ਪੱਤ ਕੁਮਲਾ ਗਏ (ਕਾਂਡ-2) -ਅਵਤਾਰ ਸਿੰਘ ਬਿਲਿੰਗ
Posted on:- 01-05-2013
-2-
ਕਬੀਲਦਾਰੀ ਪੱਖੋਂ ਰੁਲਦੇ ਫਰੌਟੀਏ ਨੂੰ ਜੈਬੇ ਨਾਲ ਸੱਚਮੁੱਚ ਰਸ਼ਕ ਸੀ। ਬੇਸ਼ੱਕ ਜੈਬੇ ਦੇ ਘਰ ਭੰਗ ਭੁੱਜਦੀ, ਪਰ ਉਹਦੀ ਸਮੁੱਚੀ ਔਲਾਦ ਪਿਓ ਦੀ ਕਦਰ ਕਰਦੀ। ਜੱਟ ਦੀ ਘਰ ਗ੍ਰਹਿਸਤੀ ਭਰੀ ਭੁਕੰਨੀ ਸੀ, ਜਿੱਥੇ ਸਦਾ ਸਬਰ ਸ਼ੁਕਰ ਦਾ ਵਾਸਾ ਸੀ। ਪਰਿਵਾਰ ਵਿੱਚ ਪੂਰੀ ਭਾਇਤਾ ਸੀ। ਸਭ ਤੋਂ ਛੋਟਾ ਬਲਰਾਜ ਭਾਵੇਂ ਨਿੱਤ ਦਾ ਸ਼ਰਾਬੀ ਸੀ, ਪਰ ਪਿਤਾ ਮੂਹਰੇ ਅੱਖ ਨੀਵੀਂ ਰੱਖਦਾ। ਘਰ ਤੋਂ ਬਾਹਰ ਜਿੰਨੇਂ ਮਰਜ਼ੀ ਲਲਕਾਰੇ ਮਾਰਦਾ, ਬੱਕਰੇ ਬੁਲਾਉਂਦਾ, ਪਰ ਜੈਬਾ ਸਾਹਮਣੇ ਹੁੰਦਾ ਤਾਂ ਸੁੱਸਰੀ ਵਾਂਗ ਸੌਂ ਜਾਂਦਾ। ਅਜੈਬ ਦੀ ਘਰਵਾਲੀ ਗੁਰਮੇਲੋ ਤਾਂ ਅਸਲ ਵਿੱਚ ਬੇੜੇ ਦਾ ਬੰਨ੍ਹ ਸੀ। ਪਹਿਲੇ ਦਿਨ ਤੋਂ ਪਤੀ ਦੇ ਪੈਰ ਵਿੱਚ ਪੈਰ ਧਰਦੀ ਆਈ ਸੀ।
ਮੁੰਡਿਆਂ ਵਿੱਚੋਂ ਜੇਠਾ ਪੁੱਤ ਸੋਹਣਾ ਵੀ ਮਾਤਾ-ਪਿਤਾ ਦਾ ਸਤਿਕਾਰ ਕਰਦਾ। ਕਲਿਹਾਰੀ ਨੂੰਹ ਕਾਰਨ ਭਾਵੇਂ ਉਸ ਨੂੰ ਅਲੱਗ ਕਰਨਾ ਪੈ ਗਿਆ ਸੀ। ਉਹਨੂੰ ਰੁਲਦੇ ਦੇ ਪੈਰੋਂ ਰੁਜ਼ਗਾਰ ਮਿਲਿਆ ਸੀ। ਇੱਕ ਲੇਖੇ ਨਾਲ ਉਹ ਜੈਬੇ ਦੇ ਮਿੱਤਰ ਬੇਲੀ ਦੇ ਜਤਨਾਂ ਸਦਕਾ ਹੀ ਟੁੱਕ ਪਿਆ ਸੀ। ਮਾਰਕਿਟ ਕਮੇਟੀ ਵਿੱਚ ਪੱਕਾ ਡਰਾਈਵਰ ਲੱਗ ਗਿਆ ਸੀ। ਸੋਹਣੇ ਛੋਟੇ ਮੇਹਰੂ ਦੀਆਂ ਕੀ ਰੀਸਾਂ ਸਨ। ਜੈਬੇ ਦੇ ਆਖਣ ਅਨੁਸਾਰ ਉਹ ਤਾਂ ਕੋਈ ਜੋਗੀ ਜੰਗਮ ਸੀ। ਪਿਛਲੇ ਜਨਮ ਵਿੱਚ ਉਸਨੇ ਤਪੀਸ਼ਰ ਬਣ ਕੇ ਭਗਤੀ ਕੀਤੀ ਹੋਵੇਗੀ। ਪਤਾ ਨਹੀਂ ਕਿਹੜੀ ਭਿੰਗਣਾ ਕਰਕੇ ਉਸ ਨੂੰ ਜੈਬੇ ਅਤੇ ਗੁਰਮੇਲੋ ਦੇ ਘਰ ਪੁੱਤਰ ਬਣ ਕੇ ਜੰਮਣਾ ਪਿਆ ਸੀ। ਏਸ ਰਿਸ਼ੀ ਸੁਭਾਅ ਮੇਹਰੂ ਦੀ ਕਦੇ ਕੋਈ ਮੰਗ ਨਹੀਂ ਸੀ ਹੁੰਦੀ। ਨਿਆਣਾ ਹੁੰਦਾ ਵੀ ਉਹ ਕਦੇ ਰੋਂਦਾ ਨਹੀਂ ਸੀ। ਪਹੇ ਵਿੱਚ ਨੰਗਾ ਪਿਆ ਹੱਸੀ ਜਾਂਦਾ। ਲੇਟੇ ਮਾਰਦਾ ਉੱਥੇ ਹੀ ਸੌਂ ਜਾਂਦਾ।
ਉਸ ਦੇ ਸਿਰ ਵਿੱਚ ਇੱਕ ਜਮਾਂਦਰੂ ਜਟਾ ਸੀ ਅਤੇ ਸੱਜੇ ਕੰਨ ਦੀ ਪੇਪੜੀ ਵਿੱਚ ਇੱਕ ਛੇਕ ਵੀ ਸੀ, ਜਿਹੜਾ ਉਂਗਲੀ ਅਤੇ ਅੰਗੂਠੇ ਨਾਲ ਛੋਹੇ ਤੋਂ ਸਪੱਸ਼ਟ ਮਹਿਸੂਸ ਹੁੰਦਾ। ਗੋਹ ਦੇ ਮੇਲੇ ਜਾਂ ਮਲਕਪੁਰ ਦੀ ਸਭਾ ''ਤੇ ਜਾਣ ਵੇਲੇ ਜਦੋਂ ਸੋਹਣਾ ਅਤੇ ਬਾਲਾ ਜ਼ਿੱਦ ਨਾਲ ਪੈਸੇ ਮੰਗਦੇ ਤਾਂ ਮੇਹਰੂ ਨੂੰ ਕੋਈ ਸਰੋਕਾਰ ਨਾ ਹੁੰਦਾ। ਉਹਨੂੰ ਜਿੰਨੇ ਮਿਲ ਜਾਂਦੇ, ਉਹ ਰਮਤੇ ਸਾਧੂ ਵਾਂਗ ਲੈ ਕੇ ਸੰਤੁਸ਼ਟ ਤੁਰ ਜਾਂਦਾ। ਆਪਣੀ ਏਸ ਸੰਤ ਬਿਰਤੀ ਕਾਰਨ ਹੀ ਉਹ ਮੰਗਣਾ-ਵਿਆਹ ਕਰਾਉਣਾ ਨਹੀਂ ਸੀ ਮੰਨਿਆ। ਉਹਦੀ ਸ਼ਰਾਫ਼ਤ ਦੇ ਮੁਸ਼ਕ ਨੂੰ ਦੇਖਣ ਵਾਲੇ ਤਾਂ ਭਾਵੇਂ ਕਈ ਮਿੰਨਤਾਂ ਕਰਕੇ ਮੁੜ ਗਏ, ਪਰ ਉਸ ਨੇ ਨੰਨਾ ਫੜੀ ਰੱਖਿਆ, ‘‘ਮੈਂ ਨ੍ਹੀਂ ਏਸ ਜੰਜਾਲ 'ਚ ਪੈਣਾ ਮਾਅਰਾਜ!''
