-1-
ਟੋਕੇ ਦੀ ਪੰਡ ਨੂੰ ਹਰਕੜੇ ਸਾਈਕਲ ਉੱਪਰ ਸੰਭਾਲੀ ਆਉਂਦਾ ਜੈਬਾ ਅੱਜ ਪੂਰਾ ਬਾਗ਼ੋ-ਬਾਗ਼ ਸੀ। ਜਿਵੇਂ ਸੱਠਾਂ ਦਾ ਨਾਂ ਹੋ ਕੇ ਉਹ ਮੁੜ ਮੁੰਡਾ-ਖੁੰਡਾ ਬਣ ਗਿਆ ਹੋਵੇ। ਮਿਰਜ਼ਾ ਛੋਹਣ ਨੂੰ ਚਿਤ ਮਚਲਿਆ। ਪਰ ਪੰਚਮ ਵਿੱਚ ਗਾਉਣ ਲਈ ਬਾਂਹ ਉੱਚੀ ਨਹੀਂ ਉੱਠੀ। ਅਜੇ ਵੀ ਉਹਦੇ ਧੁਰ ਅੰਦਰ ਡੂੰਘੀ ਉਦਾਸੀ ਚਸਕਦੀ ਸੀ। ਖੁੱਲਰ ਸਤੀ ਕੋਲੋਂ ਗੁਜ਼ਰਦਿਆਂ ਉਹ ਗੁਣਗੁਣਾਉਣ ਲੱਗਿਆ:
ਸੰਤਾਂ ਨੂੰ ਮੱਥਾ ਟੇਕ ਕੇ
ਇੱਛਰਾਂ ਦਿੱਤੀ ਸੀ ਅਰਜ਼ ਗੁਜ਼ਾਰ।
ਭਲੀ ਹੋਈ ਸਿੱਧ ਉਤਰੇ
ਬਾਗ਼ਾਂ ਦੇ ਵਿਚਕਾਰ।
ਇਹ ਬਾਗ਼ ਸੀ ਮੇਰੇ ਪੁੱਤਰ ਦਾ
ਲਗਦੀ ਸੀ ਗੁਲਜ਼ਾਰ।
ਏਥੇ ਬੂਟੇ ਸੀ ਰੰਗ-ਰੰਗ ਦੇ...
ਅਚਾਨਕ ਉਹਦਾ ਸਾਈਕਲ ਰੁਕ ਗਿਆ। ਤੁਰੇ ਜਾਂਦੇ ਨੇ ਆਪਣੀ ਭਾਰੀ ਪੰਡ ਨੂੰ ਆਪਣੀ ਵੱਖੀ ਦਾ ਸਹਾਰਾ ਦਿੱਤਾ ਅਤੇ ਪਿੱਛੇ ਦੇਖਿਆ। ਕੈਰਾਅਰ ਨੂੰ ਕੋਡਾ ਹੋ ਕੇ ਚਿੰਬੜਿਆ ਰੁਲਦਾ ਫਰੌਟੀਆ ਤਿੜ-ਤਿੜ ਕਰਕੇ ਹੱਸਿਆ ਅਤੇ ਦੂੱਬ ਟੰਗਣ ਲੀ ਜੈਬੇ ਵੱਲ ਉਲਰਿਆ, ‘‘ਪੋਤੇ ਝਾੜਾਂ ਨੂੰ ਕੋਈ ਨ੍ਹੀਂ ਲੱਗਦੇ, ਬਈ ਜਣਾ-ਖਣਾ ਜਾ ਕੇ ਲਾਹ ਲਿਆਊ।''
