ ਹੈ। ਇਨ੍ਹਾਂ ਵਿਚੋਂ ਪਾਸਵਾਨ 1996 ਤੋਂ 2009 ਤਕ, ਅਟਲ ਬਿਹਾਰੀ ਬਾਜਪਾਈ, ਐੱਚਡੀ ਦੇਵਗੌੜਾ, ਆਈਕੇ ਗੁਜਰਾਲ ਅਤੇ ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਹੋਣ ਸਮੇਂ, ਉਨ੍ਹਾਂ ਦੀ ਅਗਵਾਈ ਵਾਲੀਆਂ ਸਰਕਾਰਾਂ ਵਿਚੋਂ ਹਰੇਕ ਵਿਚ ਕੇਂਦਰੀ ਮੰਤਰੀ (ਕਦੇ ਰੇਲਵੇ, ਕਦੇ ਸੰਚਾਰ, ਸੂਚਨਾ ਤਕਨੀਕ, ਕਦੇ ਖਨਣ, ਇਸਪਾਤ, ਰਸਾਇਣ ਅਤੇ ਖਾਦ ਮੰਤਰੀ) ਰਿਹਾ। ਉਹ ਤਾਂ ਘਾਗ ਖਿਡਾਰੀ ਹੈ। ਉਸ ਨੂੰ ਛੱਡਕੇ ਬਾਕੀ ਦੇ ਦੋਵੇਂ ਰਾਮ ਅਜੇ ਕੱਲ੍ਹ ਤਕ ਭਾਜਪਾ ਦੇ ਫਿਰਕੂ ਕਿਰਦਾਰ ਦੇ ਖ਼ਿਲਾਫ਼ ਸੰਘ ਪਾੜ-ਪਾੜ ਕੇ ਚੀਕਦੇ ਰਹੇ ਹਨ।

ਆਠਵਲੇ ਦਾ ਕੰਗਰੋੜਰਹਿਤ ਕਿਰਦਾਰ ਓਦੋਂ ਤੋਂ ਹੀ ਜੱਗ ਜ਼ਾਹਿਰ ਹੈ ਜਦੋਂ ਕੇਂਦਰ ਵਿਚ ਮੰਤਰੀ ਬਣਨ ਦੀ ਉਸ ਦੀ ਬੇਤਹਾਸ਼ਾ ਹਸਰਤ ਪੂਰੀ ਨਹੀਂ ਹੋਈ ਅਤੇ 2009 ਦੀਆਂ ਲੋਕਸਭਾ ਚੋਣਾਂ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਸ ਨੇ ਆਪਣੇ ਅਪਮਾਨ ਦਾ ਇਲਜ਼ਾਮ ਆਪਣੇ ਕਾਂਗਰਸੀ ਗੁਰੂ-ਘੰਟਾਲਾਂ ਉਪਰ ਲਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਉਸ ਨੂੰ ਸਿਧਾਰਥ ਵਿਹਾਰ ਦੇ ਗੰਦੇ ਜਹੇ ਕੋਠੜੇ ਤੋਂ ਚੁੱਕ ਕੇ ਮਹਾਰਾਸ਼ਟਰ ਦਾ ਕੈਬਨਿਟ ਮੰਤਰੀ ਬਣਾਕੇ ਸਹਾਯਾਦਰੀ ਦੇ ਏਅਰਕੰਡੀਸ਼ਨਡ ਫਲੈਟ ਵਿਚ ਲਿਜਾ ਬਿਠਾਇਆ ਸੀ। ਇਨ੍ਹਾਂ ਦੀ ਮੌਕਾਪ੍ਰਸਤੀ ਤਾਂ ਐਨੀ ਹੈਰਤਅੰਗੇਜ਼ ਨਹੀਂ। ਪਰ ਘੱਟੋਘੱਟ ਡਾ. ਉਦਿਤ ਰਾਜ (ਉਸ ਨੇ ਵੱਕਾਰੀ ਬਾਈਬਲ ਕਾਲਜ ਐਂਡ ਸੈਮੀਨਰੀ, ਕੋਟਾ ਤੋਂ ਡਾਕਟਰੇਟ ਕੀਤੀ ਹੋਈ ਹੈ) ਨੇ ਜਿਵੇਂ ਆਪਣੇ ਭਾਜਪਾ ਵਿਰੋਧੀ ਤਰਕਸੰਗਤ ਰੁਖ਼ ਤੋਂ ਕਲਾਬਾਜ਼ੀ ਮਾਰੀ, ਉਹ ਹੈਰਾਨੀਜਨਕ ਜ਼ਰੂਰ ਹੈ।

ਇਕ ਮਾਇਨੇ ’ਚ, ਹਿੰਦੁਸਤਾਨੀ ਜਮਹੂਰੀਅਤ ਦੇ ਨਿਘਾਰ ਨੂੰ ਦੇਖਦਿਆਂ, ਦਲਿਤ ਆਗੂਆਂ ਦੀਆਂ ਅਜਿਹੀਆਂ ਮੌਕਾਪ੍ਰਸਤ ਕਲਾਬਾਜ਼ੀਆਂ ਕਿਸੇ ਨੂੰ ਹੈਰਾਨ ਨਹੀਂ ਕਰਦੀਆਂ। ਆਖ਼ਿਰਕਾਰ, ਹਰ ਕੋਈ ਇੰਞ ਹੀ ਕਰ ਰਿਹਾ ਹੈ। ਤੇ ਜੇ ਦਲਿਤ ਆਗੂ ਇੰਞ ਕਰਦੇ ਹਨ ਤਾਂ ਇਸ ’ਤੇ ਇਤਰਾਜ਼ ਕਿਉ ਕੀਤਾ ਜਾਵੇ? ਆਖ਼ਿਰਕਾਰ, ਉਨ੍ਹਾਂ ਵਿਚੋਂ ਕਈ ਹੁਣ ਤਕ ਕਾਂਗਰਸ ਵਿਚ ਹੀ ਰਹੇ ਹਨ, ਤੇ ਜੇ ਹੁਣ ਉਹ ਭਾਜਪਾ ਵਿਚ ਜਾ ਰਹੇ ਹਨ ਤਾਂ ਇਸ ਵਿਚ ਕਿਹੜੀ ਵੱਡੀ ਗੱਲ ਹੈ? ਸ਼ਾਇਦ ਭਾਜਪਾ ਅਤੇ ਕਾਂਗਰਸ ਵਿਚ ਬਹੁਤ ਥੋੜ੍ਹਾ ਹੀ ਫ਼ਰਕ ਹੋਵੇਗਾ, ਪਰ ਦਰ ਅਸਲ ਫ਼ਿਕਰਮੰਦ ਹੋਣ ਦੇ ਕਾਰਨ ਉਨ੍ਹਾਂ ਦੇ ਹੁਣ ਤਕ ਦੇ ਐਲਾਨਾਂ ਅਤੇ ਉਨ੍ਹਾਂ ਦੇ ਬਾਰੇ ਅਵਾਮ ਦੇ ਮਨਾਂ ’ਚ ਬਣੇ ਨਕਸ਼ੇ ’ਚ ਪਏ ਹਨ। ਕਾਂਗਰਸ ਤੋਂ ਉਲਟ, ਭਾਜਪਾ ਇਕ ਵਿਚਾਰਧਾਰਾ ’ਤੇ ਚਲਣ ਵਾਲੀ ਪਾਰਟੀ ਹੈ। ਇਸ ਦਾ ਵਿਚਾਰਧਾਰਕ ਅਧਾਰ ਹਿੰਦੂਤਵ ਹੈ, ਜਿਸ ਵਿਚ ਸ਼ਬਦਾਂ ਦਾ ਕੋਈ ਹੇਰਫੇਰ ਨਹੀਂ ਹੈ। ਇਹ ਫਾਸ਼ੀਵਾਦ ਦੀ ਵਿਚਾਰਧਾਰਾ ਹੈ ਜਿਸ ਨੂੰ ਸਾਫ਼ ਤੌਰ ’ਤੇ ਅੰਬੇਡਕਰ ਤੋਂ ਐਨ ਉਲਟ ਵਿਚਾਰਧਾਰਾ ਦੇ ਰੂਪ ’ਚ ਦੇਖਿਆ ਜਾ ਸਕਦਾ ਹੈ। ਹਾਲਾਂਕਿ ਵਿਹਾਰਕ ਸਿਆਣਪ ਭਾਜਪਾ ਤੋਂ ਹਿੰਦੁਸਤਾਨ ਦੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਮੰਗ ਕਰਦੀ ਹੈ ਜਾਂ ਫਿਰ ਆਦਿਵਾਸੀਆਂ, ਦਲਿਤਾਂ ਅਤੇ ਮੁਸਲਮਾਨਾਂ ਨੂੰ ਭਰਮਾਉਣ ਦੀ ਮੰਗ ਕਰਦੀ ਹੈ, ਪਰ ਉਨ੍ਹਾਂ ਦਾ ਵਿਚਾਰਧਾਰਕ ਰਵੱਈਆ ਉਨ੍ਹਾਂ ਸਭ ਦੇ ਖ਼ਿਲਾਫ਼ ਹੈ। ਲਿਹਾਜ਼ਾ ਅੰਬੇਡਕਰ ਦਾ ਗੁਣਗਾਣ ਕਰਨ ਵਾਲੇ ਦਲਿਤ ਆਗੂਆਂ ਦੀ ਦਲਿਤਾਂ ਨਾਲ ਧਰੋਹ ਕਮਾਉਣ ਦੀ ਇਸ ਨੀਚ ਹਰਕਤ ਨੂੰ ਦੇਖਕੇ ਡੂੰਘਾ ਦੁੱਖ ਹੁੰਦਾ ਹੈ।