ਏਧਰ ਫਰੌਟੀਏ ਦਾ ਸਿਰਜਿਆ ਮਾਇਆ ਜਾਲ ਸੀ। ਤਿੰਨਾਂ ਮੁੰਡਿਆਂ ਦੇ ਦਰਾਂ ਤੱਕ ਤੂਸੇ ਘਰਾਂ ਦੇ ਬਾਵਜੂਦ ਭੁੱਖ-ਨੰਗ ਖੇਡਦੀ। ਚਲਦੇ ਪੁਰਜ਼ੇ ਪੁੱਤਰਾਂ-ਨੂੰਹਾਂ ਦੇ ਹੁੰਦੇ-ਸੁੰਦੇ ਉਹ ਆਪ ਮਾਨੂੰਪੁਰ ਵਿੱਚ ਸਨਿਆਸ ਭੋਗ ਰਿਹਾ ਸੀ। ਕੰਨਾਂ ਨੂੰ ਹੱਥ ਲਾ ਕੇ ਮੁਹਾਲੀ ਤੋਂ ਮੁੜਿਆ ਸੀ। ਆਖ਼ਰ ਜੱਦੀ ਪੁਸ਼ਤੀ ਮਕਾਨ ਉਸਦਾ ਓਟ ਆਸਰਾ ਬਣਿਆ ਸੀ। ਉਹੀ ਕੱਚਾ-ਪੱਕਾ ਕੋਠਾ, ਜਿਹੜਾ ਉਸਦੇ ਪਿਓ ਘਨੱਈਏ ਨੇ ਜੱਟਾਂ ਦੀਆਂ ਬੁੱਤੀਆਂ ਕਰਕੇ ਖੜ੍ਹਾ ਕੀਤਾ ਸੀ। ਬਾਅਦ ਵਿੱਚ ਜੁੱਤੀਆਂ ਗੰਡਦਾ ਬਾਪੂ ਚੰਗਾ ਕਾਰੀਗਰ ਬਣ ਗਿਆ ਤਾਂ ਇੱਕ ਬੈਠਕ ਵੀ ਛੱਤ ਲਈ ਸੀ। ਜਿਸ ਵਿੱਚ ਥੋੜੀ ਤਬਦੀਲੀ ਕਰਕੇ ਰੁਲਦੇ ਨੇ ਡਲਿਆਂ-ਚੀਰੂਆਂ ਦੀ ਥਾਂ ਪੱਕੀਆਂ ਇੱਟਾਂ ਜੜੀਆਂ ਸਨ। ਆਪਣੀ ਮੁਲਾਜ਼ਮਤ ਦੇ ਸਿਰ ਉੱਤੇ ਬੈਠਕ ਉੱਪਰ ਪੱਕਾ ਫਰਸ਼ ਸਵਾਇਆ। ਮੀਂਹ-ਕਣੀ ਵਿੱਚ ਛੱਤ 'ਤੇ ਚੜ੍ਹ ਕੇ ਗਲੀਆਂ ਮੁੰਦਣ ਦਾ ਜੱਭ ਮੁਕਾ ਦਿੱਤਾ ਸੀ। ਇਹ ਸਭ ਉਸਦੀ ਨੌਕਰੀ ਦੀ ਕਰਾਮਾਤ ਸੀ। ਉਹਦੇ ਵਡਾਰੂ ਤਾਂ ਸਦੀਆਂ ਤੋਂ ਨਰਕ ਭੋਗਦੇ ਆਏ ਸਨ, ਜਿਸ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਮਾਨੂੰਪੁਰ ਵਿੱਚ ਵੱਸਦਾ ਉਹਦਾ ਇੱਕ ਭਤੀਜਾ ਭਿੰਦਰ ਸੀ। ਪਰ ਅੰਤਾਂ ਦਾ ਗ਼ਰੀਬ ਭਿੰਦਰ ਵੀ ਅਪਣੱਤ ਦਿਖਾਉਣ ਵਿੱਚ ਰੁਲਦੇ ਦੇ ਮੁੰਡਿਆਂ ਨਾਲੋਂ ਬਾਜ਼ੀ ਮਾਰ ਗਿਆ ਸੀ।
ਭਤੀਜਾ ਅਤੇ ਭਤੀਜ-ਨੂੰਹ ਅੱਧ ਕੁ ਦੇਹ ਹੋ ਕੇ ਉਸਨੂੰ ਰੋਟੀ ਫੜਾਉਣ ਲ ਆਪ ਆਉਂਦੇ। ਇਹ ਤਾਂ ਉਹਨੂੰ ਆਪ ਨੂੰ ਪਤਾ ਨਹੀਂ ਕਿਹੜਾ ਸ਼ੱਕ ਪੈ ਗਿਆ, ਉਹ ਭਿੰਦਰ ਅਤੇ ਕਾਕੀ ਦੇ ਪਿੱਠ ਮੋੜਨ ਮਗਰੋਂ ਤੁਰੰਤ ਰੋਟੀਆਂ ਦੀ ਤਹੀ ਚੁੱਕਦਾ, ਕੋਠੇ ਉੱਪਰ ਕਾਵਾਂ ਨੂੰ ਪਾ ਦਿੰਦਾ। ਦਾਲ ਸਬਜ਼ੀ ਜਿਹੜੀ ਵੀ ਹੁੰਦੀ, ਨਾਲ਼ੀ ਵਿੱਚ ਹੜ੍ਹਾਅ ਦਿੰਦਾ।
ਇੱਕ ਦਿਨ ਕਾਕੀ ਦੀ ਕਿਸੇ ਸ਼ੁਭ-ਚਿੰਤਕ ਨੇ ਫਰੌਟੀਏ ਦੀ ਸਾਰੀ ਕਰਤੂਤ ਨੰਗੀ ਕਰ ਦਿੱਤੀ;
‘‘ਭੈਣ ਕਾਕੀਏ! ਆ ਤੈਨੂੰ ਦਿਕਾਵਾਂ! ਫਰੌਟੀਮਾਰ ਨੇ ਕੋਠੇ 'ਤੇ ਕਿੱਕਣ ਕਾਵਾਂ ਕੁੱਤਿਆਂ ਦਾ ਜੱਗ ਲਾਇਆ ਹੋਇਐ। ਐਕਣ ਸਿੱਟਿਆ ਅੰਨ ਦੇਵਤਾ ਤੈਨੂੰ ਦੁਰਾਸੀਸ ਕਿਉਂ ਨਹੀਂ ਦਊਗਾ?''
