ਸੋਸ਼ਲ ਮੀਡੀਆ ਤੇ ਗ਼ੈਰ ਜ਼ਰੂਰੀ ਵੀਡੀਓ : ਕਾਰਨ ਤੇ ਨਿਵਾਰਣ -ਡਾ. ਨਿਸ਼ਾਨ ਸਿੰਘ ਰਾਠੌਰ
Posted on:- 29-11-2019
ਸੋਸ਼ਲ ਮੀਡੀਆ ਦੀ ਆਮਦ ਨਾਲ ਕੌਮਾਂ ਦੇ ਬੋਧਿਕ ਪੱਧਰ ਦਾ ਸੱਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਹਰ ਰੋਜ਼ ਹਜ਼ਾਰਾਂ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਜਿਹਨਾਂ ਵਿਚੋਂ 99% ਵੀਡੀਓਜ਼ ਵਕਤ ਦੀ ਬਰਬਾਦੀ ਤੋਂ ਸਿਵਾਏ ਕੁਝ ਨਹੀਂ ਹੁੰਦੀਆਂ। ਇਹਨਾਂ ਵੀਡੀਓਜ਼ ਵਿਚ ਪੰਜਾਬੀਆਂ ਦੀ ਬੋਧਿਕ ਕੰਗਾਲੀ ਦੀ ਮੂੰਹ ਬੋਲਦੀ ਤਸਵੀਰ ਨੂੰ ਵੇਖਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ।
ਖ਼ੈਰ! ਇੱਥੇ ਇਹ ਗੱਲ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਇਕੱਲੇ ਪੰਜਾਬੀਆਂ ਵਿਚ ਹੀ ਸੋਸ਼ਲ ਮੀਡੀਆ ਉੱਪਰ ਗ਼ੈਰ ਜ਼ਰੂਰੀ (ਫ਼ਿਜੂਲ ਵੀਡੀਓਜ਼) ਦੇਖਣ ਵਾਲੀ ਬੀਮਾਰੀ ਨਹੀਂ ਚਮੜੀ ਹੋਈ ਬਲਕਿ ਹਰ ਤਬਕੇ ਵਿਚ ਇਹ ਬੀਮਾਰੀ ਵੱਡਾ ਅਤੇ ਖ਼ਤਰਨਾਕ ਰੂਪ ਅਖ਼ਤਿਆਰ ਕਰ ਚੁਕੀ ਹੈ। ਪਰ! ਇਸ ਲੇਖ ਵਿਚ ਕੇਵਲ ਪੰਜਾਬੀ ਸਮਾਜ ਨਾਲ ਸੰਬੰਧਤ ਹੀ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਸਮੁੱਚੀ ਭਾਰਤੀ ਮਾਨਸਿਕਤਾ ਬਾਰੇ ਗੱਲ ਕਰਦਿਆਂ ਇਹ ਲੇਖ ਵੱਡ ਆਕਾਰੀ ਹੋ ਜਾਵੇਗਾ। ਇਸ ਲਈ ਲੇਖ ਦੀ ਸੰਖੇਪਤਾ ਨੂੰ ਵੇਖਦਿਆਂ ਗੱਲ ਨੂੰ ਸੰਖੇਪ ਅਤੇ ਸੀਮਤ ਰੱਖਿਆ ਜਾਵੇਗਾ ਤਾਂ ਕਿ ਸਹੀ ਆਕਾਰ ਵਿਚ ਲੇਖ ਸਮਾਪਤ ਕੀਤਾ ਜਾ ਸਕੇ।
ਅੱਜ ਕੱਲ ਸੋਸ਼ਲ ਮੀਡੀਆ ਉੱਪਰ ਚੱਲ ਰਹੀਆਂ ਪੰਜਾਬੀ ਵੀਡੀਓਜ਼ ਵਿਚ ਪਤੀ- ਪਤਨੀ ਦੀਆਂ ਵੀਡੀਓ, ਸਕੂਲ- ਕਾਲਜਾਂ ਦੀਆਂ ਵੀਡੀਓ, ਖੇਤੀਬਾੜੀ ਦੀਆਂ ਵੀਡੀਓ, ਦਫ਼ਤਰਾਂ ਦੀਆਂ ਵੀਡੀਓ, ਲੜਾਈ- ਝਗੜੇ ਦੀਆਂ ਵੀਡੀਓ ਤੇ ਅਸ਼ਲੀਲ ਵੀਡੀਓ ਆਦਿਕ ਹਰ ਵਿਸ਼ੇ ਨਾਲ ਸੰਬੰਧਤ ਵੀਡੀਓ ਰੋਜ਼ ਵਾਇਰਲ ਹੋ ਰਹੀਆਂ ਹਨ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਹਨਾਂ ਵੀਡੀਓਜ਼ ਨੂੰ ਪ੍ਰਮੋਟ ਕੀਤਾ ਜਾਂਦਾ ਹੈ। ਚੰਗੇ ਪੜੇ- ਲਿਖੇ ਲੋਕ ਕੁਮੈਂਟ, ਲਾਈਕ ਤੇ ਸ਼ੇਅਰ ਕਰਦੇ ਵੇਖੇ ਜਾ ਸਕਦੇ ਹਨ। ਇਹਨਾਂ ਵੀਡੀਓਜ਼ ਵਿਚ ਕਦੇ ਲੜਾਈ- ਝਗੜੇ ਨੂੰ ਕੌਮਾਂ ਦੀ ਅਣਖ਼ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਕਦੇ ਬਹਾਦਰੀ ਨਾਲ। ਕਦੇ ਮਾਨਸਿਕ ਰੂਪ ਵਿਚ ਕਮਜ਼ੋਰ ਵਿਅਕਤੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਕਦੇ ਬੇਸੁਰੇ ਬੰਦਿਆਂ ਨੂੰ ਗੀਤ ਗਾਉਂਦਿਆਂ। ਕਦੇ ਅਸ਼ਲੀਲ ਗੱਲਬਾਤ ਨੂੰ ਦੋਹਰੇ ਅਰਥਾਂ ਵਿਚ ਬੋਲਿਆ ਜਾਂਦਾ ਹੈ ਅਤੇ ਕਦੇ ਔਰਤਾਂ ਪ੍ਰਤੀ ਗੰਦੇ ਮਜ਼ਾਕ ਕੀਤੇ ਜਾਂਦੇ ਹਨ।ਬੇਸ਼ਰਮੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਬੀਬੀਆਂ ਵੀ ਅਸ਼ਲੀਲ ਗੱਲਬਾਤ, ਨਾਚ, ਕਪੜੇ ਅਤੇ ਲੜਾਈ ਨੂੰ ਵੀਡੀਓਜ਼ ਰਾਹੀਂ ਸੋਸ਼ਲ- ਮੀਡੀਆ ਉੱਪਰ ਪਾਉਂਦੀਆਂ ਹਨ/ ਪ੍ਰਮੌਟ ਕਰਦੀਆਂ ਹਨ। ਇਹਨਾਂ ਵੀਡੀਓਜ਼ ਦਾ ਮੂਲ ਮਕਸਦ ਮਸ਼ਹੂਰੀ ਪ੍ਰਾਪਤ ਕਰਨਾ ਹੁੰਦਾ ਹੈ। ਇਹ ਲੋਕ ਆਪਣੇ ਆਪ ਨੂੰ 'ਸਟਾਰ' ਬਣਾਉਣਾ ਚਾਹੁੰਦੇ ਹਨ/ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਹਨ। ਇਸੇ ਲਈ ਨਿੱਤ- ਦਿਹਾੜੀ ਹਜ਼ਾਰਾਂ ਵੀਡੀਓਜ਼ ਸੋਸ਼ਲ- ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ।ਸਾਇਬਰ ਮਾਹਿਰਾਂ ਅਨੁਸਾਰ ਇਹ ਸਭ ਕੁਝ ਜਾਣਬੁਝ ਕੇ ਕੀਤਾ ਜਾਂਦਾ ਹੈ। ਅਸਲ ਵਿਚ ਭਾਰਤੀ ਅਤੇ ਪੰਜਾਬੀ ਲੋਕਾਂ ਦੀ ਮਨੋਬਿਰਤੀ ਹਰ ਥਾਂ ਉੱਪਰ ਨਕਾਰਤਮਕਤਾ ਨੂੰ ਭਾਲਦੀ ਹੈ। ਜਦੋਂ ਅਜਿਹੀਆਂ ਵੀਡੀਓਜ਼ ਅਪਲੋਡ ਹੁੰਦੀਆਂ ਹਨ ਤਾਂ ਲੋਕ ਆਪਣਾ ਮਨੋਰੰਜਨ ਕਰਨ ਹਿੱਤ ਅਜਿਹੀਆਂ ਵੀਡੀਓਜ਼ ਨੂੰ ਵੇਖਦੇ ਹਨ। ਜਦੋਂ ਵੀਡੀਓ ਨੂੰ ਬਹੁਤ ਲੋਕ ਵੱਡੀ ਗਿਣਤੀ ਵਿਚ ਵੇਖਦੇ ਹਨ/ ਲਾਈਕ ਕਰਦੇ ਹਨ/ ਸ਼ੇਅਰ ਕਰਦੇ ਹਨ ਤਾਂ ਵੀਡੀਓ ਬਣਾਉਣ ਵਾਲੇ ਲੋਕ ਆਪਣੇ ਅਸਲ ਮਕਸਦ ਵਿਚ ਕਾਮਯਾਬ ਹੋ ਜਾਂਦੇ ਹਨ ਕਿਉਂਕਿ ਉਹਨਾਂ ਕਾਮਯਾਬੀ ਲਈ ਹੀ ਅਜਿਹੀ ਵੀਡੀਓ ਬਣਾਈ ਹੁੰਦੀ ਹੈ। ਇਹਨਾਂ ਲੋਕਾਂ ਦੀ ਕਾਮਯਾਬੀ ਕਰਕੇ ਹੋਰ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਅਤੇ ਉਹ ਵੀ ਅਜਿਹੀਆਂ ਫ਼ਿਜ਼ੂਲ ਵੀਡੀਓਜ਼ ਬਣਾ ਕੇ ਸੋਸ਼ਲ- ਮੀਡੀਆ ਉੱਪਰ ਪਾਉਣ ਲੱਗਦੇ ਹਨ। ਇਸ ਕਰਕੇ ਅੱਜ 99% ਵੀਡੀਓਜ਼ ਫ਼ਿਜ਼ੂਲ ਹੁੰਦੀਆਂ ਹਨ/ ਵਕਤ ਦੀ ਬਰਬਾਦੀ ਹੁੰਦੀਆਂ ਹਨ। ਪਰ! ਅਸੀਂ ਅਣਜਾਣਪੁਣੇ ਵਿਚ ਅਜਿਹੀਆਂ ਵੀਡੀਓਜ਼ ਨੂੰ ਸਫ਼ਲ ਕਰ ਦਿੰਦੇ ਹਾਂ।ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਵੀ ਹੈ ਕਿ ਅੱਜਕਲ੍ਹ ਸੋਸ਼ਲ- ਮੀਡੀਆ ਉੱਪਰ ਫ਼ਿਜ਼ੂਲ ਦੇ 'ਪੇਜ਼' ਧੜਾਧੜ ਬਣ ਰਹੇ ਹਨ। ਇਹਨਾਂ 'ਪੇਜ਼ਾਂ' ਨੂੰ ਲੱਖਾਂ ਲੋਕ ਫੋਲੋ ਕਰਦੇ ਹਨ। ਟੀ. ਵੀ. ਦੇਖਣ ਦਾ ਰੁਝਾਨ ਘੱਟਦਾ ਜਾ ਰਿਹਾ ਹੈ ਅਤੇ ਲੋਕ ਮੋਬਾਈਲ ਫੋਨ ਉੱਪਰ ਹੀ ਸਾਰੀਆਂ ਖ਼ਬਰਾਂ ਪ੍ਰਾਪਤ ਕਰਨਾ ਚਾਹੁੰਦੇ ਹਨ। ਸ਼ਾਇਦ! ਇਸੇ ਕਰਕੇ ਹੀ ਵੈਬ ਟੀ. ਵੀ. ਦਾ ਰੁਝਾਨ ਆਪਣੇ ਸਿਖ਼ਰਾਂ ਉੱਪਰ ਹੈ। ਹਰ ਤੀਜੇ ਦਿਨ ਨਵਾਂ ਚੈਨਲ ਸੋਸ਼ਲ- ਮੀਡੀਆ ਉੱਪਰ ਪੈਦਾ ਹੋ ਰਿਹਾ ਹੈ। ਇਹ ਚੈਨਲ ਹਰ ਹੀਲੇ ਲੋਕਾਂ ਨੂੰ ਆਪਣੇ ਨਾਲ ਜੋੜਣਾ ਚਾਹੁੰਦਾ ਹੈ। ਇਸੇ ਕਰਕੇ ਹਰ ਤਰ੍ਹਾਂ ਦੀ ਵੀਡੀਓ ਨੂੰ ਬਿਨਾਂ ਸੋਚੇ- ਵਿਚਾਰੇ ਦਰਸ਼ਕਾਂ ਸਾਹਮਣੇ ਪਰੋਸ ਦਿੰਦਾ ਹੈ।