ਜਦੋਂ ਵਟਸਐਪ ਦੇ ਮੈਸੇਜ ਨੇ ਪਾਈਆਂ ਭਾਜੜਾਂ - ਬਿੱਟੂ ਜਖੇਪਲ
Posted on:- 30-01-2015
ਅਜੋਕੀ ਨੌਜਵਾਨ ਪੀੜ੍ਹੀ ’ਚ ਹਰ ਐਕਟਿਵ ਇਨਸਾਨ ਇਹੀ ਚਾਹੁੰਦਾ ਹੈ ਕਿ ਉਸ ਕੋਲ ਐਂਡਰਾਇਡ ਫੋਨ ਹੋਵੇ ਤੇ ਨੈੱਟ ਚੱਲਦਾ ਹੋਵੇ। ਅੱਜ ਇੰਟਰਨੈੱਟ ਦੀ ਵਰਤੋਂ ਕਰਨ ਲਈ ਨੌਜਵਾਨਾਂ ’ਚ ਹੋੜ ਮੱਚੀ ਹੋਈ ਹੈ। ਹਰ ਕੋਈ ਫੋਨ ’ਤੇ ਨਜ਼ਰਾਂ ਟਿਕਾਈ ਰੱਖਦਾ ਹੈ ਕਿ ਕਿੱਧਰੋਂ ਕੁਝ ਆਵੇ ਤੇ ਉਹ ਨਾਲ ਦੀ ਨਾਲ ਜਵਾਬ ਦੇਣ । ਗੱਲ ਕਰਨ ਲੱਗੇ ਹਾਂ ਵਟਸਐਪ ਦੀ।
ਵਟਸਐਪ ਸਾਡੀ ਸਹੂਲਤ ਲਈ ਸ਼ੁਰੂ ਕੀਤੀ ਗਈ ਇੱਕ ਅਜਿਹੀ ਸਹੂਲਤ ਹੈ , ਜਿਸ ਰਾਹੀਂ ਸਾਡੇ ਬਹੁਤ ਸਾਰੇ ਜ਼ਰੂਰੀ ਸੁਨੇਹੇ ਆਸਾਨੀ ਨਾਲ ਇੱਕ-ਦੂਜੇ ਨੂੰ ਭੇਜੇ ਜਾ ਸਕਦੇ ਹਨ ਤੇ ਕੋਈ ਬਹੁਤਾ ਖ਼ਰਚਾ ਵੀ ਨਹੀਂ ਆਉਦਾ ਪਰ ਕੁਝ ਸ਼ਰਾਰਤੀ ਅਨਸਰ ਤੇ ਸੌੜੀ ਸੋਚ ਵਾਲੇ ਲੋਕ ਇਸ ਸਹੂਲਤ ਦੀ ਦੁਰਵਰਤੋਂ ਕਰ ਰਹੇ ਹਨ । ਜਦੋਂ ਕਿਸੇ ਨੂੰ ਵਟਸਐਪ ’ਤੇ ਕੋਈ ਮੈਸੇਜ ਆਉਂਦਾ ਹੈ ਤਾਂ ਉਹ ਉਸ ਨੂੰ ਅੱਗੇ ਦੀ ਅੱਗੇ ਭੇਜ ਦਿੰਦੇ ਹਨ। ਇਹ ਬਹੁਤ ਵਧੀਆ ਤਰੀਕਾ ਹੈ ਕਿਸੇ ਨੂੰ ਚੰਗੀ ਸਿੱਖਿਆ ਦੇਣ ਦਾ ਪਰ ਪਿਛਲੇ ਦਿਨੀਂ ਕਿਸੇ ਸ਼ਰਾਰਤੀ ਅਨਸਰ ਨੇ ਵਟਸਐਪ ’ਤੇ ਇੱਕ ਮੈਸੇਜ ਕੀਤਾ ਕਿ ਇੱਕ ਸਕੂਲੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ , ਜਿਸ ’ਚ 19 ਬੱਚੇ ਗੰਭੀਰ ਜ਼ਖ਼ਮੀ ਹੋ ਗਏ ਹਨ ਤੇ ਉਨ੍ਹਾਂ ਨੂੰ ਐਮਰਜੈਂਸੀ ਖੂਨ ਦੀ ਲੋੜ ਹੈ , ਜਲਦੀ ਹਸਪਤਾਲ ਪਹੁੰਚੋ ।