ਭਰੀ ਭਰਾਈ ਕਾਕੀ ਦੂਅ ਦੂਅ ਕਰਦੀ ਜਾ ਗੜ੍ਹਕੀ, ‘‘ਕੀ ਗੱਲ ਚਾਚਾ? ਤੇਰੀ ਖ਼ਾਤਰ ਅਸੀਂ ਇੰਨੇ ਦੁਪਿਆਰੇ ਹੋਗੇ? ਸਾਡੇ 'ਤੇ ਏਨਾ ਵੀ 'ਤਬਾਰ ਨਹੀਂ? ਤੈਨੂੰ ਜ਼ਹਿਰ ਦੇ ਕੇ ਅਸੀਂ ਤੇਰੀਆਂ ਕਿਹੜੀਆਂ ਮਿਲਖ ਜਗੀਰਾਂ ਸੰਭਾਲ ਲੈਣੀਐਂ?''
ਹਰਖ਼ ਵਿੱਚ ਬੋਲਦੀ ਕਾਕੀ ਆਪਣੇ ਪਤਿਓਰੇ ਦੇ ਪੁੱਤਰਾਂ-ਨੂੰਹਾਂ ਦੇ ਮਿਹਣੇ ਵੀ ਮਾਰ ਗਈ। ਫਰੌਟੀਏ ਦੇ ਪਰਿਵਾਰ ਨੂੰ ਸੌ ਲੋਭ ਲਾਲਚ ਹੋਵੇਗਾ! ਪਿਓ ਦੀ ਜਮ੍ਹਾਂ ਪੂੰਜੀ ਸੰਭਾਲਣ ਦਾ ਲੱਬ ਹੋਵੇਗਾ। ਪਰ ਭਿੰਦਰ ਅਤੇ ਕਾਕੀ ਨੇ ਤਾਂ ਕੇਵਲ ਜੱਗ ਰੱਖਣ ਲਈ ਰੋਟੀ ਦੇਣ ਦਾ ਬੀੜਾ ਚੁੱਕਿਆ ਸੀ। ਉਹਨਾਂ ਨੂੰ ਆਪਣੇ ਨੇੜ-ਸਕਿਆਂ ਦਾ ਬੁੜ੍ਹਾ ਤਵੇ ਉੱਪਰ ਹੱਥ ਉੂਕਦਾ ਨਹੀਂ ਸੀ ਸੋਂਹਦਾ; ਨਹੀਂ ਤਾਂ ਉਹ ਕਿਧਰਲੇ ਧਜਾਧਾਰੀ ਸਨ। ਮਿਹਨਤ ਮਜ਼ਦੂਰੀ ਕਰਕੇ ਮਸੀਂ ਦਿਨ ਕਚੀ ਕਰਦੇ। ਭਿੰਦਰ ਆਲੂਆਂ ਦੀ ਲੇਬਰ ਵਿੱਚ ਖ਼ੂਨ ਪਸੀਨਾ ਇੱਕ ਕਰਕੇ ਚਾਰ ਛਿੱਲੜ ਕਮਾਉਂਦਾ। ਕਾਕੀ ਵੱਟਾਂ-ਡੌਸ਼ਾਂ ਖੋਤ ਕੇ ਦੋ ਲਵੇਰੀਆਂ ਪਾਲ਼ਦੀ।
{ਰੰਗੇ ਹੱਥੀਂ ਫੜੇ ਰੁਲਦੇ ਨੂੰ ਐਨ ਮੌਕੇ ਸਿਰ ਫਰੌਟੀ ਫੁਰ ਗਈ, ‘‘ਮੈਂ ਤਾਂ ਬਚਦੀ ਰੋਟੀ ਉੱਪਰ ਸਿੱਟੀ ਐ, ਧੀਏ! ਵਿਹੁ ਤੁਸੀਂ ਮੈਨੂੰ ਕਿਉਂ ਦੇਣੀਂ ਐਂ, ਸਾਊ? ਕੋਈ ਬੇਇਤਬਾਰੀ ਨਹੀਂ, ਬੀਬਾ!'' ਉਹ ਸਫ਼ਾਈਆਂ ਦਿੰਦਾ ਨਹੀਂ ਸੀ ਥੱਕਦਾ। ਪਰ ਉਸ ਨੇ ਕਾਕੀ ਹੋਰਾਂ ਨੂੰ ਅੱਗੇ ਤੋਂ ਰੋਕ ਦਿੱਤਾ ਸੀ, ‘‘ਅਜੇ ਜਿੰਨਾਂ ਚਿਰ ਮੇਰੇ ਨੈਣ-ਪਰਾਣ ਚਲਦੇ ਨੇ, ਬੀਬੀ, ਥੋਨੂੰ ਖ਼ੇਚਲਾਂ ਕਰਨ ਦੀ ਕੋਈ ਲੋੜ ਨਹੀਂ। ਜਿੱਦਣ ਜ਼ਰੂਰਤ ਹੋਊ, ਆਪ ਆ ਕੇ ਥੋਡੇ ਦੁਆਰੇ 'ਤੇ ਸੁਆਲੀ ਬਣੂੰਗਾ। ਮੇਰਾ ਆਪਣਾ ਘਰ ਐ, ਪੁੱਤਰੀ। ਕੋਈ ਓਪਰਾ ਥੋੜ੍ਹੋ ਐ?''