ਅੰਬੇਡਕਰ ਦੀ ਵਿਰਾਸਤ

ਹਾਲਾਂਕਿ ਅੰਬੇਡਕਰ ਨੇ ਹਿੰਦੂ ਧਰਮ ਵਿਚ ਸੁਧਾਰਾਂ ਦੇ ਵਿਚਾਰ ਤੋਂ ਸ਼ੁਰੂਆਤ ਕੀਤੀ ਸੀ ਜਿਸ ਦਾ ਅਧਾਰ ਉਨ੍ਹਾਂ ਦਾ ਇਹ ਖ਼ਿਆਲ ਸੀ ਕਿ ਜਾਤਾਂ, ਡੱਬਾਬੰਦ ਸ਼੍ਰੇਣੀ ਪ੍ਰਬੰਧ ਹੈ (ਹਿੰਦੁਸਤਾਨ ਵਿਚ ਜਾਤਾਂ)। ਇਸ ਡੱਬਾਬੰਦੀ ਨੂੰ ਜਾਤ ਤੋਂ ਬਾਹਰ ਵਿਆਹਾਂ ਅਤੇ ਜਾਤ ਦੇ ਅੰਦਰ ਵਿਆਹਾਂ ਦੀ ਖ਼ਾਸ ਵਿਵਸਥਾ ਰਾਹੀਂ ਕਾਇਮ ਰੱਖਿਆ ਜਾ ਰਿਹਾ ਹੈ। ਅਮਲ ਵਿਚ ਇਸ ਦਾ ਮਾਇਨਾ ਇਹ ਸੀ ਕਿ ਜੇ ਅੰਤਰ-ਵਿਆਹਾਂ ਦੇ ਜ਼ਰੀਏ ਇਸ ਵਿਵਸਥਾ ਤੋਂ ਮੁਕਤੀ ਪਾ ਲਈ ਗਈ ਤਾਂ ਇਸ ਘੇਰਾਬੰਦੀ ਵਿਚ ਪਾੜ ਪੈ ਜਾਵੇਗਾ ਅਤੇ ਜਾਤਾਂ ਜਮਾਤਾਂ ਬਣ ਜਾਣਗੀਆਂ। ਇਸ ਲਈ ਉਨ੍ਹਾਂ ਦਾ ਸ਼ੁਰੂਆਤੀ ਦਾਅਪੇਚ ਇਹ ਸੀ ਕਿ ਦਲਿਤਾਂ ਦੇ ਪ੍ਰਸੰਗ ’ਚ ਹਿੰਦੂ ਸਮਾਜ ਦੀਆਂ ਬੁਰਾਈਆਂ ਨੂੰ ਇਸ ਤਰ੍ਹਾਂ ਉਜਾਗਰ ਕੀਤਾ ਜਾਵੇ ਕਿ ਹਿੰਦੂਆਂ ਅੰਦਰਲੇ ਅਗਾਂਹਵਧੂ ਤੱਤ ਸੁਧਾਰਾਂ ਲਈ ਅੱਗੇ ਆਉਣ। ਮਹਾੜ ਵਿਚ ਉਨ੍ਹਾਂ ਐਨ ਇਹੀ ਯਤਨ ਕੀਤਾ ਸੀ। ਹਾਲਾਂਕਿ ਮਹਾੜ ਵਿਚ ਹੋਏ ਤਲਖ਼ ਤਜ਼ਰਬੇ ਤੋ ਂਉਹ ਇਸ ਸਿੱਟੇ ’ਤੇ ਪਹੁੰਚੇ ਕਿ ਹਿੰਦੂ ਸਮਾਜ ਵਿਚ ਸੁਧਾਰ ਸੰਭਵ ਨਹੀਂ, ਕਿਉਕਿ ਇਨ੍ਹਾਂ ਦੀਆਂ ਜੜ੍ਹਾਂ ਹਿੰਦੂ ਧਰਮ-ਸ਼ਾਸਤਰਾਂ ਵਿਚ ਡੂੰਘੀਆਂ ਗੱਡੀਆਂ ਹੋਈਆਂ ਸਨ। ਫਿਰ ਉਨ੍ਹਾਂ ਨੇ ਸੋਚਿਆ ਕਿ ਇਨ੍ਹਾਂ ਧਰਮ-ਸ਼ਾਸਤਰਾਂ ਦੇ ਬਖੀਏ ਉਧੇੜੇ ਬਗ਼ੈਰ ਜਾਤਾਂ ਦਾ ਖ਼ਾਤਮਾ ਨਹੀਂ ਹੋਵੇਗਾ [ਜਾਤਪਾਤ ਦਾ ਬੀਜਨਾਸ਼]। ਓੜਕ, ਆਪਣੇ ਚਲਾਣੇ ਤੋਂ ਥੋੜ੍ਹਾ ਪਹਿਲਾਂ ਉਨ੍ਹਾਂ ਨੇ ਇਹ ਢੰਗ ਅਪਣਾਇਆ ਜੋ ਉਨ੍ਹਾਂ ਦੇ ਖ਼ਿਆਲ ਅਨੁਸਾਰ ਜਾਤਾਂ ਦੇ ਖ਼ਾਤਮੇ ਦਾ ਕਾਰਗਰ ਤਰੀਕਾ ਸੀ: ਉਨ੍ਹਾਂ ਨੇ ਬੁੱਧ ਧਰਮ ਅਪਣਾ ਲਿਆ। ਐਨਾ ਵਕਤ ਗੁਜ਼ਰ ਜਾਣ ਤੋਂ ਬਾਦ, ਅੱਜ ਇਸ ਪੱਖੋਂ ਕੋਈ ਵੀ ਉਨ੍ਹਾਂ ਦੇ ਵਿਸ਼ਲੇਸ਼ਣ ਦੇ ਤਰੀਕਿਆਂ ਦੀਆਂ ਕਮੀਆਂ ਨੂੰ ਅਸਾਨੀ ਨਾਲ ਹੀ ਦੇਖ ਸਕਦਾ ਹੈ। ਪਰ ਜਾਤਾਂ ਦਾ ਖ਼ਾਤਮਾ ਅੰਬੇਡਕਰ ਦੀ ਵਿਰਾਸਤ ਦਾ ਧੁਰਾ ਬਣਿਆ ਰਿਹਾ। ਇਸ ਦੌਰਾਨ ਉਨ੍ਹਾਂ ਨੇ ਜੋ ਕੁਝ ਵੀ ਕੀਤਾ ਉਹ ਦਲਿਤਾਂ ਨੂੰ ਤਾਕਤਵਰ ਬਣਾਉਣ ਦੀ ਖ਼ਾਤਰ ਕੀਤਾ ਤਾਂ ਕਿ ਉਸ ਜਾਤਪਾਤ ਪ੍ਰਬੰਧ ਦੇ ਖ਼ਾਤਮੇ ਲਈ ਸੰਘਰਸ਼ ਕਰ ਸਕਣ, ਜੋ ਉਨ੍ਹਾਂ ਦੀ ਨਜ਼ਰ ਵਿਚ ‘ਆਜ਼ਾਦੀ, ਬਰਾਬਰੀ, ਭਾਈਚਾਰਾ’ ਨੂੰ ਸਾਕਾਰ ਕਰਨ ਦੇ ਰਾਹ ਵਿਚ ਸਭ ਤੋਂ ਵੱਡਾ ਅੜਿੱਕਾ ਸੀ। ਕਿਉਕਿ ਮਾਰਕਸਵਾਦੀਆਂ ਦੇ ਉਲਟ ਉਹ ਇਹ ਨਹੀਂ ਮੰਨਦੇ ਸਨ ਕਿ ਇਤਿਹਾਸ ਕਿਸੇ ਤਰਕ ਦੇ ਅਧਾਰ ’ਤੇ ਵਿਕਸਤ ਹੁੰਦਾ ਹੈ, ਕਿ ਇਸ ਦੀ ਗਤੀ ਨੂੰ ਕੋਈ ਨੇਮ ਕੰਟਰੋਲ ਕਰਦੇ ਹਨ, ਇਸ ਲਈ ਉਨ੍ਹਾਂ ਨੇ ਇਹ ਵਿਧੀ ਅਪਣਾਈ ਜਿਸ ਨੂੰ ਵਿਹਾਰਵਾਦ ਕਿਹਾ ਜਾਂਦਾ ਹੈ। ਇਸ ਵਿਚ ਉਨ੍ਹਾਂ ਉਪਰ ਕੋਲੰਬੀਆ ਯੂਨੀਵਰਸਿਟੀ ਦੇ ਉਨ੍ਹਾਂ ਦੇ ਅਧਿਆਪਕ ਜੌਹਨ ਡਿਵੀ ਦਾ ਅਸਰ ਸੀ।