ਆਈ. ਟੀ. ਦੇ ਜਾਣਕਾਰ ਲੋਕ 'ਵੈਬ ਪੇਜ਼' ਬਣਾ ਕੇ ਲੱਖਾਂ ਰੁਪਏ ਦਾ ਵਪਾਰ ਕਰ ਰਹੇ ਹਨ। ਪਰ! ਆਮ ਲੋਕ ਇਹਨਾਂ 'ਪੇਜ਼ਾਂ' ਦੇ ਚੱਕਰ ਵਿਚ ਗਲਤ ਜਾਣਕਾਰੀ ਹਾਸਲ ਕਰ ਰਹੇ ਹਨ। ਇਹਨਾਂ ਗਲਤ ਜਾਣਕਾਰੀਆਂ ਕਰਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਕਦੇ- ਕਦੇ ਤਾਂ ਸਮਾਜ ਵਿਚ ਤਨਾਓ ਦਾ ਮਾਹੌਲ ਵੀ ਬਣ ਜਾਂਦਾ ਹੈ। ਇਹਨਾਂ ਦਾ ਮੂਲ ਕਾਰਣ ਆਪੂ ਬਣੇ ਚੈਨਲਾਂ ਦੀਆਂ ਬੇਤੁਕੀਆਂ ਖ਼ਬਰਾਂ ਹੁੰਦੀਆਂ ਹਨ। ਇਹਨਾਂ ਚੈਨਲਾਂ ਦਾ ਮੂਲ ਮਕਸਦ ਆਪਣੀ ਮਸ਼ਹੁਰੀ ਕਰਨਾ ਹੁੰਦਾ ਹੈ / ਪੈਸਾ ਕਾਮਉਣਾ ਹੁੰਦਾ ਹੈ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਪਹੁੰਚ ਬਣਾਉਣਾ ਹੁੰਦਾ ਹੈ।ਖ਼ੈਰ! ਇੱਥੇ ਕੁਝ ਅਹਿਮ ਨੁਕਤੇ ਦਿੱਤੇ ਜਾ ਰਹੇ ਹਨ ਜਿਸ ਨਾਲ ਅਜਿਹੇ ਲੋਕਾਂ ਨੂੰ ਠੱਲ ਪਾਈ ਜਾ ਸਕਦੀ ਹੈ। ਇਹਨਾਂ ਨੁਤਕਿਆਂ ਤੇ ਚੱਲ ਕੇ ਅਜਿਹੇ ਲੋਕਾਂ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ ਜਿਹੜੇ ਨਕਾਰਤਮਕਤਾ ਭਰਪੂਰ ਵੀਡੀਓਜ਼ ਰਾਹੀਂ ਮਕਬੂਲ ਹੋਣਾ ਚਾਹੁੰਦੇ ਹਨ/ ਸੋਸ਼ਲ- ਮੀਡੀਆ ਉੱਪਰ ਸਫ਼ਲ ਹੋਣਾ ਚਾਹੁੰਦੇ ਹਨ ਅਤੇ ਪੈਸਾ ਕਮਾਉਣਾ ਚਾਹੁੰਦੇ ਹਨ।ਸਭ ਤੋਂ ਪਹਿਲਾਂ ਤਾਂ ਵਾਧੂ ਦੀਆਂ ਵੀਡੀਓਜ਼ ਨੂੰ ਵੇਖਣਾ ਬੰਦ ਕਰਨਾ ਚਾਹੀਦਾ ਹੈ। ਜਿਸ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੈ ਉਸ ਜ਼ਰੂਰਤ ਦੇ ਮੁਤਾਬਕ ਵੀਡੀਓ ਦੀ ਭਾਲ (ਸਰਚ) ਕੀਤੀ ਜਾ ਸਕਦੀ ਹੈ। ਵਾਧੂ ਦੀਆਂ ਵੀਡੀਓਜ਼ ਨੂੰ ਬਿਨਾਂ ਵੇਖੇ ਹੀ ਛੱਡ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗ਼ੈਰ ਜ਼ਰੂਰੀ ਚੈਨਲਾਂ ਨੂੰ ਸਬਸਕਰਾਈਬ ਨਹੀਂ ਕਰਨਾ ਚਾਹੀਦਾ/ ਫ਼ੋਲੋ ਨਹੀਂ ਕਰਨਾ ਚਾਹੀਦਾ ਕਿਉਂਕਿ ਇਕ ਵਾਰ ਵੀਡੀਓ ਵੇਖਣ ਤੋਂ ਬਾਅਦ ਉਸ ਚੈਨਲ ਦੀ ਹਰ ਵੀਡੀਓ ਤੁਹਾਡੇ ਅਕਾਉਂਟ ਤੇ ਦਿਖਾਈ ਦੇਵੇਗੀ।