ਅੰਦਰੋ-ਅੰਦਰ ਉਹ ਆਪਣੇ ਵਹਿਮੀ ਮਨ ਨੂੰ ਫਿਟਕਾਰਾਂ ਵੀ ਪਾਉਂਦਾ ਰਿਹਾ। ਜਿਹੜਾ ਖਾਧੇ-ਖਵਾਏ ਜਾਣ ਤੋਂ ਡਰਦਾ, ਕਿਸੇ ਨਾਲ ਵੀ ਨਾ ਭਿੱਜਦਾ। ਉਹਦਾ ਡਰ ਸੱਚਾ ਸੀ। ਉਸਦੇ ਅੰਦਰੋਂ ਆਵਾਜ਼ ਆਈ। ਉਹਦੀ ਸਕੀ ਮਾਂ ਵੀ ਤਾਂ ਰਿਚ-ਰਿਚ ਕੇ ਮਰੀ ਸੀ, ਜਿਸ ਨੂੰ ਤਾਈ ਪਿਆਰੋ ਨੇ ਪਾਰਾ ਖਵਾ ਦਿੱਤਾ ਸੀ। ਮਾਂ ਦੇ ਦੱਸਣ ਅਨੁਸਾਰ ਉਹਦਾ ਨਾਨਾ ਵੀ ਕਿਸੇ ਸ਼ਰੀਕਣੀ ਵੱਲੋਂ ਮਸਾਣੀ ਦੇ ਦੇਣ ਕਾਰਨ ਮੁੱਕ ਗਿਆ ਸੀ। ਸ਼ਰੀਕ ਤੀਵੀਂ ਦੇ ਘਰ ਵਾਲਾ ਬਿਮਾਰ ਰਹਿੰਦਾ। ਉਹ ਨਾਨੇ ਦੀ ਤੰਦਰੁਸਤੀ ਨੂੰ ਸਹਾਰ ਨਹੀਂ ਸੀ ਸਕੀ। ਰੁਲਦਾ ਵੀ ਅਜਿਹੀਆਂ ਅਣਹੋਣੀਆਂ ਤੋਂ ਤ੍ਰਹਿੰਦਾ ਸੀ। ਜਦੋਂ ਉਸ ਨੂੰ ਆਪਣੀਆਂ ਨੂੰਹਾਂ ਉੱਪਰ ਭਰੋਸਾ ਨਹੀਂ ਸੀ, ਇਹ ਤੀਏ ਤੱਖਣੇ ਦਾ ਭਿੰਦਰ ਅਤੇ ਕਾਕੀ ਉਸਦੇ ਕੀ ਲੱਗਦੇ...? ਫੇਰ ਏਸ ਭਿੰਦਰ ਦੀ ਮਾਂ ਨੇ ਤਾਂ ਦਲੀਪ ਕੌਰ ਨੂੰ ਪਤਾ ਨਹੀਂ ਕੀ ਖੁਆ ਦਿੱਤਾ ਸੀ ਕਿ ਦਲੀਪੋ ਮਰ ਕੇ ਹੀ ਅੰਦਰੋਂ ਨਿਕਲੀ ਸੀ।
ਸੁਬ੍ਹਾ ਸਾਝਰੇ ਉਹ ਦੋ ਮਧੂਗਰੀਆਂ ਗੈਸ ਉੱਤੇ ਥੱਪ ਕੇ ਚਾਹ ਨਾਲ ਘੁੱਟਾਂ-ਬਾਟੀ ਛੱਕ ਲੈਂਦਾ। ਕੂਲਾ ਦੁਪਹਿਰਾ ਹੋਣ ਤੱਕ ਚੱਕੀ ਉੱਪਰ ਬੈਠੇ ਵਿਹਲੜ ਲੋਕਾਂ ਅੱਗੇ ਕਦੇ ਆਪਣੇ ਮੁੰਡਿਆਂ ਦੀਆਂ ਸਿਫ਼ਤਾਂ ਛੋਂਹਦਾ, ਕਦੇ ਨੂੰਹਾਂ ਦੀ ਬਦਖੋਈ ਕਰਦਾ। ਕੋਈ ਜਾਣ ਬੁਝ ਕੇ ਉਹਦੇ ਪੁੱਤਰ ਦੀ ਪ੍ਰਸੰਸਾ ਕਰ ਦਿੰਦਾ ਤਾਂ ਫਰੌਟੀਆ ਉਲਟ ਤਵਾ ਧਰ ਦਿੰਦਾ। ਕਿਤੇ ਉਸਦੇ ਫਰਜ਼ੰਦ ਨੂੰ ਜੱਗ ਦੀ ਭੈੜੀ ਨਜ਼ਰ ਨਾ ਲੱਗ ਜਾਵੇ, ਉਹ ਅੰਦਰੋ-ਅੰਦਰ ਤ੍ਰਭਕਦਾ। ਤਾਂ ਹੀ ਉਹ ਨਿੰਦਿਆ ਪਾਠ ਆਰੰਭ ਦਿੰਦਾ। ਨੂੰਹਾਂ ਦੇ ਗਏ ਗੁਜ਼ਰੇ ਖਾਨਦਾਨ ਨੂੰ ਅਕਸਰ ਕੋਸਦਾ। ਕਿਸੇ ਮੁੰਡੇ ਦੀ ਕੰਜੂਸੀ ਅਤੇ ਲਾਈਲੱਗ-ਪੁਣੇ ਦੇ ਕਿੱਸੇ ਛੋਂਹਦਾ;
‘‘ਓਏ ਬੀਰ! ਮੇਰੇ ਆਪਣੇ ਪੁੱਤਰ ਵੀ ਮੇਰੇ ਨਹੀਂ ਰਹੇ। ਪਖੋਟਾ ਆਪਣਾ ਬਾਣੀਏ ਨੂੰ ਕੀ ਦੋਸ਼?'' ਉਹ ਛਿੜ ਪੈਂਦਾ ਤਾਂ ਲੱਭ ਲੱਭ ਕੇ ਟੋਟਕੇ ਸੁਣਾਉਂਦਾ:
ਮਰੇ ਕੁਲੱਹਣੀ ਨਾਰ ਨਰੇ ਉਹ ਪੁਰਖ ਨਖੱਟੂ।
ਮਰੇ ਬੈਲ ਗਿਰੀਆਰ ਮਰੇ ਉਹ ਅੜੀਅਲ ਟੱਟੂ।
ਬਾਹਮਣ ਸੋ ਮਰ ਾਏ ਜੋ ਹਾਥ ਲਾਇ ਮਦਰਾ ਪਿਆਵੇ।
ਪੁੱਤਰ ਸੋ ਮਰ ਜਾਏ ਜੋ ਕੁਲ ਕੋ ਦਾਗ਼ ਲਗਾਵੇ।
ਬੇਨਿਆਈਂ ਰਾਜਾ ਮਰੇ ਨੀਂਦ ਧੜਾਧੜ ਸੋਈਏ।
ਬੈਤਾਲ ਕਹੇ ਸੁਣ ਬਿਕਰਮ ਬਾਤਸ਼ਾਹ ਇਨ ਕੇ ਮਰੇ ਨਾ ਰੋਈਏ।