ਵਿਹਾਰਵਾਦ ਇਕ ਐਸਾ ਨਜ਼ਰੀਆ ਹੈ ਜੋ ਸਿਧਾਂਤਾਂ ਜਾਂ ਵਿਸ਼ਵਾਸਾਂ ਦਾ ਮੁਲੰਕਣ, ਵਿਹਾਰਕ ਤੌਰ ’ਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦੌਰਾਨ ਹਾਸਲ ਹੋਈ ਕਾਮਯਾਬੀ ਦੇ ਅਧਾਰ ’ਤੇ ਕਰਦਾ ਹੈ। ਇਹ ਕਿਸੇ ਵਿਚਾਰਧਾਰਕ ਨਜ਼ਰੀਏ ਨੂੰ ਰੱਦ ਕਰਦਾ ਹੈ ਅਤੇ ਸਾਰਥਕਤਾ, ਸਚਾਈ ਜਾਂ ਮੁੱਲਾਂ ਦੇ ਨਿਰਧਾਰਨ ਦੀ ਬੁਨਿਆਦੀ ਕਸਵੱਟੀ ਵਿਹਾਰਕ ਸਿੱਟਿਆਂ ਨੂੰ ਮੰਨਦਾ ਹੈ। ਇਸ ਲਈ ਇਹ ਮਕਸਦ ਦੀ ਈਮਾਨਦਾਰੀ ਅਤੇ ਉਸ ਨੂੰ ਅਮਲ ਵਿਚ ਲਿਆਉਣ ਵਾਲੇ ਦੇ ਇਖ਼ਲਾਕੀ ਅਧਾਰ ’ਤੇ ਟਿਕਿਆ ਹੁੰਦਾ ਹੈ। ਅੰਬੇਡਕਰ ਦਾ ਸੰਘਰਸ਼ ਇਸ ਦੀ ਮਿਸਾਲ ਹੈ। ਜੇ ਇਸ ਅਧਾਰ ਨਾਲ ਸਮਝੌਤਾ ਕਰ ਲਿਆ ਜਾਂਦਾ ਹੈ ਤਾਂ ਵਿਹਾਰਵਾਦ ਦਾ ਇਸਤੇਮਾਲ ਦੁਨੀਆ ਵਿਚ ਕਿਸੇ ਵੀ ਚੀਜ਼ ਨੂੰ ਜਾਇਜ਼ ਠਹਿਰਾਉਣ ਲਈ ਕੀਤਾ ਜਾ ਸਕਦਾ ਹੈ। ਅਤੇ ਅੰਬੇਡਕਰ ਤੋਂ ਪਿੱਛੋਂ ਦੇ ਅੰਦੋਲਨ ਵਿਚ ਐਨ ਇਹੀ ਹੋਇਆ। ਦਲਿਤ ਆਗੂ ‘ਅੰਬੇਡਕਰਵਾਦ’ ਜਾਂ ਦਲਿਤ ਹਿੱਤਾਂ ਨੂੰ ਅੱਗੇ ਲਿਜਾਣ ਦੇ ਨਾਂ ’ਤੇ ਆਪਣਾ ਮਤਲਬ ਹੱਲ ਕਰਨ ਵਿਚ ਲੱਗੇ ਰਹੇ। ਹਿੰਦੁਸਤਾਨ ਦੀ ਸਿਆਸਤ ਦਾ ਤਾਣਾਬਾਣਾ ਕੁਝ ਇਸ ਤਰ੍ਹਾਂ ਦਾ ਹੈ ਕਿ ਇਕ ਵਾਰ ਜੇ ਤੁਹਾਡੇ ਹੱਥ ਪੈਸਾ ਆ ਗਿਆ ਫਿਰ ਤੁਸੀਂ ਆਪਣੇ ਹੱਕ ਵਿਚ ਅਵਾਮ ਦੀ ਹਮਾਇਤ ਦਾ ਆਡੰਬਰ ਰਚ ਸਕਦੇ ਹੋ। ਇਕ ਵਾਰ ਇਹ ਨੀਚ ਸਿਲਸਿਲਾ ਸ਼ੁਰੂ ਹੋ ਗਿਆ ਤਾਂ ਫਿਰ ਇਸ ਵਿਚੋਂ ਨਿਕਲਣਾ ਸੰਭਵ ਨਹੀਂ। ਇਸੇ ਅਮਲ ਦੀ ਬਦੌਲਤ ਇਕ ਬਾਰ੍ਹਵੀਂ ਪਾਸ ਆਠਵਲੇ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਸਕਦਾ ਹੈ, ਅਤੇ ਉਸ ਅੰਬੇਡਕਰ ਦੀ ਵਿਰਾਸਤ ਦਾ ਦਾਅਵਾ ਕਰ ਸਕਦਾ ਹੈ ਜੋ ਬੇਮਿਸਾਲ ਵਿਦਵਤਾ ਅਤੇ ਦਲਿਤਾਂ-ਵਾਂਝਿਆਂ ਦੇ ਹਿੱਤਾਂ ਪ੍ਰਤੀ ਸਰਬੋਤਮ ਵਚਨਬੱਧਤਾ ਦੇ ਪ੍ਰਤੀਕ ਹਨ। ਤਕਰੀਬਨ ਇਹੀ ਗੱਲ ਦੂਜੇ ਰਾਮਾਂ ਅਤੇ ਉਨ੍ਹਾਂ ਵਰਗੇ ਸਿਆਸੀ ਜੁਗਾੜੀਆਂ ਦੇ ਬਾਰੇ ਵੀ ਕਹੀ ਜਾ ਸਕਦੀ ਹੈ। ਉਨ੍ਹਾਂ ਦਾ ਕੁਲ ਧੰਦਾ ਅੰਬੇਡਕਰ ਅਤੇ ਦਲਿਤ ਹਿੱਤਾਂ ਦੀ ਤਰੱਕੀ ਦੇ ਨਾਂ ’ਤੇ ਚਲਦਾ ਹੈ।