ਇਹ ਮੈਸੇਜ ਪੜ੍ਹ ਕੇ ਕੁਝ ਇਨਸਾਨੀਅਤ ਦੀ ਕਦਰ ਕਰਨ ਵਾਲੇ ਲੋਕਾਂ ਦੇ ਦਿਲ ਵਲੂੰਧਰੇ ਗਏ ਤੇ ਆਪੋ-ਆਪਣੇ ਗਰੁੱਪਾਂ ’ਚ ਮੈਸੇਜ ਕਰਦੇ ਗਏ । ਇਹ ਮੈਸੇਜ ਕੁਝ ਸਮੇਂ ’ਚ ਹਜ਼ਾਰਾਂ ਲੋਕਾਂ ਕੋਲ ਪਹੁੰਚ ਗਿਆ। ਮਾਸੂਮ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਲੋਕ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ । ਹਸਪਤਾਲ ਜਾ ਕੇ ਡਾਕਟਰਾਂ ਤੋਂ ਪੁੱਛਣ ’ਤੇ ਪਤਾ ਲੱਗਿਆ ਕਿ ਅਜਿਹੀ ਕੋਈ ਵੀ ਘਟਨਾ ਵਾਪਰੀ ਹੀ ਨਹੀਂ , ਉਂਝ ਹੀ ਕਿਸੇ ਨੇ ਮਜ਼ਾਕ ਕੀਤਾ ਹੋਣੈ। ਇਹ ਇੱਕ ਕੋਝਾ ਤੇ ਦਿਲ ਕੰਬਾਊ ਮਜ਼ਾਕ ਸੀ।
ਅਜਿਹੇ ਮੈਸੇਜ ਪੜ੍ਹ-ਸੁਣ ਕੇ ਕੁਝ ਲੋਕ ਬਹੁਤ ਸੀਰੀਅਸ ਹੋ ਜਾਂਦੇ ਹਨ ਕਿ ਖੌਰੇ ਕਿਸੇ ਦੀ ਰਿਸ਼ਤੇਦਾਰੀ ’ਚੋਂ ਕਿਸੇ ਦਾ ਬੱਚਾ ਉਸ ਬੱਸ ’ਚ ਹੋਵੇ । ਮੈਸੇਜ ਕਰਨ ਵਾਲੇ ਲਈ ਤਾਂ ਇਹ ਇੱਕ ਤਰ੍ਹਾਂ ਦਾ ਮਜ਼ਾਕ ਹੋਇਆ ਪਰ ਕਿਸੇ ਦੇ ਘਰੇ ਰੋਣਾ-ਪਿੱਟਣਾ ਪੈ ਜਾਂਦੈ। ਅਜਿਹਾ ਮੈਸੇਜ ਭੇਜਣ ਵਾਲਿਆਂ ਨਾਲ ਕਈ ਵਾਰੀ ਆਜੜੀ ਵਾਲੀ ਹੁੰਦੀ ਹੈ ਤੇ ਅੱਗੇ ਤੋਂ ਵੀ ਕੋਈ ਇਨ੍ਹਾਂ ’ਤੇ ਇਤਬਾਰ ਨਹੀਂ ਕਰਦਾ। ਇੰਟਰਨੈੱਟ ਬਣਿਆ ਤਾਂ ਚੰਗੇ ਵਾਸਤੇ ਹੈ , ਅਸੀਂ ਇਸ ਦੀ ਸੁਚੱਜੀ ਵਰਤੋਂ ਕਰੀਏ, ਨਾ ਕਿ ਕਿਸੇ ਨਾਲ ਮਜ਼ਾਕ ਜਾਂ ਗਲਤ ਮੈਸੇਜ ਕਰੀਏ। ਵਟਸਐਪ ਦੀ ਵਰਤੋਂ ਕਰਨਾ ਗਲਤ ਨਹੀਂ ਹੈ। ਕਿਸੇ ਨੂੰ ਕੁਝ ਭੇਜਣ ਤੋਂ ਪਹਿਲਾਂ ਸੌ ਵਾਰ ਸੋਚ ਲਵੋ ਕਿਉਂਕਿ ਤੁਹਾਡੇ ਵੱਲੋਂ ਭੇਜਿਆ ਜਾਂਦਾ ਮੈਸੇਜ ਕੁਝ ਕੁ ਮਿੰਟਾਂ ’ਚ ਹਜ਼ਾਰਾਂ ਕੋਲ ਪਹੁੰਚ ਜਾਂਦਾ ਹੈ ।