ਆਪਣੀ ਕਥਾ ਸੁਣਾਉਂਦਾ ਉਹ ਤਾਸ਼ ਖੇਡਦੇ ਬਬੰਦਿਆਂ ਨੂੰ ਅਕਾ ਮਾਰਦਾ। ਫਿੱਡੂ ਅਮਲੀ ਵਰਗੇ ਨੂੰ ਝੱਟ ਆਖਣਾ ਪੈਂਦਾ, ‘‘ਮੁੰਡੇ ਤੈਥੋਂ ਕੁਸ਼ ਨ੍ਹੀਂ ਮੰਗਦੇ, ਫਰੌਟੀਆ! ਐਵੇਂ ਨਾ ਕਲਪਿਆ ਕਰ! ਤੈਨੂੰ ਕੀ ਪਤਾ, ਸ਼ਹਿਰ 'ਚ ਪਲ ਪੂਰਾ ਕਰਨਾ ਕਿੰਨਾ ਔਖੈ। ਘਰ 'ਚ ਬਹਿ ਕੇ ਸਤਿਨਾਮ ਦੀ ਮਾਲਾ ਫੇਰਨ ਦੀ ਵਰੇਸ ਐ ਤੇਰੀ।''
ਰੁਲਦੇ ਦਾ ਹੱਟੀ, ਚੱਕੀ, ਸੁਸਾਇਟੀ ਜਾਂ ਡੇਅਰੀ ਤੋਂ ਇੰਝ ਮਨ ਮੁੜ ਜਾਂਦਾ। ਉਹ ਦਰਵਾਜ਼ੇ-ਧਰਮਸ਼ਾਲਾ ਬੈਠਦੇ ਬੁੱਢਿਆਂ ਕੋਲ ਜਾਣ ਲੱਗਦਾ। ਪਰ ਉਥੇ ਕੁਤੱਥਿਆਂ ਦੇ ਧਰਮੇ ਵਰਗਾ ਇੱਕੋ ਬੰਦਾ ਉਸਦੀ ਪੇਸ਼ ਨਾ ਜਾਣ ਦਿੰਦਾ। ਏਥੇ ਵੀ ਆਪੋ ਆਪਣੀ ਵਿਥਿਆ ਸੁਣਾਉਣ ਦੀ ਬਜ਼ੁਰਗਾਂ ਵਿੱਚ ਜਿਵੇਂ ਹੋੜ ਲੱਗ ਜਾਂਦੀ। ਹਰੇਕ ਆਪਣੀ ਵਾਰੀ ਖੋਹਣ ਲਈ ਇੱਕ-ਦੂਜੇ ਨਾਲ ਭਿੜਦਾ। ਧਰਮਾ, ਜਿਸ ਨੇ ਸੰਭਾਵੀ ਜਾਇਦਾਦ-ਟੈਕਸ ਤੋਂ ਬਚਣ ਲਈ ਉਤਾਰ ਉਮਰ ਵਿੱਚ ਸਾਰੀ ਜ਼ਮੀਨ ਦਾ ਆਪਣੇ ਮੁੰਡਿਆਂ ਦੇ ਨਾਂ ਹੇਵਾ ਕਰ ਦਿੱਤਾ ਸੀ, ਹੁਣ ਪੁੱਤਰਾਂ ਨੂੰ ਸਿੱਧੀਆਂ ਗਾਲ੍ਹਾਂ ਕੱਢਦਾ, ਕਿਉਂਕਿ ਉਸਦੇ ਸਕੇ ਪੁੱਤਰ ਮਾਪਿਆਂ ਨੂੰ ਰੋਟੀ ਦੇਣ ਤੋਂ ਵੀ ਕਤਰਾਉਂਦੇ। ਧਰਮ ਸਿਹੁੰ ਡੰਗਰਾਂ ਕੋਲ ਸੌਂਦਾ, ਉਸਦੀ ਪਤਨੀ ਕਰਨੈਲ ਕੌਰ ਰਸੋਈ ਵਾਲੇ ਛੱਤੜੇ ਹੇਠਾਂ। ਕੱਪੜੇ ਤਾਂ ਕੀ ਧੋਣੇ ਸਨ, ਨੂੰਹਾਂ ਸਾਬਣ ਦੀ ਇੱਕ ਟਿੱਕੀ ਫੜਾਉਂਦੀਆਂ ਵੀ ਬੁੜ-ਬੁੜ ਕਰਦੀਆਂ।
‘‘ਹੁਣ ਤੁਸੀਂ ਆਪੇ ਨਿਤਾਰਾ ਕਰੋ, ਵੀਰਨੋਂ, ਜ਼ਮੀਨ ਜਾਇਦਾਤ ਵਾਲਾ ਧਰਮ ਸਿਹੁੰ ਕਿਹੜੇ ਖੂਹ 'ਚ ਡੁੱਬ ਮਰੇ?'' ਹਰਖਿਆ ਬੈਠਾ ਧਰਮਾ ਹਰੇਕ ਦੇ ਮੂੰਹ ਵੱਲ ਦੇਖਦਾ।
‘‘ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ!'' ਇੱਕ ਦਿਨ ਫਿੱਡੂ ਨੇ ਹੁੰਗਾਰਾ ਭਰਿਆ, ‘‘ਕੁਤੱਥਿਆਂ ਦਾ ਟੱਬਰ ਥੌਨੂੰ ਐਵੇਂ ਨ੍ਹੀਂ ਕਹਿੰਦੇ, ਵਡਾਰੂਆ? ਆਪਣੇ ਹੱਥ ਵੱਢ ਕੇ ਦੇਣ ਖ਼ਾਤਰ ਕਿਹੜੇ ਸਿਆਣੇ ਨੇ ਆਖਿਆ ਤਾ ਤੈਨੂੰ?..''
ਫਿੱਡੂ ਉਸ ਨੂੰ ਅਕਸਰ ਠਿੱਠ ਕਰਦਾ, ‘‘...ਜੇ ਕਿਸੇ ਮਾਤੜ੍ਹ ਸਾਥੀ ਤੋਂ ਸਿੱਖ-ਮੱਤ ਲਈ ਹੁੰਦੀ ਤਾਂ ਤੈਨੂੰ ਵੀ ਕੋਈ ਜਾਗਰ ਸਿਹੁੰ ਜੁਗਤੀ ਨਾ ਟੱਕਰ ਜਾਂਦਾ?''