ਹਰ ਵੀਡੀਓ ਉੱਪਰ ਕੁਮੈਂਟ ਨਹੀਂ ਕਰਨਾ ਚਾਹੀਦਾ। ਹਾਂ, ਜੇਕਰ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਸਾਰਥਕ ਵੀਡੀਓ ਉੱਪਰ ਵਿਚਾਰ ਜ਼ਰੂਰ ਸਾਂਝੇ ਕਰੋ। ਪਰ! ਐਵੇਂ ਹਰ ਨਕਾਰਤਮਕ ਵੀਡੀਓ ਉੱਪਰ ਕੁਮੈਂਟ ਕਰਨਾ ਫ਼ਿਜ਼ੂਲ ਵੀਡੀਓ ਨੂੰ ਪ੍ਰਮੋਟ ਕਰਨ ਵਾਲਾ ਕੰਮ ਹੋ ਨਿਬੜਦਾ ਹੈ। ਇਸ ਨਾਲ ਇੱਕ ਨੁਕਸਾਨ ਇਹ ਵੀ ਹੁੰਦਾ ਹੈ ਕਿ ਉਹ ਵੀਡੀਓ ਤੁਹਾਡੇ ਦੋਸਤਾਂ- ਮਿੱਤਰਾਂ ਨੂੰ ਵੀ ਦਿਖਾਈ ਦੇਣ ਲੱਗਦੀ ਹੈ ਅਤੇ ਉਹਨਾਂ ਦੇ ਵੇਖਣ ਨਾਲ ਵੀਡੀਓ ਪਰਮੋਟ ਹੁੰਦੀ ਜਾਂਦੀ ਹੈ/ ਸਫ਼ਲ ਹੁੰਦੀ ਜਾਂਦੀ ਹੈ। ਇਹ ਲੜੀ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਤੁਰਦੀ ਜਾਂਦੀ ਹੈ ਅਤੇ ਵੀਡੀਓ ਬਣਾਉਣ ਵਾਲਾ ਆਪਣੇ ਮਕਸਦ ਵਿਚ ਸਫ਼ਲ ਹੋ ਜਾਂਦਾ ਹੈ। ਦੂਜੀ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਸੋਸ਼ਲ- ਮੀਡੀਆ ਤੇ ਵਾਧੂ ਦੇ ਚੈਨਲਾਂ ਨੂੰ ਸਬਸਕਰਾਈਬ ਨਾ ਕਰੋ ਕਿਉਂਕਿ ਇਹਨਾਂ ਦੀਆਂ ਫ਼ਿਜ਼ੂਲ ਜਾਣਕਾਰੀਆਂ ਸਮਾਜ ਲਈ ਘਾਤਕ ਸਿੱਧ ਹੁੰਦੀਆਂ ਹਨ।ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ- ਚਰਚਾ ਅਨੁਸਾਰ ਅਸੀਂ ਬੇਲੋੜੀਆਂ ਵੀਡੀਓਜ਼ ਤੋਂ ਬਚ ਸਕਦੇ ਹਾਂ ਅਤੇ ਅਜਿਹੀਆਂ ਵੀਡੀਓਜ਼ ਦੇ ਅਸਲ ਮਕਸਦ ਨੂੰ ਠੱਲ ਪਾ ਸਕਦੇ ਹਾਂ ਤਾਂ ਕਿ ਭਵਿੱਖ ਵਿਚ ਅਜਿਹੀਆਂ ਗ਼ੈਰ ਜ਼ਰੂਰੀ ਵੀਡੀਓਜ਼ ਦੀ ਗਿਣਤੀ ਵਿਚ ਗਿਰਾਵਟ ਆ ਸਕੇ। ਪਰ! ਇਹ ਹੁੰਦਾ ਕਦੋਂ ਹੈ?, ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।ਸੰਪਰਕ: +91 75892 33437
ਰਾਜਪਾਲ ਸਿੰਘ
ਅੱਛਾ ਆਰਟੀਕਲ ਹੈ. ਸ਼ੋਸ਼ਲ ਮੀਡੀਆ ਤੋਂ ਸਹੀ ਜਾਣਕਾਰੀ ਕਿਵੇਂ ਹਾਸਲ ਕੀਤੀ ਜਾਵੇ ਇਸ ਨੂੰ ਪ੍ਰਤੀਕਿਰਿਆ ਕਿਵੇਂ ਦਿੱਤੀ ਜਾਵੇ ਇਨ੍ਹਾਂ ਗੱਲਾਂ ਬਾਰੇ ਸਹੀ ਸਮਝ ਹੋਣੀ ਬਹੁਤ ਜ਼ਰੂਰੀ ਹੈ