ਦਲਿਤ ਹਿੱਤ ਬਨਾਮ ਕੁਲੀਨ ਹਿੱਤ

ਆਪਣੇ ਨਿੱਜੀ ਸਵਾਰਥਾਂ ਨੂੰ ਹੱਲ ਕਰਨ ਲਈ ਬੇਕਰਾਰ ਇਹ ਸਾਰੇ ਅੰਬੇਡਕਰਵਾਦੀ ਦਲਿਤ ਹਿੱਤਾਂ ਦਾ ਹੋ-ਹੱਲਾ ਮਚਾਉਦੇ ਹਨ। ਦਲਿਤ ਆਗੂਆਂ ਵਿਚ ਇਹ ਰੁਚੀ ਓਦੋਂ ਵੀ ਸੀ ਜਦੋਂ ਅੰਬੇਡਕਰ ਅਜੇ ਮੌਜੂਦ ਸਨ। ਓਦੋਂ ਉਨ੍ਹਾਂ ਨੇ ਕਾਂਗਰਸ ਨੂੰ ਸੜਦਾ ਹੋਇਆ ਘਰ ਕਰਾਰ ਦੇ ਕੇ ਉਸ ਵਿਚ ਸ਼ਾਮਲ ਹੋਣ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਜਦੋਂ ਕਾਂਗਰਸ ਨੇ ਮਹਾਰਾਸ਼ਟਰ ਵਿਚ ਯਸ਼ਵੰਤ ਰਾਓ ਚਵਾਨ ਦੇ ਜ਼ਰੀਏ ਦਲਿਤ ਅਗਵਾਈ ਹਥਿਆਉਣ ਦਾ ਜਾਲ ਫੈਲਾਇਆ ਤਾਂ ਅੰਬੇਡਕਰੀ ਆਗੂ ਉਸ ਵਿਚ ਆਪਣੇ ਆਪ ਹੀ ਫਸਦੇ ਗਏ। ਪੱਜ ਇਹ ਬਣਾਇਆ ਸੀ ਕਿ ਇਸ ਵਿਚ ਜਾ ਕੇ ਉਹ ਦਲਿਤ ਹਿੱਤਾਂ ਦੀ ਬਿਹਤਰ ਖ਼ਿਦਮਤ ਕਰ ਸਕਣਗੇ। ਉਨ੍ਹਾਂ ਨੇ ਅਵਾਮ ਨੂੰ ਇਹ ਕਹਿੰਦੇ ਹੋਏ ਵੀ ਭਰਮਾਇਆ ਕਿ ਅੰਬੇਡਕਰ ਨੇ ਨਹਿਰੂ ਹਕੂਮਤ ਵਿਚ ਸ਼ਾਮਲ ਹੋ ਕੇ ਕਾਂਗਰਸ ਨੂੰ ਸਹਿਯੋਗ ਦਿੱਤਾ ਸੀ। ਭਾਜਪਾ ਉਸ ਹਜ਼ਾਰ ਸਿਰਾਂ ਵਾਲੇ ਆਰ.ਐੱਸ.ਐੱਸ. ਦੀ ਸਿਆਸੀ ਸ਼ਾਖਾ ਹੈ ਜੋ ਹਿੰਦੂਤਵ ’ਤੇ ਅਧਾਰਤ ਸਭਿਆਚਾਰਕ ਕੌਮਵਾਦ ਦਾ ਪੈਰੋਕਾਰ ਹੈ। ਉਸ ਨੇ ਸੰਸਕ੍ਰਿਤੀ ਅਤੇ ਧਰਮ ਦਾ ਇਹ ਅਜੀਬ ਘਾਲਾਮਾਲਾ ਅਵਾਮ ਨੂੰ ਭਰਮਾਉਣ ਲਈ ਖੜ੍ਹਾ ਕੀਤਾ ਹੋਇਆ ਹੈ। ਭਾਜਪਾ ਅੰਬੇਡਕਰਵਾਦੀਆਂ ਲਈ ਮਹਿਜ਼ ਇਕ ਸਰਾਪ ਹੀ ਹੋ ਸਕਦੀ ਹੈ। ਦਰ ਹਕੀਕਤ ਕਈ ਵਰ੍ਹਿਆਂ ਤਾਈਂ ਇਹ ਇੰਞ ਰਹੀ ਵੀ, ਪਰ ਹੁਣ ਅਜਿਹਾ ਨਹੀਂ ਹੈ। ਆਰ.ਐੱਸ.ਐੱਸ ਨੇ ਸਮਰਸੱਤਾ (ਬਰਾਬਰੀ ਨਹੀਂ ਸਗੋਂ ਸਮਾਜੀ ਸਦਭਾਵਨਾ) ਦਾ ਜਾਲ ਦਲਿਤ ਮੱਛੀਆਂ ਨੂੰ ਫਸਾਉਣ ਲਈ ਸੁੱਟਿਆ ਅਤੇ ਇਸਤੋਂ ਪਿੱਛੋਂ ਆਪਣੀ ਕਠੋਰ ਵਿਚਾਰਧਾਰਾ ਵਿਚ ਥੋੜ੍ਹੀ ਢਿੱਲ ਦੇ ਦਿੱਤੀ। ਦਿਲਚਸਪ ਗੱਲ ਇਹ ਕਿ ਦਲਿਤ ਹਿੱਤਾਂ ਦੇ ਪੈਰੋਕਾਰ ਆਗੂ, ਹਾਕਮ ਜਮਾਤ (ਅਤੇ ਉੱਚੀਆਂ ਜਾਤਾਂ) ਦੀਆਂ ਇਨ੍ਹਾਂ ਪਾਰਟੀਆਂ ਨੂੰ ਤਾਂ ਆਪਣੇ ਟਿਕਾਣੇ ਵਜੋਂ ਦੇਖਦੇ ਹਨ ਪਰ ਉਹ ਕਦੇ ਖੱਬੀਆਂ ਪਾਰਟੀਆਂ ਬਾਰੇ ਵਿਚਾਰ ਨਹੀਂ ਕਰਦੇ, ਜੋ ਆਪਣੀਆਂ ਬੇਸ਼ੁਮਾਰ ਗ਼ਲਤੀਆਂ ਦੇ ਬਾਵਜੂਦ ਉਨ੍ਹਾਂ ਦੀਆਂ ਸੁਭਾਵਿਕ ਸੰਗੀ ਸਨ। ਇਸ ਦੀ ਵਜਾ੍ਹ ਸਿਰਫ਼ ਇਹ ਹੈ ਕਿ ਖੱਬੀਆਂ ਪਾਰਟੀਆਂ ਉਨ੍ਹਾਂ ਨੂੰ ਇਹ ਸਭ ਕੁਝ ਨਹੀਂ ਦੇ ਸਕੀਆਂ, ਜੋ ਹਾਕਮ ਜਮਾਤੀ ਪਾਰਟੀਆਂ ਨੇ ਦਿੱਤਾ ਹੈ।