ਫਿੱਡੂ ਨੇ ਅੱਗੇ ਕਥਾ ਛੋਹੀ। ਜਾਗਰ ਸਿਹੁੰ ਫੌਜੀ ਦੀ ਪੈਨਸ਼ਨ ਨਹੀਂ ਸੀ ਬਣੀ। ਪਰ ਉਹ ਦੂਜੀ ਵੱਡੀ ਜੰਗ ਵੇਲਿਆਂ ਦੀ ਚਰੰਕੀ ਨੂੰ ਹਮੇਸ਼ਾ ਜਿੰਦੀ ਲਾ ਕੇ ਰੱਖਦਾ। ਟਰੰਕੀ ਅੱਗੇ ਅਲਮਾਰੀ ਵਿੱਚ ਟਿਕਾਈ ਹੁੰਦੀ। ਅਲਮਾਰੀ ਨੂੰ ਜਿੰਦਾ ਲਾ ਕੇ ਤੀਜਾ ਤਾਲਾ ਨਿੱਕੀ ਇੱਟ ਦੀ ਬੈਠਕ ਅੱਗੇ ਜੜ ਦਿੰਦਾ। ਤਿੰਨੇ ਚਾਬੀਆਂ ਸਦਾ ਆਪਣੇ ਪਜਾਮੇ ਦੇ ਨਾਲ਼ੇ ਨਾਲ ਬੰਨ੍ਹ ਕੇ ਰੱਖਦਾ। ਏਸ ਓਹਲੇ ਦੇ ਆਸਰੇ ਜੁਗਤੀ ਨੂੰ ਚੋਪੜੀ ਰੋਟੀ ਮਿਲਦੀ ਰਹੀ ਸੀ। ਸਵੱਛ ਪੁਸ਼ਾਕ ਪਹਿਨ , ਪੇਚਦਾਰ ਪੱਗੜੀ ਬੰਨ੍ਹ ਕੇ ਉਮਰਾ ਪੱਤੀ ਦੇ ਗੁਰਦੁਆਰੇ ਬੈਠਾ ਜਾਗਰ ਸਿਹੁੰ ਸਾਰਾ ਦਿਨ ਜੱਕੜਾਂ ਵੱਢਦਾ। ਜਦੋਂ ਪੂਰੀ ਉਮਰ ਭੋਗ ਕੇ ਉਸ ਨੂੰ ਕਾਲ-ਮ੍ਰਿਤੂ ਪ੍ਰਾਪਤ ਹੋਈ ਤਾਂ ਮੁੰਡਿਆਂ ਨੇ ਸਭ ਤੋਂ ਪਹਿਲਾਂ ਕੰਮ ਤਿੰਨੇ ਤਾਲੇ ਖੋਹਲਣ ਦਾ ਕੀਤਾ। ਅਲਮਾਰੀ ਵਿੱਚ ਦੇਸੀ ਘਿਓ ਵਾਲਾ ਡੱਬਾ, ਖਸਖਸ ਦੀ ਪੰਜੀਰੀ, ਤ੍ਰਿਫਲਾ ਫੱਕੀ ਅਤੇ ਜ਼ਿੰਦਗੀ ਬਿਲਾਸ ਤੋਂ ਸਵਾਏ ਕੁਝ ਵੀ ਨਹੀਂ ਸੀ। ਟਰੰਕੀ ਵਿੱਚ ਜ਼ਮੀਨ ਜਾਇਦਾਦ ਦੀ ਵਸੀਅਤ, ਰੇਸ਼ਮੀ ਰੁਮਾਲ ਵਿੱਚ ਲਪੇਟਿਆ ਸੁੰਦਰ ਗੁਟਕਾ, ਲਾਲ ਗੁਥਲੀ, ਲੱਪ ਕੁ ਪੁਰਾਣੇ ਸਿੱਕਿਆਂ ਦੀ ਅਤੇ ਵਾਨੀ ਪਹਿਰੇ ਖਿੱਚਵਾਈਆਂ ਦੋ ਫੋਟੋਆਂ ਸਨ। ਵਰਦੀਧਾਰੀ ਰੰਗਰੂਟ ਦੀ ਕਾਲੀ ਚਿੱਟੀ ਤਸਵੀਰ ਪਿੱਛੇ ਲਿਖਿਆ ਸੀ਼ ਸ: ਉਜਾਗਰ ਸਿੰਘ ਸੇਖੋਂ, ਮੰਗਣੀ ੋਂ ਪਹਿਲਾਂ। ਦੂਜੀ ਪੋਸਟ ਕਾਰਡ ਸਾਈਜ਼ ਦੀ ਫੋਟੋ, ਜੋ ਉਸ ਨੇ ਆਪਣੀ ਨਵੀਂ ਵਿਆਹੁਲੀ ਪਤਨੀ ਨਾਲ ਵਿਆਹ ਤੋਂ ਦੂਜੇ ਤੀਜੇ ਦਿਨ ਖਿਚਵਾਈ ਲੱਗਦੀ ਸੀ, ਉਸਦੇ ਪਿੱਛੇ ਗੁਰਮੁਖੀ ਵਿੱਛ ਟੇਢੀ ਇਬਾਰਤ ਸੀ- ‘‘ਰੰਗ ਰਲ਼ੀਆਂ''। ਗੁਥਲੀ ਵਿੱਚੋਂ ਚਾਂਦੀ ਦੇ ਗਿਆਰਾਂ ਦਮੜਿਆਂ ਤੋਂ ਇਲਾਵਾ ਇੱਕ ਮੁੜੀ-ਤੁੜੀ ਪਰਚੀ ਵੀ ਮਿਲੀ, ਜਿਸ ਵਿੱਚ ਜੁਗਤੀ ਵੱਲੋਂ ਆਖ਼ਰੀ ਤਾਕੀਦ ਸੀ, ‘‘ਜਿਵੇਂ ਚਾਹੋ ਖ਼ਰਚ ਲੈਣੇ। ਕਿਸੇ ਕਿਰਿਆ-ਕਰਮ ਦੀ ਕੋਈ ਜ਼ਰੂਰਤ ਨਹੀਂ।'' ਆਪਣੇ ਨਮਿਤ ਸਹਿਜ ਪਾਠ ਉਹ ਜਿਊਂਦੇ-ਜੀਅ ਕਰਾ ਗਿਆ ਸੀ।...
ਫਿੱਡੂ ਹਰ ਵਾਰੀ ਇਹੋ ਕਹਾਣੀ ਸੁਣਾਉਂਦਾ। ਧਰਮਾ ਬੁਰਾ-ਭਲਾ ਆਖਦਾ ਤੁਰ ਜਾਂਦਾ। ਫੇਰ ਫਿੱਡੂ ਆਪਣੀ ‘‘ਖਾਓ-ਪੀਓ ਐਸ਼ ਕਰੋ ਮਿੱਤਰੋ!'' ਵਾਲੀ ਕਵਿਤਾ ਦੀ ਦੋਹਰ-ਤੇਹਰ ਕਰਨੀ ਨਾ ਭੁੱਲਦਾ। ਇੰਝ ਰੁਲਦੇ ਦੀ ਵਾਰੀ ਨਾ ਆਉਂਦੀ। ਫਿੱਡੂ ਦੀ ਜੀਭ ਵਾੜੇ ਵੜੀ ਤੋਂ ਜੇ ਉਹ ਮੱਲੋ-ਮੱਲੀ ਆਪਣੀ ਗੱਲ ਛੇੜਦਾ ਤਾਂ ਧੀਰੇ-ਧੁੱਤੂ ਵਰਗਾ ਦੁੱਧ ਵਿੱਚ ਕਾਂਜੀ ਘੋਲ ਦਿੰਦਾ, ‘‘ਥੋਡੀ ਗੱਲ ਹੋਰ ਐ। ਤੁਸੀਂ ਕਮੀਣਾਂ ਨੇ ਕਿਹੜੀ ਜ਼ਮੀਨ ਵੰਡਣੀ ਐ।''
‘‘ਬਈ ਵੰਡਣੀ ਤਾਂ ਨਹੀਂ, ਪਰ ਤੇਰੇ ਹਿੱਸੇ ਦੇ ਸਿਆੜ ਤਾਂ ਸਾਡਾ ਛੋਟਾ ਮੁੰਡਾ ਗੋਲੂ ਹੀ ੳਇੱਕੋ ਢੱਟ 'ਚ ਖ਼ਰੀਦ ਲੂ। ਵੱਡਿਆਂ ਦਾ ਤਾਂ ਕੀ ਕਹਿਣਾ ਭਲਾ।'' ਅੱਕਿਆ ਹੋਇਆ ਉਹ ਛਿੜ ਪੈਂਦਾ, ‘‘ਤੇਰੀ ਵਾਹਿਗੁਰੂ ਜੀ ਕੀ ਫ਼ਤਹਿ! ਗੁਰਦੁਆਰੇ ਦੇ ਅੰਦਰ ਹੀ ਸੋਭਦੀ ਐ। ਐਵੇਂ ਨ੍ਹੀਂ ਫਲ੍ਹੇ ਟੰਗ ਫਸਾਈਦੀ ਹੁੰਦੀ।''
ਬੁਰਾ ਜਿਹਾ ਮੂੰਹ ਬਣਾਉਂਦਾ ਉਹ ਉੱਠ ਕੇ ਤੁਰ ਪੈਂਦਾ, ‘‘ਬਾਹਲਾ ਆਇਆ, ਜ਼ਮੀਨ ਵੰਡਣ ਵਾਲਾ। ਇੱਕ ਅੱਧ ਬਿਘੜੀ ਪਤਾ ਨਹੀਂ ਬਟੀ ਐ ਜਾਂ ਨਹੀਂ।'' ਉਹ ਆਪੇ ਬੋਲੀ ਜਾਂਦਾ, ਮੁੜ ਕੇ ਕਿਧਰੇ ਵੀ ਨਾ ਜਾਣ ਦਾ ਨੇਮ ਪਾਉਂਦਾ। ਤਾਸ਼ ਮੰਡਲੀ ਵੱਲ ਵੀ ਉਹ ਪਿੱਠ ਕਰਕੇ ਲੰਘਦਾ। ਜੇ ਕੋਈ ਪਿਛੋਂ ਹਾਕ ਮਾਰਦਾ ਤਾਂ ਵੀ ਨਾ ਗੌਲ਼ਦਾ। ਬੁੜ-ਬੁੜ ਕਰਦਾ ਤੁਰਿਆ ਜਾਂਦਾ, ‘‘ਵਿਹਲੀ ਜੱਟਵੈੜ੍ਹ ਚਾਂਭਲ਼ੀ ਐ। ਭਈਆਂ ਦੇ ਸਿਰ 'ਤੇ ਢਿਡੈਲ਼ ਬਣੀ ਜਾਂਦੇ ਨੇ।''
ਉਹ ਘਰ ਆ ਵੜਦਾ। ਆ ਕੇ ਸੌ ਜਾਂਦਾ। ਦਿਨ ਵਿੱਚ ਇੱਕ ਢੌਂਕਾ ਲਾ ਲੈਂਦਾ ਤਾਂ ਰਾਤੀਂ ਨੀਂਦ ਨਾ ੈਂਦੀ। ਦੂਜੇ ਦਿਨ ਹ ਸਾਈਕਲ ਚੁੱਕਦਾ, ਆਪਣੀ ਭੈਣ ਨੂੰ ਮਿਲਣ ਚਲਾ ਜਾਂਦਾ। ਕਈ ਦਿਨ ਬੱਸੀ ਗੁੱਜਰਾਂ ਤੋਂ ਨਾ ਮੁੜਦਾ।
ਦਸਾਂ ਪੰਦਰਾਂ ਦਿਨਾਂ ਮਗਰੋਂ ਉਹ ਇੱਕ ਵਾਰ ਜੈਬੇ ਵੱਲ ਜ਼ਰੂਰ ਗੇੜਾ ਮਾਰਦਾ, ਜਿਵੇਂ ਅੱਜ ਚੱਲਿਆ ਸੀ। ਅਜ ਤਾਂ ਜਾਣਾ ਜਰੂਰੀ ਸੀ। ਜੈਬੇ ਯਾਰ ਦੇ ਵਿਹੜੇ ਖੁਸ਼ੀਆਂ ਦੇ ਵਾਜੇ ਵੱਜਦੇ ਹੋਣ ਤਾਂ ਉਹ ਕਿਉਂ ਨਹੀਂ ਜਾਵੇਗਾ।
ਨਹਾ ਧੋ ਕੇ ਤਿਆਰ ਹੋਇਆ ਜਦੋਂ ਉਹ ਚੱਕੀ ਅਗਿਓਂ ਲੰਘਿਆ ਤਾਂ ਫਿੱਡੂ ਨੇ ਕਈ ਆਵਾਜ਼ਾਂ ਮਾਰੀਆਂ, ‘‘ਮਖਿਆ, ਕਿਧਰ ਨੂੰ ਮੂੰਹ ਚੁੱਕਿਐ, ਫਰੌਟੀਆ?''‘‘ਤੇਰੀ ਮਾਂ ਦੇ...'' ਰੁਲਦੇ ਨੇ ਮਨ ਹੀ ਮਨ ਲੰਬੀ ਗਾਲ੍ਹ ਕੱਢੀ। ‘‘ਤੈਨੂੰ ਤਿਆਰੀ ਨਹੀਂ ਦੀਂਹਦੀ? ਹਵੇਲੀ ਵਾਲੇ ਜੈਬ ਸਿਹੁੰ ਕੰਨੀਂ ਚੁੱਲ੍ਹੇ ਨਿਊਂਦੈ। ਤੈਨੂੰ ਛੜੇ ਮਲੰਗ ਨੂੰ ਕੌਣ ਪੁੱਛਦੈ?'' ਉਸ ਨੇ ਉੱਚੀ ਮਿਹਣਾ ਮਾਰਿਆ।
‘‘ਵਾਹ ਬਈ ਵਾਹ! ਜੈਬੇ ਜੱਟ ਦੇ ਯਾਰ। ਦੋ ਚੂਹੜੇ, ਦੋ ਚਮਾਰ।'' ਫਿੱਡੂ ਅਮਲੀ ਵੀ ਦੂਰੋਂ ਪੂਰੇ ਜ਼ੋਰ ਨਾਲ ਬੁੜ੍ਹਕਿਆ।
ਐਪਰ ਰੁਲਦਾ ਰੁਕਿਆ ਨਹੀਂ। ਤਾਸ਼ ਖੇਡਣ ਵਾਲੇ, ਹੁਣ ਫਿੱਡੂ ਨੂੰ ਖਿਝਾਉਣ ਲੱਗ ਪਏ ਸਨ। ਫਰੌਟੀਆ ਮੁੜ ਆਪਣੇ ਮਨ ਨਾਲ ਗੱਲੀਂ ਪੈ ਗਿਆ, ‘‘ਪਰ ਫਿੱਡਿਆ! ਤੂੰ ਤਾਂ ਉਨ੍ਹਾਂ ਚਾਰਾਂ ਵਿੱਚ ਵੀ ਨਹੀਂ ਆਉਂਦਾ। ਵੱਡਾ ਜ਼ਿਮੀਂਦਾਰ ਬਣਿਆ ਫਿਰਦੈਂ। ਗੱਠਿਆਂ ਦੀ ਪਨੀਰੀ ਲਾਉਣ ਜੋਗਾ ਕਿਆਰਾ ਕੋਈ ਬਚਿਆ ਵੀ ਹੈਗ੍ਹਾ ਤੇਰੇ ਕੋਲ?''