ਅਜਿਹਾ ਹੀ ਇੱਕ ਹੋਰ ਘਟੀਆ ਮਜ਼ਾਕ ਮੇਰੇ ਇੱਕ ਦੋਸਤ ਨੇ ਵੀ ਕੀਤਾ ਸੀ । ਉਸ ਨੇ ਦੱਸਿਆ ਕਿ ਮੇਰਾ ਕੋਈ ਨਜ਼ਦੀਕੀ ਦੋਸਤ ਸਵਰਗਵਾਸ ਹੋ ਗਿਆ, ਸੋ ਭੋਗ ’ਤੇ ਆ ਜਾਣਾ , ਪਹਿਲਾਂ ਤਾਂ ਮੈਂ ਵੀ ਹੈਰਾਨ ਹੋ ਗਿਆ ਕਿ ਅਜਿਹਾ ਕਿਵੇਂ ਹੋ ਗਿਆ। ਅਜੇ ਕੱਲ੍ਹ ਹੀ ਤਾਂ ਮੈਂ ਉਸ ਨਾਲ ਗੱਲ ਕੀਤੀ ਹੈ ।
ਬੜੀ ਟੈਂਸ਼ਨ ਤੇ ਦੁੱਖ ਹੋਇਆ। ਭੰਬਲਭੂਸੇ ’ਚ ਪਏ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕੀਤਾ ਜਾਵੇ , ਕੀ ਨਾ ? ਆਖਿਰ ਜਾਣਾ ਤਾਂ ਸਭ ਨੇ ਹੈ ,ਇਹ ਸੋਚ ਕੇ ਉਸ ਮੈਸੇਜ ’ਤੇ ਯਕੀਨ ਹੋਣ ਲੱਗਿਆ । ਕਿਸੇ ਦੋਸਤ ਤੋਂ ਉਸ ਬਾਰੇ ਪਤਾ ਕਰਨ ਦਾ ਸੋਚਿਆ ।ਕਈ ਦੋਸਤਾਂ ਤੋਂ ਪਤਾ ਕਰਨ ’ਤੇ ਪਤਾ ਲੱਗਿਆ ਕਿ ਇਹ ਗੱਲ ਝੂਠੀ ਸੀ, ਦੋਸਤ ਨੇ ਮੇਰੇ ਨਾਲ ਮਜ਼ਾਕ ਕੀਤਾ ਸੀ। ਉਸ ਲਈ ਤਾਂ ਇਹ ਮਜ਼ਾਕ ਸੀ ਪਰ ਉਸ ਦੇ ਇਸ ਮਜ਼ਾਕ ਕਾਰਨ ਮੈਨੂੰ ਭਾਵਨਾਤਮਿਕ ਤੌਰ ’ਤੇ ਬੜੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤੁਹਾਡੇ ਵੱਲੋਂ ਕੀਤਾ ਗਿਆ ਗਲਤ ਮੈਸੇਜ ਕਈ ਵਾਰ ਪਰਿਵਾਰਾਂ ’ਚ ਦਰਾੜਾਂ ਪਾ ਸਕਦੈ, ਆਪਸੀ ਰਿਸ਼ਤੇ ਵੀ ਤੁੜਵਾ ਸਕਦੈ । ਵਟਸਐਪ ਸਾਡੀ ਸਹੂਲਤ ਲਈ ਹੈ, ਬਸ ਲੋੜ ਹੈ ਤਾਂ ਸਿਰਫ ਇਸ ਦੀ ਸਹੀ ਵਰਤੋਂ ਕਰਨ ਦੀ।
ਸੰਪਰਕ: +91 85699 11132
balkar singh
sachi gall likhi a y g