ਤਾਂ ਫਿਰ ਦਲਿਤ ਹਿੱਤਾਂ ਦਾ ਇਹ ਹੳੂਆ ਕੀ ਸ਼ੈਅ ਹੈ, ਜਿਸ ਦੇ ਨਾਂ ’ਤੇ ਇਹ ਲੋਕ ਇਹ ਕਲਾਬਾਜ਼ੀਆਂ ਮਾਰਦੇ ਹਨ? ਕੀ ਉਹ ਇਹ ਜਾਣਦੇ ਹਨ ਕਿ 90 ਫ਼ੀਸਦੀ ਦਲਿਤਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ? ਕਿ ਬੇਜ਼ਮੀਨੇ ਮਜ਼ਦੂਰਾਂ, ਛੋਟੇ ਹਾਸ਼ੀਆਗ੍ਰਸਤ ਕਿਸਾਨਾਂ, ਪਿੰਡਾਂ ਵਿਚ ਕਾਰੀਗਰਾਂ ਅਤੇ ਸ਼ਹਿਰਾਂ ਵਿਚ ਕੁੱਲੀਆਂ ਵਿਚ ਰਹਿਣ ਵਾਲੇ ਠੇਕਾ ਮਜ਼ਦੂਰਾਂ ਅਤੇ ਸ਼ਹਿਰੀ ਅਰਥਚਾਰੇ ਦੇ ਗ਼ੈਰਰਸਮੀ ਖੇਤਰ ਵਿਚ ਨਿੱਕੇ-ਨਿੱਕੇ ਫੇਰੀ ਵਾਲਿਆਂ ਦੀ ਜ਼ਿੰਦਗੀ ਜਿੳੂਣ ਵਾਲੇ ਦਲਿਤ ਕਿਨ੍ਹਾਂ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ? ਇੱਥੋਂ ਤਕ ਕਿ ਅੰਬੇਡਕਰ ਨੇ ਵੀ ਆਪਣੀ ਜ਼ਿੰਦਗੀ ਦੇ ਆਖ਼ਰੀ ਵਕਤ ’ਚ ਇਹ ਮਹਿਸੂਸ ਕਰ ਲਿਆ ਸੀ ਅਤੇ ਇਸ ਉਪਰ ਅਫ਼ਸੋਸ ਜ਼ਾਹਿਰ ਕੀਤਾ ਸੀ ਕਿ ਉਹ ਉਨ੍ਹਾਂ ਲਈ ਕੁਝ ਨਹੀਂ ਕਰ ਸਕਿਆ। ਅੰਸ਼ਕ ਜ਼ਮੀਨੀ ਸੁਧਾਰਾਂ ਪਿੱਛੇ ਮੌਜੂਦ ਸਰਮਾਏਦਾਰਾ ਸਾਜ਼ਿਸ਼ਾਂ ਅਤੇ ਹਰੇ ਇਨਕਲਾਬ ਨੇ ਪਿੰਡਾਂ ਵਿਚ ਸਰਮਾਏਦਾਰਾ ਰਿਸ਼ਤਿਆਂ ਦੀ ਪੈਠ ਬਣਾ ਦਿੱਤੀ, ਜਿਸ ਵਿਚ ਦਲਿਤਾਂ ਲਈ ਸੁਰੱਖਿਆ ਦਾ ਕੋਈ ਉਪਾਅ ਨਹੀਂ ਸੀ। ਇਨ੍ਹਾਂ ਕਦਮਾਂ ਦਾ ਦਲਿਤ ਅਵਾਮ ਉਪਰ ਤਬਾਹਕੁੰਨ ਅਸਰ ਪਿਆ, ਜਿਨ੍ਹਾਂ ਦੇ ਤਹਿਤ ਅੰਤਰ-ਨਿਰਭਰਤਾ ਦੀ ਜਜਮਾਨੀ ਪਰੰਪਰਾ ਤਾਂ ਤਬਾਹ ਕਰ ਦਿੱਤੀ। ਪਰ ਦਲਿਤਾਂ ਨੂੰ ਪਿੰਡਾਂ ਵਿਚ ਪੱਕੇ ਪੈਰੀਂ ਉਚ ਜਾਤਾਂ ਦੇ ਭੋਂਇ ਮਾਲਕਾਂ ਨੂੰ ਪਾਸੇ ਕਰਕੇ ਉਨ੍ਹਾਂ ਦੀ ਥਾਂ ਲੈਣ ਵਾਲੇ, ਸਭਿਆਚਾਰਕ ਪੱਖੋਂ ਪਿਛੜੀਆਂ ਸ਼ੂਦਰ ਜਾਤਾਂ ਦੇ ਭੋਂਇ ਮਾਲਕਾਂ ਦੇ ਰਹਿਮ-ਕਰਮ ’ਤੇ ਬੇਸਹਾਰਾ ਛੱਡ ਦਿੱਤਾ।

ਬ੍ਰਾਹਮਣਵਾਦ ਦਾ ਝੰਡਾ ਹੁਣ ਇਨ੍ਹਾਂ ਨੇ ਚੁੱਕ ਲਿਆ ਸੀ। ਵਿਚ-ਵਿਚਾਲੇ ਦੇ ਦਹਾਕਿਆਂ ਨੇ ਉਮੀਦਾਂ ਜ਼ਰੂਰ ਜਗਾਈਆਂ, ਪਰ ਛੇਤੀ ਹੀ ਇਹ ਮੁਰਝਾ ਗਈਆਂ। ਜਦੋਂ ਤਕ ਦਲਿਤਾਂ ਨੂੰ ਇਸ ਦਾ ਅਹਿਸਾਸ ਹੁੰਦਾ ਕਿ ਉਨ੍ਹਾਂ ਦੇ ਸ਼ਹਿਰੀ ਲਾਭਪਾਤਰੀਆਂ ਨੇ ਰਾਖਵੇਂਕਰਨ ਉਪਰ ਕਿਵੇਂ ਕਬਜ਼ਾ ਕੀਤਾ ਹੋਇਆ ਹੈ, ਓਦੋਂ ਨਵਉਦਾਰਵਾਦ ਦਾ ਹਮਲਾ ਹੋ ਗਿਆ ਜਿਸ ਨੇ ਰਾਖਵੇਂਕਰਨ ਦਾ ਹੀ ਭੋਗ ਪਾ ਦਿੱਤਾ। ਸਾਡੇ ਇਹ ਰਾਮ ਇਨ੍ਹਾਂ ਸਭ ਕੌੜੀਆਂ ਹਕੀਕਤਾਂ ਤੋਂ ਬੇਪ੍ਰਵਾਹ ਰਹੇ ਅਤੇ ਸਗੋਂ ਇਨ੍ਹਾਂ ਵਿਚੋਂ ਇਕ ਉਦਿਤ ਰਾਜ ਨੇ ਤਾਂ ਰਾਖਵੇਂਕਰਨ ਦੇ ਇਕ-ਨੁਕਾਤੀ ਏਜੰਡੇ ਨਾਲ ਇਕ ਕੁਲ-ਹਿੰਦ ਜਥੇਬੰਦੀ ਓਦੋਂ ਬਣਾਈ, ਜਦੋਂ ਰਾਖਵਾਂਕਰਨ ਹਕੀਕਤ ਵਿਚ ਖ਼ਤਮ ਹੋ ਚੁੱਕਾ ਸੀ। ਰਾਖਵੇਂਕਰਨ ਦੇ ਪਿੱਛੇ ਛੁਪੀ ਹਾਕਮ ਜਮਾਤੀ ਸਾਜ਼ਿਸ਼ ਬਾਰੇ ਅਵਾਮ ਦੀਆਂ ਅੱਖਾਂ ਖੋਹਲਣ ਦੀ ਬਜਾਏ, ਉਹ ਹਾਕਮ ਜਮਾਤ ਦੀ ਖ਼ਿਦਮਤ ਵਿਚ ਇਸ ਝੂਠੇ ਸਹਾਰੇ ਨੂੰ ਸਲਾਮਤ ਰੱਖਣ ਨੂੰ ਤਰਜ਼ੀਹ ਦਿੰਦੇ ਹਨ। ਕੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ 90 ਫ਼ੀਸਦੀ ਦਲਿਤਾਂ ਦੀਆਂ ਜ਼ਰੂਰਤਾਂ ਕੀ ਹਨ? ਉਨ੍ਹਾਂ ਨੂੰ ਜ਼ਮੀਨ ਚਾਹੀਦੀ ਹੈ, ਸਾਰਥਕ ਰੋਜ਼ਗਾਰ ਚਾਹੀਦਾ ਹੈ, ਮੁਫ਼ਤ ਅਤੇ ਚੰਗੀ ਸਿਖਿਆ ਚਾਹੀਦੀ ਹੈ, ਸਿਹਤ ਸੰਭਾਲ ਦੀ ਜ਼ਰੂਰਤ ਹੈ, ਉਨ੍ਹਾਂ ਦੀ ਜਮਹੂਰੀ ਹੱਕ-ਜਤਾਈ ਲਈ ਜ਼ਰੂਰੀ ਢਾਂਚੇ ਹੋਣੇ ਚਾਹੀਦੇ ਹਨ ਅਤੇ ਜਾਤਪਾਤ ਵਿਰੋਧੀ ਸਭਿਆਚਾਰਕ ਜੱਦੋਜਹਿਦ ਦੀ ਠੋਸ ਬੁਨਿਆਦ ਚਾਹੀਦੀ ਹੈ। ਇਹ ਹਨ ਦਲਿਤਾਂ ਦੇ ਹਿੱਤ, ਅਤੇ ਅਫ਼ਸੋਸ ਇਸ ਗੱਲ ਦਾ ਹੈ ਕਿ ਕਿਸੇ ਦਲਿਤ ਰਾਮ ਵਲੋਂ ਇਸ ਪਾਸੇ ਤੁਰਨਾ ਤਾਂ ਦੂਰ, ਇਸ ਨੂੰ ਆਪਣੀ ਜ਼ਬਾਨ ’ਤੇ ਵੀ ਨਹੀਂ ਲਿਆਂਦਾ।