ਉਧਰ ਰੁਲਦੇ ਨੂੰ ਕਿੰਨੇ ਅਦਬ ਨਾਲ ਅਗਲਿਆਂ ਨੇ ਸੱਦਿਆ ਸੀ। ਹਵੇਲੀ ਵਾਲਾ ਸਾਰਾ ਪਰਿਵਾਰ ਉਸ ਨੂੰ ਘਰ ਏ ਨੂੰ ਹੱਥਾਂ ਉੱਤੇ ਚੁੱਕਦਾ। ਮੁੰਡੇ ਚਾਚਾ-ਚਾਚਾ ਕਹਿੰਦੇ ਨਾ ਥੱਕਦੇ। ਆਮ ਦਿਨਾਂ ਵਿੱਚ ਵੀ ਚਾਹ ਪਾਣੀ ਪੀਤੇ ਬਗ਼ੈਰ ਨਾ ਮੁੜਨ ਦਿੰਦੇ। ਡਰਾਈਵਰ ਹੁੰਦਾ ਜਾਂ ਬਾਲਾ ਸ਼ਰਾਬੀ। ਉਸ ਨੂੰ ਕੁਰਸੀ ਉੱਤੇ ਬਿਠਾਉਂਦੇ। ਮੇਹਰੂ ਤਾਂ ਹਮੇਸ਼ਾ ਉੱਡ ਕੇ ਮਿਲਦਾ। ਸਭ ਤੋਂ ਛੋਟੇ ਬਲਰਾਜ ਦੇ ਘਰ ਹੀ ਦੋ ਕੁੜੀਆਂ ਉੱਪਰੋਂ ਮੁੰਡਾ ਜਨਮਿਆ ਸੀ।
ਅਜੈਬ ਦੇ ਤਿੰਨਾਂ ਪੁੱਤਰਾਂ ਨੇ ਕਦੇ ਇੱਕ ਦੂਜੇ ਨਾਲ ਮੂੰਹ ਵਿੰਗਾ ਨਹੀਂ ਸੀ ਕੀਤਾ। ਰੁਲਦੇ ਨੂੰ ਇਹ ਵੀ ਇਲਮ ਸੀ ਕਿ ਵਿਆਹੀਆਂ ਵਰੀਆਂ ਦੋਵਾਂ ਭੈਣਾਂ ਨੂੰ ਮਿਲਣ ਵੀ ਉਹ ਭੱਜ-ਭੱਜ ਜਾਂਦੇ। ਇਹ ਤਾਂ ਨੂੰਹਾਂ ਦੀ ਖਟਪਟੀ ਕਾਰਨ ਅਜੈਬ ਸਿਹੁੰ ਨੇ ਸੋਹਣੇ ਨੂੰ ਅਲਹਿਦਾ ਕਰ ਦਿੱਤਾ ਸੀ। ਪੁੱਤਰ ਦਾ ਦਿਲ ਰੱਖਣ ਲਈ ਦੂਰ-ਅੰਦੇਸ਼ ਗੁਰਮੇਲੋ ਵੀ ਡਰਾਈਵਰ ਮੁੰਡੇ ਨਾਲ ਚਲੀ ਗਈ ਸੀ। ਅਜੈਬ ਸਿਹੁੰ ਨੇ ਮੇਹਰੂ ਸਮੇਤ ਬਲਰਾਜ ਸ਼ਰਾਬੀ ਨਾਲ ਰਹਿਣ ਨੂੰ ਤਰਜੀਹ ਦਿੱਤੀ। ਬੇਸ਼ੱਕ ਬਾਲਾ ਐਬੀ-ਕਬਾਬੀ ਸੀ। ਉਹਦੀ ਕਬੀਲਦਾਰੀ ਭਾਰੀ ਸੀ। ਪਰ ਉਹਦੀ ਘਰਵਾਲੀ ਦਾ ਸੁਭਾਅ ਬਹੁਤ ਮਿਲਾਪੜਾ ਸੀ। ਉਹ ਸੋਹਣੇ ਡਰਾਈਵਰ ਦੀ ਵਹੁਟੀ ਵਾਂਗ ਵੱਢੂੰ-ਖਾਊਂ ਨਹੀਂ ਸੀ ਕਰਦੀ।
ਗੁਰਮੇਲ ਕੌਰ ਨਾਂ ਦੀ ਹੀ ਅਲੱਗ ਸੀ। ਰਹਿੰਦੀ ਤਾਂ ਉਹ ਵੀ ਮੇਹਰੂ ਹੋਰਾਂ ਵੱਲ ਹੀ ਸੀ। ਉਸਦੇ ਹੀਲੇ ਸੋਹਣੇ ਨੂੰ ਇੱਕ ਕਿੱਲਾ ਜ਼ਰੂਰ ਹੋਰ ਵਾਹੁਣ ਬੀਜਣ ਲਈ ਮਿਲ ਗਿਆ ਸੀ। ਅਜੈਬ ਨੇ ਆਪਣੇ ਜਿਊਂਦੇ ਜੀਅ ਭੋਇੰ ਵੰਡ ਕੇ ਦੇ ਦਿੱਤੀ ਸੀ। ਬੇਸ਼ੱਕ ਇੱਕ-ਇੱਕ ਏਕੜ ਸਭ ਦੇ ਹਿਸੇ ਆਇਆ, ਫੇਰ ਵੀ ਵਧੀਆ ਜੁਗਾੜ ਬਣਿਆ ਹੋਇਆ ਸੀ। ਪੰਜਾਂ ਕਿੱਲਿਆਂ ਨਾਲ ਦੋ ਟੱਬਰਾਂ ਦਾ ਚੰਗਾ ਗੁਜ਼ਾਰਾ ਹੋਈ ਜਾਂਦਾ। ਘਰ ਗ੍ਰਹਿਸਥੀ ਵਿੱਚ ਸਬਰ ਸ਼ੁਕਰ ਦਾ ਵਾਸਾ ਸੀ। ਰੁਲਦੇ ਨੂੰ ਫੇਰ ਉਹੀ ਖ਼ਿਆਲ ਆਇਆ।
ਦੂਸਰੇ ਜਾਂਦੇ ਫਰੌਟੀਏ ਦੀ ਸੁਰਤੀ ਮੁੜ ਆਪਣੇ ਪਰਿਵਾਰ ਵੱਲ ਗਈ, ਜਿੱਥੇ ਪਲ-ਪਲ ਤੜਫਦੇ ਪੁੱਤਰ-ਨੂੰਹਾਂ ਸਨ। ਤਿੰਨਾਂ ਦੇ ਦੂਰ-ਦੂਰ ਰਹਿੰਦਿਆਂ ਵੀ ਜਿਵੇਂ ਸਰਪੱਟ ਦੌੜ ਲੱਗੀ ਹੋਈ ਸੀ। ਏਥੋਂ ਵੀ ਕੁਝ ਆ ਜਾਵੇ। ਉੱਥੋਂ ਵੀ ਕੁਝ ਖਿੱਚ ਲਿਆਈਏ। ਉਹਨੇ ਤਿੰਨਾਂ ਪੁੱਤਰਾਂ ਕੋਲੇ ਰਹਿ ਕੇ ਦੇਖ ਲਿਆ ਸੀ। ਹਰ ਥਾਂ ਤੜਫਣ, ਭਟਕਣ, ਬੇ-ਆਰਾਮੀਅਤੇ ਤਲਖ਼ੀ ਸੀ। ਇੱਕ ਦੂਜੇ ਲਈ ਅਮੁੱਕ ਈਰਖਾ ਸੀ। ਇੱਕ ਦੂਜੇ ਦੇ ਬੱਚਿਆਂ ਵੱਲ ਦੇਖ ਕੇ ਖਿਝ-ਖਿਝਾਹਟ ਚੜ੍ਹਦੀ। ਵੱਢਵੀਆਂ ਗੱਲਾਂ ਸਨ। ਜੀਭ ਉੱਪਰ ਸਦਾ ਕੁਛ ਨੀ, ਕੁਛਨੀ ਸੀ। ਮੂੰਹਾਂ ਉੱਤੇ ਬਣਾਉਟੀ ਮੁਸਕਰਾਹਟ ਸੀ।
ਪੋਚਵੀਂ ਅਸਮਾਨੀ ਪੱਗ ਬੰਨ੍ਹੀਂ ਜੈਬੇ ਦੇ ਕੱਚੇ-ਪੱਕੇ ਮਕਾਨ ਵੱਲ ਤੁਰਿਆ ਜਾਂਦਾ ਫਰੌਟੀਆ ਇੱਕ ਵਾਰੀ ਮੁੜ ਪ੍ਰੇਸ਼ਾਨ ਹੋ ਗਿਆ। ਉਸ ਪਿੰਡੇ ਵਿੱਚੋਂ ਜਿਵੇਂ ਚੰਗਿਆੜੇ ਨਿਕਲ ਰਹੇ ਹੋਣ। ਜਿਵੇਂ ਉਸਦੇ ਤਨ-ਬਦਨ ਉੱਪਰ ਭੂਰੀਆਂ ਕੀੜੀਆਂ ਲੜ ਰਹੀਆਂ ਸਨ। ਸਾਰੇ ਸਰੀਰ ਉੱਤੇ ਧੱਫੜ ਹੋ ਗਏ ਹੋਣ। ਰਗ਼ਪਿੱਤੀ ਨਿਕਲ ਆਈ ਹੋਵੇ, ਜਿਵੇਂ...!
Kadun
No more s***. All posts of this qulitay from now on