ਅਜੈਬ ਜਿਵੇਂ ਕਿਸੇ ਖੁਮਾਰੀ ਵਿੱਚੋਂ ਜਾਗਿਆ। ਬਾਬਾ ਉਹ ਨਵਾਂ ਨਹੀਂ ਸੀ ਬਣਿਆ। ਉਹਦਾ ਵੱਡਾ ਪੁੱਤਰ ਸੋਹਣਾ ਡਰਾਈਵਰ ਧੀਆਂ-ਪੁੱਤਾਂ ਵਾਲਾ ਸੀ। ਉਸਨੇ ਮੈਲ਼ੇ ਮੰਡਾਸੇ ਨੂੰ ਥਾਂ ਸਿਰ ਕੀਤਾ ਤਾਂ ਧੌਲੀਆਂ ਭਿੱਫ਼ਣਾਂ ਹੇਠੋਂ ਕਬਰੀਆਂ ਅੱਖਾਂ ਹੱਸੀਆਂ। ਉਸਦੇ ਬੁੱਲ੍ਹ ਫਰਕੇ ਪਰ ਫਰੌਟੀਏ ਦੀ ਹੀ ਤਿੱਖੀ ਚਿਲਕਵੀਂ ਆਵਾਜ਼ ਦੁਬਾਰਾ ਟੁਣਕੀ, ‘‘ਕੁਸ਼ ਦਾਨ ਪੁੰਨ ਵੀ ਕਰਿਆ ਕਰ ਦੇਵਤਿਆ! ਅਰ ਹੋਰ ਸੁਣ; ਐਹ ਚਾਦਰੇ ਦਾ ਖਹਿੜਾ ਛੱਡ ਦੇ ਹੁਣ। ਅਜੇ ਵੀ ਆਪਣੇ ਆਪ ਨੂੰ ਖੀਰਾ ਦੁੱਗਾ ਸਮਝੀ ਜਾਨੈਂ।''
ਫ਼ਰੌਟੀਆਂ ਇੱਕੋ ਸਾਹ ਬੋਲੀ ਜਾ ਰਿਹਾ ਸੀ। ਖੜ੍ਹੇ-ਖੜ੍ਹਾਏ ਜੈਬੇ ਦੀਆਂ ਝਿੱਕੀਆਂ ਅੱਖਾਂ ਅੱਗਿਓਂ ਉਹ ਦਿਹਾੜੇ ਵੀ ਇੱਕ ਝਲਕਾਰੇ ਵਾਂਗ ਲੰਘ ਗਏ, ਜਦੋਂ ਉਹ ਦੋਵੇਂ ਆੜੀ ਇਕੱਠੇ ਡੰਗਰ ਚਾਰਦੇ, ਜਦੋਂ ਉਨ੍ਹਾਂ ਦੋਹਾਂ ਨੇ ਇੱਕੋ ਸਮੇਂ ਹਲ਼ ਦਾ ਮੁੰਨਾ ਫੜਿਆ ਸੀ। ਜਦੋਂ ਨਵੇਂ ਉੱਠਦੇ ਗੱਭਰੂ ਜੈਬੇ ਨੂੰ ਮਹਿੰਦਰ ਸਿੰਘ ਮੋਹਤਬਰ ਨੇ ਕੋਲ ਬਿਠਾ ਕੇ ਸਮਝਾਇਆ, ‘‘ ਮੇਰੀ ਏਸ ਦਾੜ੍ਹੀ ਨੂੰ ਕਿਤੇ ਕੱਖਾਂ ਵਾਂਗੂੰ ਨਾ ਰੋਲ਼ ਦੇਵੀਂ ਪੁੱਤਰਾ। ਕਿਸੇ ਧੀ-ਭੈਣ ਨੂੰ ਮੰਦਾ-ਚੰਗਾ ਨਹੀਂ ਬੋਲਣਾ। ਅਰ ਨਾ ਹੀ ਸਲੰਘ ਦੇ ਸੁੱਤਾਂ ਵਰਗੀਆਂ ਨੰਗੀਆਂ ਲੱਤਾਂ ਲੈ ਕੇ ਪਿੰਡ ਵਿਚੀਂ ਲੰਘਣਾ...।''
Manga Basi
Kia baat hei. ji, very good start past pendoo life jaad kara dita, i will continue read ahead too.