ਭਾਜਪਾਈ ਰਾਮ ਦੇ ਹਨੂਮਾਨ

ਇਹ ਗੱਲ ਸੱਚ ਹੈ ਕਿ ਇਹ ਰਾਮ ਦਲਿਤ ਹਿੱਤਾਂ ਦੇ ਨਾਂ ਉਪਰ ਸਿਰਫ਼ ਆਪਣਾ ਮੁਫ਼ਾਦ ਦੇਖਦੇ ਹਨ। ਉਦਿਤ ਰਾਜ ਇਨ੍ਹਾਂ ਵਿਚੋਂ ਸਭ ਤੋਂ ਵੱਧ ਪੜ੍ਹਿਆ-ਲਿਖਿਆ ਹੈ। ਅਜੇ ਕੱਲ੍ਹ ਤਾਈਂ ਉਹ ਸੰਘ ਪਰਿਵਾਰ ਅਤੇ ਭਾਜਪਾ ਦੇ ਖ਼ਿਲਾਫ਼ ਹਰ ਤਰ੍ਹਾਂ ਦੀ ਆਲੋਚਨਾ ਕਰਦਾ ਰਿਹਾ ਹੈ। ਉਸ ਦੀ ਕਿਤਾਬ ‘ਦਲਿਤ ਅਤੇ ਧਾਰਮਿਕ ਆਜ਼ਾਦੀ’ ਵਿਚ ਮੌਜੂਦ ਇਹ ਨੁਕਤਾਚੀਨੀ ਇਸ ਦਾ ਸਬੂਤ ਹੈ। ਉਸ ਨੇ ਮਾਇਆਵਤੀ ਨੂੰ ਸੱਤਾ ਤੋਂ ਲਾਹੁਣ ਲਈ ਸਾਰੇ ਪਾਪੜ ਵੇਲੇ ਅਤੇ ਨਾਕਾਮ ਰਹਿਣ ਤੋਂ ਬਾਦ ਹੁਣ ਉਹ ਉਸੇ ਭਾਜਪਾ ਦੀ ਛੱਤਰੀ ’ਤੇ ਜਾ ਬੈਠਾ, ਜੋ ਉਸ ਦੇ ਆਪਣੇ ਸ਼ਬਦਾਂ ਵਿਚ ਦਲਿਤਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਦਲਿਤਾਂ ਵਿਚ ਉਸ ਦੀ ਜੋ ਥੋੜ੍ਹੀ ਬਹੁਤ ਸਾਖ ਸੀ, ਉਸ ਦਾ ਫ਼ਾਇਦਾ ਭਾਜਪਾ ਨੂੰ ਦਿਵਾਉਣ ਲਈ ਉਹ ਹੁਣ ਹਨੂਮਾਨ ਦਾ ਕਿਰਦਾਰ ਨਿਭਾ ਰਿਹਾ ਹੈ। ਦੂਜੇ ਦੋਵਾਂ ਰਾਮਾਂ - ਪਾਸਵਾਨ ਅਤੇ ਆਠਵਲੇ - ਨੇ ਉਦਿਤ ਰਾਜ ਦੇ ਉਲਟ ਭਾਜਪਾ ਦੀ ਅਗਵਾਈ ਵਾਲੇ ਐੱਨ.ਡੀ.ਏ. ਗੱਠਜੋੜ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ਉਹ ਦਲਿਤਾਂ ਵਿਚ ਆਪਣੇ ਥੋੜ੍ਹੇ-ਥੋੜ੍ਹੇ ਅਧਾਰ ਦੇ ਜ਼ੋਰ ਆਪਣੇ ਮੁਫ਼ਾਦ ਲਈ ਬਿਹਤਰ ਸੌਦੇਬਾਜ਼ੀ ਕਰਨ ਦੀ ਵਾਹ ਲਾ ਰਹੇ ਹਨ: ਪਾਸਵਾਨ ਨੂੰ ਸੱਤ ਸੀਟਾਂ ਮਿਲੀਆਂ ਹਨ। ਜਿਨ੍ਹਾਂ ਵਿਚੋਂ ਤਿੰਨ ਉਸ ਨੇ ਆਪਣੇ ਹੀ ਟੱਬਰ ਦੀ ਝੋਲੀ ਪਾ ਦਿੱਤੀਆਂ ਹਨ, ਅਤੇ ਆਠਵਲੇ ਨੂੰ ਉਸ ਦੀ ਰਾਜ ਸਭਾ ਸੀਟ ਤੋਂ ਇਲਾਵਾ ਇਕ ਸੀਟ ਹੋਰ ਮਿਲ ਗਈ ਹੈ। ਕੱਲ੍ਹ ਦਾ ਕਾਗਜ਼ੀ ਪੈਂਥਰ ਆਠਵਲੇ ਨਾਮਦੇਵ ਢਸਾਲ ਦੇ ਨਕਸ਼ੇ-ਕਦਮਾਂ ’ਤੇ ਚਲ ਰਿਹਾ ਹੈ, ਜੋ ਬਾਲ ਠਾਕਰੇ ਦੀ ਗੋਦ ਵਿਚ ਜਾ ਬੈਠਾ ਸੀ। ਉਸ ਬਾਲ ਠਾਕਰੇ ਦੀ ਜੋ ਅੰਬੇਡਕਰ ਅਤੇ ਅੰਬੇਡਕਰੀ ਦਲਿਤਾਂ ਪ੍ਰਤੀ ਘੋਰ ਨਫ਼ਰਤ ਦਾ ਡੰਗਿਆ ਹੋਇਆ ਸੀ। ਇਹ ਜਨਾਬ ਭਾਜਪਾ ਨਾਲ ਪਾਈ ਜੋਟੀ ਦਾ ਜ਼ਿੰਮੇਵਾਰ ਆਪਣੇ ਸੰਗੀਆਂ ਵਲੋਂ ਕੀਤੇ ਦਲਿਤਾਂ ਦੇ ਅਪਮਾਨ’ (ਆਪਣੇ ਨਹੀਂ) ਨੂੰ ਠਹਿਰਾਉਦੇ ਹਨ। ਆਠਵਲੇ ਦੀ ਜ਼ਲਾਲਤ ਓਦੋਂ ਸ਼ੁਰੂ ਹੋਈ, ਜਦੋਂ ਉਸ ਨੂੰ ਮੰਤਰੀ ਦਾ ਅਹੁਦਾ ਨਹੀਂ ਮਿਲਿਆ। ਉਸ ਨੇ ਓਦੋਂ ਸ਼ਰਮ ਮਹਿਸੂਸ ਨਹੀਂ ਕੀਤੀ ਜਦੋਂ ਉਸ ਨੇ ਦਲਿਤਾਂ ਵਲੋਂ ਮਰਾਠਵਾੜਾ ਯੂਨੀਵਰਸਿਟੀ ਦਾ ਨਾਂ ਅੰਬੇਡਕਰ ਦੇ ਨਾਂ ’ਤੇ ਰੱਖਣ ਦੇ ਲਈ ਦਿੱਤੀਆਂ ਭਾਰੀ ਕੁਰਬਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਯੂਨੀਵਰਸਿਟੀ ਦੇ ਨਾਂ ਨੂੰ ਥੋੜ੍ਹਾ ਵਧਾ ਲੈਣ ਨੂੰ ਚੁੱਪਚਾਪ ਮੰਨ ਲਿਆ ਸੀ। ਅਤੇ ਨਾ ਹੀ ਉਸ ਨੂੰ ਓਦੋਂ ਸ਼ਰਮ ਮਹਿਸੂਸ ਹੋਈ ਜਦੋਂ ਉਸ ਨੇ ਦਲਿਤ ਦੇ ਦਾਬੇ ਦੇ ਮੁਜਰਮਾਂ ਦੇ ਖ਼ਿਲਾਫ਼ ਦਾਇਰ ਮੁਕੱਦਮਿਆਂ ਨੂੰ ਫਟਾਫਟ ਵਾਪਸ ਲੈ ਲਿਆ। ਇਹ ਤਾਂ ਮਹਿਜ਼ ਚੰਦ ਮਿਸਾਲਾਂ ਹਨ, ਪਾਸਵਾਨ ਅਤੇ ਆਠਵਲੇ ਦੀਆਂ ਪੂਰੀਆਂ ਜ਼ਿੰਦਗੀਆਂ ਹੀ ਦਲਿਤਾਂ ਹਿੱਤਾਂ ਨਾਲ ਐਸੀਆਂ ਗ਼ਦਾਰੀਆਂ ਨਾਲ ਭਰੀਆਂ ਪਈਆਂ ਹਨ।

ਹੁਣ ਇਹ ਸ਼ਖਸ ਭਾਜਪਾ ਦੇ ਨਵੇਂ ਰਾਮ ਦੀ ਖ਼ਿਦਮਤ ਕਰਕੇ ਹਨੂਮਾਨ ਵਾਲਾ ਕਿਰਦਾਰ ਨਿਭਾਉਣਗੇ। ਪਰ ਹੁਣ ਸਹੀ ਵਕਤ ਹੈ ਕਿ ਦਲਿਤ ਉਨ੍ਹਾਂ ਦੇ ਮੁਖੌਟਿਆਂ ਨੂੰ ਲਾਹ ਸੁੱਟਣ ਅਤੇ ਦੇਖ ਲੈਣ ਕਿ ਇਨ੍ਹਾਂ ਦੇ ਅਸਲ ਚਿਹਰੇ ਕੀ ਹਨ।

(ਡਾ. ਆਨੰਦ ਤੈਲਤੁੰਮੜੇ ਮਸ਼ਹੂਰ ਚਿੰਤਕ ਹਨ, ਜੋ ਦਲਿਤ ਸਿਆਸਤ ਦੇ ਮਾਹਰ ਹਨ ਅਤੇ ਆਈ.ਆਈ.ਟੀ. ਖੜਗਪੁਰ ਵਿਖੇ ਸਕੂਲ ਆਫ਼ ਬਿਜ਼ਨੈੱਸ ਦੇ ਅਧਿਆਪਕ ਹਨ)


Comments

Avtar singh

ਉਨ੍ਹਾਂ ਦਾ ਕੁਲ ਧੰਦਾ ਅੰਬੇਡਕਰ ਅਤੇ ਦਲਿਤ ਹਿੱਤਾਂ ਦੀ ਤਰੱਕੀ ਦੇ ਨਾਂ ’ਤੇ ਚਲਦਾ ਹੈ।-Absolutely right.

Raghbir Mander

Well !! what else we are expecting from them? Very Sad. Nice and informative article though.

Security Code (required)



Can't read the image? click here to refresh.

Name (required)

Leave a comment... (required)





ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